ਆਸਟਰੇਲੀਆ ਦੇ ਫਰਗਿਊਸਨ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਲਿਆ ਸੰਨਿਆਸ

11/05/2020 10:21:48 PM

ਕੈਨਬਰਾ– ਆਸਟਰੇਲੀਆ ਦੇ ਤਜਰਬੇਕਾਰ ਖਿਡਾਰੀ ਕੈਲਮ ਫਰਗਿਊਸਨ ਨੇ ਵੀਰਵਾਰ ਨੂੰ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਫਰਗਿਊਸਨ ਆਪਣਾ ਆਖਰੀ ਪਹਿਲੀ ਸ਼੍ਰੇਣੀ ਮੁਕਾਬਲਾ ਸਾਊਥ ਆਸਟਰੇਲੀਆ ਲਈ ਅਗਲੇ ਹਫਤੇ ਖੇਡੇਗਾ, ਜਿਸ ਤੋਂ ਬਾਅਦ ਉਹ ਆਪਣੇ 16 ਸਾਲ ਦੇ ਕਰੀਅਰ ਨੂੰ ਅਲਵਿਦਾ ਕਹਿ ਦੇਵੇਗਾ। ਫਰਗਿਊਸਨ ਹਾਲਾਂਕਿ ਬਿੱਗ ਬੈਸ਼ ਲੀਗ ਵਿਚ ਸਿਡਨੀ ਥੰਡਰ ਦੀ ਕਪਤਾਨੀ ਕਰਦਾ ਰਹੇਗਾ ਤੇ ਸਾਊਥ ਆਸਟਰੇਲੀਆ ਲਈ ਵਨ ਡੇ ਕ੍ਰਿਕਟ ਖੇਡਣੀ ਜਾਰੀ ਰੱਖੇਗਾ।
35 ਸਾਲਾ ਖਿਡਾਰੀ ਨੇ ਪਹਿਲੀ ਸ਼੍ਰੇਣੀ ਵਿਚ ਹੁਣ ਤਕ 146 ਮੁਕਾਬਲੇ ਖੇਡੇ ਹਨ ਜਦਕਿ ਉਹ ਆਪਣਾ ਆਖਰੀ ਤੇ 147ਵਾਂ ਮੁਕਾਬਲਾ ਅਗਲੇ ਹਫਤੇ ਖੇਡੇਗਾ। ਉਸ ਨੇ ਆਸਟਰੇਲੀਆ ਲਈ ਸਾਲ 2016 ਵਿਚ ਇਕ ਕੌਮਾਂਤਰੀ ਟੈਸਟ ਮੁਕਾਬਲਾ ਵੀ ਖੇਡਿਆ ਹੈ। ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਫਰਗਿਊਸਨ ਦੀਆਂ 36.81 ਦੀ ਔਸਤ ਨਾਲ 9278 ਦੌੜਾਂ ਹਨ, ਜਿਸ ਵਿਚ 20 ਸੈਂਕੜੇ ਤੇ 48 ਅਰਧ ਸੈਂਕੜੇ ਸ਼ਾਮਲ ਹਨ। ਉਹ ਮੌਜੂਦਾ ਸਮੇਂ 'ਚ ਸਾਊਥ ਆਸਟਰੇਲੀਆ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ ਅਤੇ ਲੇਸ ਫਾਵੇਲ ਨੂੰ ਪਿੱਛੇ ਛੱਡ ਕੇ ਚੌਥੇ ਸਥਾਨ 'ਤੇ ਪਹੁੰਚਣ ਦੇ ਲਈ ਸਿਰਫ 60 ਦੌੜਾਂ ਦੀ ਜ਼ਰੂਰਤ ਹੈ।


Gurdeep Singh

Content Editor

Related News