ਹਰਭਜਨ ਨੂੰ ਮਾਰਨਾ ਚਾਹੁੰਦਾ ਸੀ ਅਖਤਰ, ਕਿਹਾ- ਕਮਰੇ ਦੀ ਡੁਪਲੀਕੇਟ ਚਾਬੀ ਵੀ ਬਣਵਾ ਲਈ ਸੀ

6/9/2020 12:05:36 PM

ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਜਦੋਂ ਕ੍ਰਿਕਟ ਦੇ ਮੈਦਾਨ 'ਤੇ ਉਤਰਦੇ ਤਾਂ ਉਸ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹੁੰਦੀਆਂ ਸੀ। ਸੋਮਵਾਰ ਨੂੰ ਸ਼ੋਇਬ ਅਖਤਰ ਨੇ ਇਕ ਸੋਸ਼ਲ ਮੀਡੀਆ ਲਾਈਵ ਸੇਸ਼ਨ ਦੌਰਾਨ ਅਜਿਹਾ ਖੁਲਾਸਾ ਕੀਤਾ ਕਿ ਹਰ ਕੋਈ ਹੈਰਾਨ ਰਹਿ ਗਿਆ। ਸ਼ੋਇਬ ਅਖਤਰ ਨੇ ਕਿਹਾ ਕਿ ਉਹ ਦਾਂਬੁੰਲਾ ਵਿਚ ਟੀਮ ਇੰਡੀਆ ਦੇ ਆਫ ਸਪਿਨਰ ਹਰਭਜਨ ਸਿੰਘ ਨੂੰ ਮਾਰਨਾ ਚਾਹੁੰਦਾ ਸੀ ਅਤੇ ਇਸ ਦੇ ਲਈ ਉਸ ਨੇ ਉਸ ਦੇ ਕਮਰੇ ਦੀ ਡੁਪਲੀਕੇਟ ਚਾਬੀ ਵੀ ਬਣਵਾ ਲਈ ਸੀ। 

PunjabKesari

ਸਾਲ 2010 ਏਸ਼ੀਆ ਕੱਪ ਦੌਰਾਨ ਸ਼ੋਇਬ ਅਖਤਰ ਤੇ ਹਰਭਜਨ ਸਿੰਘ ਵਿਚਾਲੇ ਬਹਿਸਬਾਜੀ ਹੋਈ ਸੀ। ਇਸ ਘਟਨਾ ਨੂੰ ਯਾਦ ਕਰਦਿਆਂ ਸ਼ੋਇਬ ਨੇ ਖੁਲਾਸਾ ਕੀਤਾ ਕਿ ਉਸ ਨੂੰ ਇੰਨਾ ਗੁੱਸਾ ਆਇਆ ਕਿ ਉਹ ਹਰਭਜਨ ਸਿੰਘ ਨੂੰ ਮਾਰਨ ਲਈ ਉਸ ਦੇ ਕਮਰੇ ਵਿਚ ਗਿਆ। ਅਖਤਰ ਨੇ ਕਿਹਾ ਕਿ ਦਾਂਬੁਲਾ ਵਿਖੇ ਮੈਨੂੰ ਹਰਭਜਨ ਸਿੰਘ 'ਤੇ ਬਹੁਤ ਗੁੱਸਾ ਆਇਆ ਸੀ ਤੇ ਮੈਂ ਉਸ ਨੂੰ ਮਾਰਨ ਲਈ ਉਸ ਦੇ ਕਮਰੇ ਵਿਚ ਗਿਆ ਸੀ। ਉਸ ਦੇ ਕਮਰੇ ਦੀ ਮੈਂ ਚਾਬੀ ਬਣਵਾਈ ਸੀ ਪਰ ਉਹ ਮੈਨੂੰ ਨਹੀਂ ਮਿਲਿਆ। ਉਸ ਦਿਨ ਹਰਭਜਨ ਮਿਲਦਾ ਤਾਂ ਬਹੁਤ ਮਾਰ ਖਾਂਦਾ।

ਆਸਿਫ ਨੂੰ ਮਾਰਿਆ ਸੀ ਬੱਲਾ
PunjabKesari

ਅਖਤਰ ਨੇ ਲਾਈਵ ਸੈਸ਼ਨ ਦੌਰਾਨ ਕਬੂਲ ਕੀਤਾ ਕਿ ਉਸ ਨੇ ਮੁਹੰਮਦ ਆਸਿਫ ਨੂੰ ਬੱਲਾ ਮਾਰਿਆ ਸੀ। ਸ਼ੋਇਬ ਨੇ ਕਿਹਾ ਕਿ ਮੇਰੀ 15 ਸਾਲਾਂ ਵਿਚ ਕਿਸੇ ਨਾਲ ਲੜਾਈ ਨਹੀਂ ਹੋਈ ਪਰ ਉਸ ਦਿਨ ਮੁਹੰਮਦ ਆਸਿਫ ਨੇ ਹੱਦਾਂ ਬਾਰ ਕਰ ਦਿੱਤੀਆਂ ਸੀ ਤੇ ਮੈਂ ਗੁੱਸੇ ਵਿਚ ਆ ਕੇ ਉਸ ਨੂੰ ਬੱਲਾ ਮਾਰ ਦਿੱਤਾ। ਉਸ ਨੂੰ ਤਾਂ ਹੋਰ ਮਾਰਨਾ ਚਾਹੀਦਾ ਸੀ ਪਰ ਅੱਜ ਮੈਨੂੰ ਲਗਦਾ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ।

ਪੀ. ਸੀ. ਬੀ. 'ਤੇ ਲਾਏ ਗੰਭੀਰ ਦੋਸ਼
PunjabKesari

ਅਖਤਰ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਤੇ ਪਾਕਿਤਾਨੀ ਟੀਮ ਮੈਨੇਜਮੈਂਟ 'ਤੇ ਗੰਭੀਰ ਦੋਸ਼ ਲਾਏ। ਉਸ ਨੇ ਖੁਲਾਸਾ ਕੀਤਾ ਕਿ ਆਸਟੇਲੀਆ ਦੌਰੇ 'ਤੇ ਕਿਸੇ ਹੋਰ ਖਿਡਾਰੀ ਨੇ ਲੜਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰਾ ਨਾਂ ਮੀਡੀਆ ਵਿਚ ਆ ਗਿਆ। ਸ਼ੋਇਬ ਨੇ ਕਿਹਾ ਕਿ ਪੀ. ਸੀ. ਬੀ. ਨੂੰ ਪਤਾ ਸੀ ਕਿ ਕਿਸ ਖਿਡਾਰੀ ਦੀ ਇਹ ਹਰਕਤ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਕਸੂਰਵਾਰ ਦਾ ਨਾਂ ਜ਼ਾਹਿਰ ਨਹੀਂ ਕੀਤਾ। ਉਸ ਨੇ ਕਿਹਾ ਕਿ ਮੇਰੇ ਨਾਲ ਧੋਖਾ ਤੇ ਮੈਨੂੰ ਬੇਵਕੂਫ ਬਣਾਇਆ ਗਿਆ ਸੀ।


Ranjit

Content Editor Ranjit