ਆਇਰਲੈਂਡ ਨੂੰ 38 ਦੌੜਾਂ ''ਤੇ ਢੇਰ ਕਰ ਕੇ ਇੰਗਲੈਂਡ ਨੇ ਜਿੱਤਿਆ ਇਕਲੌਤਾ ਟੈਸਟ

07/26/2019 8:27:11 PM

ਲੰਡਨ- ਕ੍ਰਿਸ ਵੋਕਸ ਤੇ ਸਟੂਅਰਟ ਬ੍ਰਾਡ ਦੀਆਂ ਕਹਿਰ ਵਰ੍ਹਾਉਂਦੀਆਂ ਗੇਂਦਾਂ ਨਾਲ ਇੰਗਲੈਂਡ ਨੇ ਆਇਰਲੈਂਡ ਨੂੰ ਦੂਜੀ ਪਾਰੀ ਵਿਚ ਸ਼ੁੱਕਰਵਾਰ 15.4 ਓਵਰਾਂ ਵਿਚ ਸਿਰਫ 38 ਦੌੜਾਂ 'ਤੇ ਢੇਰ ਕਰ ਕੇ ਇਕਲੌਤਾ ਟੈਸਟ ਤੀਜੇ ਹੀ ਦਿਨ ਸਵੇਰ ਦੇ ਸੈਸ਼ਨ ਵਿਚ 143 ਦੌੜਾਂ ਨਾਲ ਜਿੱਤ ਲਿਆ। ਵਨ ਡੇ ਕ੍ਰਿਕਟ ਵਿਚ ਹਾਲ ਹੀ ਵਿਚ ਵਿਸ਼ਵ ਚੈਂਪੀਅਨ ਬਣੀ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿਚ ਪਹਿਲੇ ਦਿਨ ਲੰਚ ਤੋਂ ਪਹਿਲਾਂ ਸਿਰਫ 85 ਦੌੜਾਂ 'ਤੇ ਢੇਰ ਹੋ ਗਈ ਸੀ। ਇੰਗਲੈਂਡ ਦਾ ਇਹ ਪ੍ਰਦਰਸ਼ਨ ਹੈਰਾਨ ਕਰਨ ਵਾਲਾ ਸੀ ਪਰ ਵਿਸ਼ਵ ਚੈਂਪੀਅਨ ਟੀਮ ਨੇ ਤੀਜੇ ਦਿਨ ਜ਼ਬਰਦਸਤ ਵਾਪਸੀ ਕਰਦਿਆਂ ਆਇਰਲੈਂਡ ਨੂੰ ਦਿਨ ਵਿਚ ਹੀ ਤਾਰੇ ਦਿਖਾ ਦਿੱਤੇ। ਆਇਰਲੈਂਡ ਦਾ 38 ਦੌੜਾਂ ਦਾ ਟੈਸਟ ਇਤਿਹਾਸ ਦਾ 7ਵਾਂ ਸਭ ਤੋਂ ਘੱਟ ਸਕੋਰ ਹੈ।

PunjabKesari
ਇੰਗਲੈਂਡ ਨੇ ਸਵੇਰੇ ਕੱਲ ਦੀਆਂ 9 ਵਿਕਟਾਂ 'ਤੇ 303 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਦੂਜੀ ਪਾਰੀ ਇਸੇ ਸਕੋਰ 'ਤੇ ਖਤਮ ਹੋ ਗਈ। ਆਇਰਲੈਂਡ ਨੂੰ ਪਹਿਲੀ ਪਾਰੀ ਵਿਚ 122 ਦੌੜਾਂ ਦੀ ਬੜ੍ਹਤ ਮਿਲੀ ਸੀ ਤੇ ਉਸ ਨੂੰ ਇਹ ਮੈਚ ਜਿੱਤਣ ਲਈ 182 ਦੌੜਾਂ ਦਾ ਟੀਚਾ ਮਿਲਿਆ। ਮੀਂਹ ਕਾਰਣ ਆਇਰਲੈਂਡ ਦੀ ਦੂਜੀ ਪਾਰੀ ਦੀ ਸ਼ੁਰੂਆਤ ਵਿਚ ਦੇਰੀ ਹੋਈ ਪਰ ਖੇਡ ਸ਼ੁਰੂ ਹੁੰਦੇ ਹੀ ਆਇਰਲੈਂਡ ਦੀਆਂ ਵਿਕਟਾਂ ਮੀਂਹ ਦੀਆਂ ਕਣੀਆਂ ਵਾਂਗ ਡਿੱਗ ਗਈਆਂ।

PunjabKesari
ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਤੇ ਸਟੂਅਰਟ ਬ੍ਰਾਡ ਨੇ ਅਜਿਹਾ ਕਹਿਰ ਵਰ੍ਹਾਇਆ ਕਿ ਆਇਰਲੈਂਡ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ। ਵੋਕਸ ਨੇ 7.4 ਓਵਰਾਂ ਵਿਚ 14 ਦੌੜਾਂ ਦੇ ਕੇ 6 ਵਿਕਟਾਂ ਲਈਆਂ, ਜਦਕਿ ਬ੍ਰਾਡ ਨੇ 8 ਓਵਰਾਂ ਵਿਚ 19 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਆਇਰਲੈਂਡ ਦੀ ਪੂਰੀ ਪਾਰੀ 15.4 ਓਵਰਾਂ ਵਿਚ ਸਿਮਟ ਗਈ। ਓਪਨਰ ਜੇਮਸ ਮੈਕਕੁਲਮ 11 ਦੌੜਾਂ ਬਣਾ ਕੇ ਦਹਾਈ ਦੀ ਗਿਣਤੀ ਵਿਚ ਪਹੁੰਚਣ ਵਾਲਾ ਇਕਲੌਤਾ ਬੱਲੇਬਾਜ਼ ਰਿਹਾ। ਆਇਰਲੈਂਡ ਦੀ ਪਹਿਲੀ ਵਿਕਟ 11 ਦੇ ਸਕੋਰ 'ਤੇ ਡਿਗੀ ਤੇ ਇਸ ਤੋਂ ਬਾਅਦ ਉਸ ਦੇ ਬੱਲੇਬਾਜ਼ਾਂ ਵਿਚ ਜਿਵੇਂ ਪੈਵੇਲੀਅਨ ਪਰਤਣ ਦੀ ਦੌੜ ਹੀ ਲੱਗ ਗਈ ਤੇ ਅਗਲੀਆਂ 27 ਦੌੜਾਂ ਦੇ ਫਰਕ ਵਿਚ ਉਸ ਨੇ ਸਾਰੀਆਂ ਵਿਕਟਾਂ ਗੁਆ ਦਿੱਤੀਆਂ। 

PunjabKesari
ਆਇਰਲੈਂਡ ਨੇ ਪਹਿਲੀ ਪਾਰੀ ਵਿਚ ਜਿਹੜਾ ਪ੍ਰਦਰਸ਼ਨ ਕੀਤਾ ਸੀ, ਉਸ ਦੇ ਬੱਲੇਬਾਜ਼ ਦੂਜੀ ਪਾਰੀ ਵਿਚ ਉਸ ਨੂੰ ਦੁਹਰਾਅ ਨਹੀਂ ਸਕੇ ਤੇ ਸਵੇਰੇ 90 ਮਿੰਟ ਦੀ ਖੇਡ ਵਿਚ ਉਸ ਦੇ ਬੱਲੇਬਾਜ਼ਾਂ ਨੇ ਆਪਣੇ ਹਥਿਆਰ ਸੁੱਟ ਦਿੱਤੇ। ਆਇਰਲੈਂਡ ਕੋਲ ਆਪਣੀ ਪਹਿਲੀ ਟੈਸਟ ਜਿੱਤ ਹਾਸਲ ਕਰਨ ਦਾ ਸੁਨਹਿਰੀ ਮੌਕਾ ਸੀ ਪਰ ਉਸ ਦੇ ਬੱਲੇਬਾਜ਼ ਨਿਰਾਸ਼ ਕਰ ਗਏ।  ਮੈਕਕੁਲਮ ਤੋਂ ਬਾਅਦ ਟੀਮ ਦਾ ਦੂਜਾ ਵੱਡਾ ਸਕੋਰ ਮਾਰਕ ਐਡੇਅਰ ਦਾ 8 ਦੌੜਾਂ ਸੀ। ਐਡੇਅਰ ਨੇ ਆਇਰਲੈਂਡ ਦੀ ਪਾਰੀ ਦਾ ਇਕਲੌਤਾ ਛੱਕਾ ਵੀ ਮਾਰਿਆ। ਕੇਵਿਨ ਓ ਬ੍ਰਾਇਨ ਵਰਗਾ ਤਜਰਬੇਕਾਰ ਬੱਲੇਬਾਜ਼ 4 ਦੌੜਾਂ ਤੇ ਕਪਤਾਨ ਵਿਲੀਅਮ ਪੋਰਟਫੀਲਡ 2 ਦੌੜਾਂ ਹੀ ਬਣਾ ਸਕੇ। ਟੈਸਟ ਇਤਿਹਾਸ ਵਿਚ ਇਹ ਚੌਥਾ ਮੌਕਾ ਹੈ, ਜਦੋਂ ਕੋਈ ਟੀਮ ਸਭ ਤੋਂ ਘੱਟ ਗੇਂਦਾਂ ਖੇਡ ਕੇ ਆਊਟ ਹੋਈ ਹੈ। ਟੈਸਟ ਇਤਿਹਾਸ ਵਿਚ ਇਹ ਪੰਜਵਾਂ ਮੌਕਾ ਹੈ, ਜਦੋਂ ਕਿਸੇ ਟੀਮ ਨੇ ਪਹਿਲੀ ਪਾਰੀ ਵਿਚ ਪੰਜਵਾਂ ਘੱਟ ਸਕੋਰ ਬਣਾਇਆ ਹੈ ਤੇ ਉਸ ਤੋਂ ਬਾਅਦ ਟੈਸਟ ਮੈਚ ਜਿੱਤ ਲਿਆ। ਇੰਗਲੈਂਡ ਦਾ 112 ਸਾਲਾਂ ਵਿਚ ਪਹਿਲੀ ਪਾਰੀ ਵਿਚ ਇਹ ਸਭ ਤੋਂ ਘੱਟ ਸਕੋਰ ਸੀ। ਇੰਗਲੈਂਡ ਨੇ ਇਸ ਤੋਂ ਪਹਿਲਾਂ 1907 ਵਿਚ ਲੀਡਸ ਵਿਚ ਦੱਖਣੀ ਅਫਰੀਕਾ ਵਿਰੁੱਧ ਪਹਿਲੀ ਪਾਰੀ ਵਿਚ 76 ਦੌੜਾਂ ਬਣਾਉਣ ਤੋਂ ਬਾਅਦ ਟੈਸਟ ਮੈਚ ਜਿੱਤਿਆ ਸੀ।


Gurdeep Singh

Content Editor

Related News