ਹਾਕੀ ਵਿਸ਼ਵ ਕੱਪ 2023: ਓਡੀਸ਼ਾ ਪੁੱਜੀ ਬੈਲਜੀਅਮ ਦੀ ਟੀਮ, 14 ਜਨਵਰੀ ਤੋਂ ਸ਼ੁਰੂ ਹੋਵੇਗੀ ਮੁਹਿੰਮ

01/07/2023 1:40:41 PM

ਭੁਵਨੇਸ਼ਵਰ : ਸਾਬਕਾ ਚੈਂਪੀਅਨ ਬੈਲਜੀਅਮ ਦੀ ਟੀਮ FIH ਹਾਕੀ ਪੁਰਸ਼ ਵਿਸ਼ਵ ਕੱਪ 2023 ਵਿੱਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਓਡੀਸ਼ਾ ਪੁੱਜੀ, ਜਿਸ ਦਾ ਪ੍ਰਸ਼ੰਸਕਾਂ ਨੇ ਸ਼ਾਨਦਾਰ ਸਵਾਗਤ ਕੀਤਾ। ਬੈਲਜੀਅਮ ਨੂੰ ਜਰਮਨੀ, ਜਾਪਾਨ ਅਤੇ ਕੋਰੀਆ ਦੇ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ ਅਤੇ ਉਹ 14 ਜਨਵਰੀ ਨੂੰ ਭੁਵਨੇਸ਼ਵਰ ਵਿੱਚ ਕੋਰੀਆ ਦੇ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ

ਬੈਲਜੀਅਮ ਦੀ ਟੀਮ ਕਪਤਾਨ ਫੇਲਿਕਸ ਡੇਨੇਅਰ ਦੀ ਅਗਵਾਈ ਵਿੱਚ ਆਪਣੇ FIH 2018 ਪੁਰਸ਼ ਹਾਕੀ ਵਿਸ਼ਵ ਕੱਪ ਪ੍ਰਦਰਸ਼ਨ ਨੂੰ ਦੁਹਰਾਉਣ ਅਤੇ ਟਰਾਫੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ ਅਤੇ ਜੇਕਰ ਬੈਲਜੀਅਮ ਇਸ ਕਾਰਨਾਮੇ ਨੂੰ ਮੁੜ ਦੁਹਰਾਉਣ ਵਿੱਚ ਕਾਮਯਾਬ ਰਹਿੰਦਾ ਹੈ, ਤਾਂ ਉਹ ਲਗਾਤਾਰ ਦੋ ਐਡੀਸ਼ਨ ਜਿੱਤਣ ਵਾਲੀ ਚੌਥੀ ਟੀਮ ਬਣ ਜਾਵੇਗੀ। 

ਇਸ ਤੋਂ ਪਹਿਲਾਂ ਪਾਕਿਸਤਾਨ, ਜਰਮਨੀ ਅਤੇ ਆਸਟ੍ਰੇਲੀਆ ਲਗਾਤਾਰ ਦੋ ਵਾਰ ਵਿਸ਼ਵ ਕੱਪ ਟਰਾਫੀ ਜਿੱਤਣ ਦਾ ਮਾਣ ਹਾਸਲ ਕਰ ਚੁੱਕੇ ਹਨ। ਪਾਕਿਸਤਾਨ ਨੇ 1978 ਅਤੇ 1982 'ਚ ਹਾਕੀ ਵਿਸ਼ਵ ਕੱਪ ਜਿੱਤਿਆ ਸੀ ਜਦਕਿ ਜਰਮਨੀ 2002 ਅਤੇ 2006 'ਚ ਇਹ ਉਪਲਬਧੀ ਹਾਸਲ ਕਰਨ ਵਾਲਾ ਦੂਜਾ ਦੇਸ਼ ਬਣ ਗਿਆ ਸੀ। ਇਸ ਤੋਂ ਇਲਾਵਾ ਆਸਟ੍ਰੇਲੀਆ ਨੇ 2010 ਅਤੇ 2014 ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ ਜਿੱਤੇ ਹਨ।

ਭੁਵਨੇਸ਼ਵਰ 'ਚ ਪਹੁੰਚਣ ਤੋਂ ਬਾਅਦ ਬੈਲਜੀਅਮ ਦੇ ਕਪਤਾਨ ਨੇ ਕਿਹਾ, 'ਅਸੀਂ ਇੱਥੇ ਵਿਸ਼ਵ ਕੱਪ ਟਰਾਫੀ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਆਏ ਹਾਂ। ਇਸ ਤੋਂ ਪਹਿਲਾਂ ਅਸੀਂ ਸਪੇਨ ਵਿੱਚ ਇੱਕ ਟ੍ਰੇਨਿੰਗ ਕੈਂਪ ਵਿੱਚ ਹਿੱਸਾ ਲਿਆ ਸੀ ਜਿੱਥੇ ਅਸੀਂ ਆਪਣੇ ਸਾਰੇ ਮੈਚ ਜਿੱਤੇ ਸਨ। ਸਾਡੇ ਖਿਡਾਰੀ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ ਅਤੇ ਇਸ ਨਾਲ ਸਾਨੂੰ ਵਿਸ਼ਵ ਕੱਪ ਦੀ ਮੁਹਿੰਮ ਆਸਾਨ ਬਣਾਉਣ ਵਿਚ ਮਦਦ ਮਿਲੇਗੀ। ਅਸੀਂ ਜਾਣਦੇ ਹਾਂ ਕਿ ਸਾਡੇ ਤੋਂ ਇਲਾਵਾ ਹੋਰ ਟੀਮਾਂ ਵੀ ਪੂਰੀ ਤਿਆਰੀ ਨਾਲ ਇੱਥੇ ਆਈਆਂ ਹਨ, ਇਸ ਲਈ ਸਾਨੂੰ ਹਰ ਮੈਚ ਦਿਲਚਸਪ ਹੋਣ ਦੀ ਉਮੀਦ ਹੈ ਪਰ ਸਾਨੂੰ ਯਕੀਨ ਹੈ ਕਿ ਟੀਮ ਦਾ ਹਰ ਮੈਂਬਰ ਇਸ ਸਖ਼ਤ ਮੁਕਾਬਲੇ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News