ਇੰਦੌਰ ਟੈਸਟ ਤੋਂ ਪਹਿਲਾਂ ਟ੍ਰੈਵਿਸ ਹੈੱਡ ਨੇ ਕੀਤਾ ਦਾਅਵਾ- ਦੂਜੇ ਮੈਚ ਵਾਂਗ ਹਮਲਾਵਰ ਬੱਲੇਬਾਜ਼ੀ ਕਰਾਂਗਾ
Sunday, Feb 26, 2023 - 04:35 PM (IST)
ਨਵੀਂ ਦਿੱਲੀ– ਆਸਟਰੇਲੀਆ ਦੇ ਖੱਬੇ ਹੱਥ ਦੇ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 1 ਮਾਰਚ ਤੋਂ ਇੰਦੌਰ ਵਿਚ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਵਿਚ ਭਾਰਤੀ ਸਪਿਨਰਾਂ ਵਿਰੁੱਧ ਹਮਲਾਵਰ ਰਵੱਈਆ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਆਸਟਰੇਲੀਆ ਨੂੰ ਦੂਜੇ ਟੈਸਟ ਵਿਚ ਤਿੰਨ ਦਿਨ ਦੇ ਅੰਦਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਟੀਮ ਐਤਵਾਰ ਨੂੰ ਮੈਚ ਖਤਮ ਹੋਣ ਤੋਂ ਬਾਅਦ ਇੱਥੇ ਹੀ ਰੁਕੀ ਰਹੀ।
ਕੂਹਣੀ ਵਿਚ ਫ੍ਰੈਕਚਰ ਕਾਰਨ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਆਸਟਰੇਲੀਆ ਪਰਤ ਗਿਆ ਹੈ, ਅਜਿਹੇ ਵਿਚ 1 ਮਾਰਚ ਤੋਂ ਇੰਦੌਰ ਵਿਚ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਵਿਚ ਉਸਮਾਨ ਖਵਾਜ਼ਾ ਦੇ ਨਾਲ ਹੈੱਡ ਪਾਰੀ ਦਾ ਆਗਾਜ਼ ਕਰੇਗਾ। ਉਹ ਨਾਗਪੁਰ ਵਿਚ ਖੇਡੇ ਗਏ ਲੜੀ ਦੇ ਪਹਿਲੇ ਟੈਸਟ ਵਿਚ ਟੀਮ ਦਾ ਹਿੱਸਾ ਨਹੀਂ ਸੀ। ਨਾਗਪੁਰ ਵਿਚ ਆਖਰੀ-11 ਵਿਚ ਜਗ੍ਹਾ ਨਾ ਮਿਲਣ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਹੈੱਡ ਨੇ ਕਿਹਾ, ‘‘ਇਹ ਕੁਝ ਅਜਿਹਾ ਸੀ, ਜਿਸ ਦੀ ਇੱਥੇ ਆਉਣ ਤੋਂ ਬਾਅਦ ਮੈਨੂੰ ਉਮੀਦ ਨਹੀਂ ਸੀ।’’
ਉਸ ਨੇ ਕਿਹਾ, ‘‘ਇਸ ਨੂੰ ਲੈ ਕੇ ਕਾਫੀ ਚਰਚਾ ਹੋਈ। ਇਸ ’ਤੇ ਸਾਰਿਆਂ ਦੇ ਵੱਖ-ਵੱਖ ਵਿਚਾਰ ਹਨ। ਮੈਂ ਕੋਚਿੰਗ ਸਟਾਫ ਤੇ ਚੋਣਕਾਰਾਂ ਦਾ ਸਨਮਾਨ ਕਰਦਾ ਹਾਂ। ਮੇਰਾ ਉਨ੍ਹਾਂ ਨਾਲ ਕਾਫੀ ਮਜ਼ਬੂਤ ਰਿਸ਼ਤਾ ਹੈ।’’ ਉਸ ਨੇ ਕਿਹਾ, ‘‘ਮੈਚ ਸ਼ੁਰੂ ਹੋਣ ਦੇ ਅਗਲੇ ਦਿਨ ਮੈਂ ਖੁਦ ਨੂੰ ਕਿਹਾ ਕਿ ਮੈਂ ਹੁਣ ਵੀ ਦੌਰੇ ’ਤੇ ਹਾਂ ਤੇ ਆਸਟਰੇਲੀਆ ਲਈ ਖੇਡ ਰਿਹਾ ਹਾਂ। ਮੈਂ ਅਜੇ ਵੀ ਉਹ ਹੀ ਕਰ ਰਿਹਾ ਹਾਂ ਜਿਹੜਾ ਮੈਨੂੰ ਪਸੰਦ ਹੈ।
ਇਹ ਵੀ ਪੜ੍ਹੋ : WT20 World Cup : 9 ਖਿਡਾਰਨਾਂ ਪਲੇਅਰ ਆਫ ਦਿ ਟੂਰਨਾਮੈਂਟ ਲਈ ਸ਼ਾਰਟਲਿਸਟ, ਇਕ ਭਾਰਤੀ ਵੀ ਹੈ ਸ਼ਾਮਲ
ਮੈਂ ਮੁਕਾਬਲੇਬਾਜ਼ੀ ਕਰਨਾ ਤੇ ਖੇਡਣਾ ਪਸੰਦ ਕਰਦਾ ਹਾਂ ਪਰ ਇਕ ਹੋਰ ਤਰੀਕਾ ਹੈ ਜਿਸ ਤੋਂ ਮੈਂ ਖਿਡਾਰੀਆਂ ਦਾ ਸਮਰਥਨ ਕਰ ਸਕਦਾ ਹਾਂ ਤੇ ਆਪਣੇ ਮੌਕੇ ਦੀ ਬਿਹਤਰ ਤਿਆਰੀ ਕਰ ਸਕਦਾ ਹਾਂ। ਮੈਨੂੰ ਅਜੇ ਵੀ ਲੱਗਦਾ ਹੈ ਕਿ ਮੈਂ ਇਕ ਬਿਹਤਰੀਨ ਜਗ੍ਹਾ ’ਤੇ ਹਾਂ। ਇਹ ਸਿਰਫ ਇਕ ਹਫਤਾ ਸੀ ਜਿਹੜਾ ਮੇਰੇ ਮੁਤਾਬਕ ਨਹੀਂ ਰਿਹਾ।’’ ਟੈਸਟ ਮੈਚ ਵਿਚ ਪਹਿਲੀ ਵਾਰ ਪਾਰੀ ਦਾ ਆਗਾਜ਼ ਕਰਦੇ ਹੋਏ ਹੈੱਡ ਨੇ ਹਮਲਾਵਰ ਬੱਲੇਬਾਜ਼ੀ ਕੀਤੀ ਤੇ ਮੈਚ ਦੇ ਦੂਜੇ ਦਿਨ ਭਾਰਤੀ ਸਪਿਨਰਾਂ ਨੂੰ ਦਬਾਅ ਵਿਚ ਲਿਆ ਦਿੱਤਾ।
ਤੀਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਹੀ ਗੇਂਦ ’ਤੇ ਉਸਦੇ ਆਊਟ ਹੋਣ ਤੋਂ ਬਾਅਦ ਭਾਰਤ ਨੇ ਮੈਚ ’ਤੇ ਸ਼ਿਕੰਜਾ ਕੱਸ ਦਿੱਤਾ। ਆਸਟਰੇਲੀਆ ਨੇ 52 ਦੌੜਾਂ ਦੇ ਅੰਦਰ 9 ਵਿਕਟਾਂ ਗੁਆ ਦਿੱਤੀਆਂ ।ਹੈੱਡ ਨੇ ਕਿਹਾ ਕਿ ਕੋਟਲਾ ਵਿਚ ਦੂਜੀ ਪਾਰੀ ਵਿਚ 43 ਦੌੜਾਂ ਬਣਾ ਕੇ ਉਸਦਾ ਕਾਫੀ ਆਤਮਵਿਸ਼ਵਾਸ ਵਧਿਆ ਹੈ।
ਉਸ ਨੇ ਕਿਹਾ, ‘‘ਉਹ ਬੇਹੱਦ ਕਲਾਕਾਰ ਗੇਂਦਬਾਜ਼ ਹਨ ਪਰ ਜਿਸ ਤਰ੍ਹਾਂ ਨਾਲ ਮੈਂ ਕਦਮਾਂ ਦਾ ਇਸਤੇਮਾਲ ਕਰਕੇ ਅੱਗੇ ਤੇ ਪਿੱਛੇ ਜਾ ਰਿਹਾ ਸੀ, ਉਸ ਤੋਂ ਮੈਂ ਅਸਲ ਵਿਚ ਖੁਸ਼ ਸੀ। ਇਹ ਇਕ ਛੋਟੀ ਜਿਹੀ ਝਲਕ ਸੀ ਪਰ ਕਈ ਵਾਰ ਛੋਟੇ ਨਮੂਨੇ ਕਾਫੀ ਹੌਸਲਾ ਵਧਾਉਣ ਵਾਲੇ ਹੁੰਦੇ ਹਨ। ਆਸਟਰੇਲੀਆ ਦੀ ਟੀਮ 4 ਮੈਚਾਂ ਦੀ ਲੜੀ ਵਿਚ 0-2 ਨਾਲ ਪਿੱਛੇ ਹੈ ਤੇ ਹੈੱਡ ਨੇ ਵੀ ਮੰਨਿਆ ਕਿ ਲੜੀ ਵਿਚ ਵਾਪਸੀ ਲਈ ਉਸਦੀ ਟੀਮ ਨੂੰ ਸਖਤ ਮਿਹਨਤ ਕਰਨੀ ਪਵੇਗੀ।
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।