117 ਦਿਨਾਂ ਬਾਅਦ ਹੋਵੇਗੀ ਕੌਮਾਂਤਰੀ ਕ੍ਰਿਕਟ ਦੀ ਵਾਪਸੀ, ਇੰਗਲੈਂਡ ਬਨਾਮ ਵੈਸਟਇੰਡੀਜ਼ ਟੈਸਟ ਅੱਜ ਤੋਂ

07/08/2020 2:50:56 AM

ਸਾਊਥੰਪਟਨ– ਵਿਸ਼ਵ ਪੱਧਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦੇ ਖਤਰੇ ਵਿਚਾਲੇ ਇੰਗਲੈਂਡ ਤੇ ਵੈਸਟਇੰਡੀਜ਼ ਦੀਆਂ ਟੀਮਾਂ ਬੁੱਧਵਾਰ ਤੋਂ ਐਜਿਸ ਬਾਲ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ ਨਵਾਂ ਇਤਿਹਾਸ ਬਣਾਉਣ ਉਤਰਨਗੀਆਂ। ਕੋਰੋਨਾ ਦੇ ਕਾਰਣ ਕੌਮਾਂਤਰੀ ਕ੍ਰਿਕਟ ਦੀ 117 ਦਿਨ ਦੇ ਲੰਬੇ ਸਮੇਂ ਬਾਅਦ ਇਸ ਮੈਚ ਰਾਹੀਂ ਵਾਪਸੀ ਹੋ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ 3 ਟੈਸਟ ਮੈਚਾਂ ਦੀ ਸੀਰੀਜ਼ ਦਰਸ਼ਕਾਂ ਦੇ ਬਿਨਾਂ ਖੇਡੀ ਜਾਵੇਗੀ ਤੇ ਇਸ ਵਿਚ ਕੋਰੋਨਾ ਦੇ ਕਾਰਣ ਕੁਝ ਨਵੇਂ ਨਿਯਮ ਲਾਗੂ ਹੋਣਗੇ। ਇੰਗਲੈਂਡ ਦੇ ਚਮਤਕਾਰੀ ਆਲਰਾਊਂਡਰ ਬੇਨ ਸਟੋਕਸ ਲਈ ਇਹ ਟੈਸਟ ਉਸਦੇ ਕਰੀਅਰ 'ਚ ਮੀਲ ਦਾ ਪੱਥਰ ਹੋਵੇਗਾ ਕਿਉਂਕਿ ਉਹ ਪਹਿਲੀ ਸ਼੍ਰੇਣੀ ਵਿਚ ਕਿਸੇ ਮੈਚ ਵਿਚ ਕਪਤਾਨੀ ਕੀਤੇ ਬਿਨਾਂ ਟੈਸਟ ਮੈਚ ਵਿਚ ਕਪਤਾਨੀ ਕਰਨ ਉਤਰੇਗਾ।
ਕੋਰੋਨਾ ਦੇ ਕਾਰਣ ਖੇਡ ਦੇ ਨਵੇਂ ਹਾਲਾਤ ਵਿਚ ਦੋਵਾਂ ਟੀਮਾਂ ਦੇ ਖਿਡਾਰੀਆਂ ਲਈ ਇਹ ਮੈਚ ਇਕ ਨਵਾਂ ਟੈਸਟ ਹੋਵੇਗਾ, ਜਿਸ ਨਾਲ ਇਸ ਖੇਡ ਦੀ ਅੱਗੇ ਦੀ ਦਸ਼ਾ ਤੇ ਦਿਸ਼ਾ ਤੈਅ ਹੋਵੇਗੀ। ਸਟੇਡੀਅਮ ਵਿਚ ਦਰਸ਼ਕ ਨਹੀਂ ਹੋਣਗੇ ਤੇ ਸਿਰਫ ਬਾਲ 'ਤੇ ਬੱਲੇ ਨਾਲ ਸ਼ਾਟ ਲੱਗਣ ਦੀ ਆਵਾਜ਼ ਸੁਣਾਈ ਦੇਵੇਗੀ। ਟੈਸਟ ਕ੍ਰਿਕਟ ਵਿਚ ਚੌਥੀ ਤੇ 8ਵੀਂ ਰੈਕਿੰਗ ਦੀਆਂ ਟੀਮਾਂ ਵਿਚਾਲੇ ਇਸ ਮੁਕਾਬਲੇ ਨਾਲ ਕ੍ਰਿਕਟ ਦੀ ਵਾਪਸੀ ਦੀ ਉਮੀਦ ਬੱਝੇਗੀ ਜਿਹੜੀ ਕੋਰੋਨਾ ਵਾਇਰਸ ਦੇ ਕਾਰਣ ਮਾਰਚ ਦੇ ਅੱਧ ਤੋਂ ਹੀ ਬੰਦ ਹੈ। ਆਖਰੀ ਕੌਮਾਂਤਰੀ ਮੈਚ ਆਸਟਰੇਲਆ ਤੇ ਨਿਊਜ਼ੀਲੈਂਡ ਵਿਚਾਲੇ 13 ਮਾਰਚ ਨੂੰ ਵਨ ਡੇ ਮੁਕਾਬਲਾ ਸੀ, ਜਿਹੜਾ ਸਿਡਨੀ ਵਿਚ ਦਰਸ਼ਕਾਂ ਦੇ ਬਿਨਾਂ ਖੇਡਿਆ ਗਿਆ ਸੀ।
ਵਿੰਡੀਜ਼ ਦੀ ਤਾਕਤ ਹੈ ਗੇਂਦਬਾਜ਼ੀ, ਬੱਲੇਬਾਜ਼ਾਂ ਨੂੰ ਕਰਨਾ ਪਵੇਗਾ ਫੋਕਸ
ਵਿੰਡੀਜ਼ : ਚੰਗੀ ਗੱਲ- ਵਿੰਡੀਜ਼ ਦਾ ਗੇਂਦਬਾਜ਼ੀ ਹਮਲਾ ਚੰਗਾ ਹੈ। ਕੇਮਾਰ ਰੋਚ, ਸ਼ੈਨਨ ਗੈਬ੍ਰੀਏਲ, ਅਲਜਾਰੀ ਜੋਸੇਫ, ਹੋਲੇਡਰ ਤੇ ਚੇਮਾਰ ਹੋਲਡਰ ਇੰਗਲੈਂਡ ਨੂੰ ਫਿਰ ਤੋਂ ਪ੍ਰੇਸ਼ਾਨੀ ਵਿਚ ਪਾ ਸਕਦੇ ਹਨ।
ਸਮੱਸਿਆ : ਬੱਲੇਬਾਜ਼ੀ ਵਿੰਡੀਜ਼ ਦੀ ਸਮੱਿਸਆ ਹੈ। ਕਪਤਾਨ ਹੋਲਡਰ ਅਭਿਆਸ ਮੈਚ ਵਿਚ ਦੌੜਾਂ ਨਹੀਂ ਬਣਾ ਸਕਿਆ। ਚੋਟੀ ਦੇ ਬੱਲੇਬਾਜ਼ ਕ੍ਰੇਗ ਬ੍ਰੈਥਵੇਟ, ਜਾਨ ਕੈਂਪਬੇਲ, ਸ਼ਮਾਰਹ ਬਰੁਕਸ, ਹੋਪ ਤੇ ਰੋਸਟਨ ਚੇਜ ਕੁਲ ਮਿਲਾ ਕੇ 29 ਦੌੜਾਂ ਬਣਾ ਸਕੇ ਸਨ।
ਇੰਗਲੈਂਡ : ਚੰਗੀ ਗੱਲ-ਜੇਮਸ ਐਂਡਰਸਨ ਤੇ ਜੋਫ੍ਰਾ ਆਰਚਰ ਨੇ ਅਭਿਆਸ ਮੈਚ ਵਿਚ ਚੰਗੀ ਗੇਂਦਬਾਜ਼ੀ ਕੀਤੀ। ਸਟੂਅਰਟ ਬ੍ਰਾਡ 500 ਵਿਕਟਾਂ ਦੇ ਨੇੜੇ ਹੈ ਜਦਕਿ ਮਾਰਕ ਵੁਡ, ਕ੍ਰਿਸ ਵੋਕਸ ਇੰਗਲਿਸ਼ ਹਾਲਾਤ ਵਿਚ ਚੰਗਾ ਪ੍ਰਦਰਸ਼ਨ ਕਰਦਾ ਹੈ।
ਸਮੱਸਿਆ : ਰੂਟ ਦੀ ਗੈਰ-ਹਾਜ਼ਰੀ ਵਿਚ ਇੰਗਲੈਂਡ ਦਾ ਬੱਲੇਬਾਜ਼ੀ ਕ੍ਰਮ ਮਜ਼ਬੂਤ ਨਹੀਂ ਦਿਖਾਈ ਦੇ ਰਿਹਾ। ਰੋਰੀ ਬਰਨਸ ਤੇ ਡਾਮ ਸਿਬਲੀ ਪਾਰੀ ਦੀ ਸ਼ੁਰੂਆਤ ਕਰਨਗੇ। ਟਾਪ ਆਰਡਰ 'ਤੇ ਜ਼ਿਆਦਾਤਰ ਬੱਲੇਬਾਜ਼ ਨਵੇਂ ਹਨ।
1988 ਤੋਂ ਬਾਅਦ ਵਿੰਡੀਜ਼ ਨੇ ਇੰਗਲੈਂਡ ਵਿਚ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। ਵੈਸਟਇੰਡੀਜ਼ ਨੇ ਦੋਵਾਂ ਦੇਸ਼ਾਂ ਵਿਚਾਲੇ ਆਖਰੀ ਸੀਰੀਜ਼ 2018-19 ਵਿਚ ਆਪਣੇ ਘਰ ਵਿਚ ਹੀ ਜਿੱਤੀ ਸੀ।
ਸਟੋਕਸ ਬਿਨਾਂ ਫਰਸਟ ਕਲਾਸ ਖੇਡੇ ਕਰੇਗਾ ਇੰਗਲੈਂਡ ਦੀ ਕਪਤਾਨੀ
ਨਿਯਮਤ ਕਪਤਾਨ ਜੋ ਰੂਟ ਦੀ ਗੈਰ-ਹਾਜ਼ਰੀ ਵਿਚ ਇੰਗਲੈਂਡ ਦੀ ਕਪਤਾਨੀ ਸੰਭਾਲਣ ਜਾ ਰਿਹਾ ਸਟੋਕਸ ਇਸਦੇ ਨਾਲ ਹੀ ਇੰਗਲੈਂਡ ਦਾ ਸਭ ਤੋਂ ਘੱਟ ਤਜ਼ਰਬੇਕਾਰ ਕਪਤਾਨ ਬਣ ਜਾਵੇਗਾ। ਉਸ ਨੇ ਇਸ ਤੋਂ ਪਹਿਲਾਂ ਆਪਣੇ ਕਰੀਅਰ ਵਿਚ ਪਹਿਲੀ ਸ਼੍ਰੇਣੀ ਲਿਸਟ-ਏ ਤੇ ਟੀ-20 ਮੈਚਾਂ ਵਿਚ ਕਪਤਾਨੀ ਨਹੀਂ ਕੀਤੀ ਸੀ। ਪਿਛਲੇ 50 ਸਾਲਾਂ ਵਿਚ ਸਟੋਕਸ ਅਜਿਹਾ ਦੂਜਾ ਕਪਤਾਨ ਹੋਵੇਗਾ, ਜਿਹੜਾ ਕਿ ਬਿਨਾਂ ਪਹਿਲੀ ਸ਼੍ਰੇਣੀ ਮੈਚ ਖੇਡੇ ਇੰਗਲੈਂਡ ਦੀ ਟੈਸਟ ਕਪਤਾਨੀ ਕਰੇਗਾ। ਇਸ ਤੋਂ ਪਹਿਲਾਂ ਕੇਵਿਨ ਪੀਟਰਸਨ ਨੇ ਬਿਨਾਂ ਪਹਿਲੀ ਸ਼੍ਰੇਣੀ ਮੈਚ ਖੇਡੇ ਇੰਗਲੈਂਡ ਦੀ ਵਨ ਡੇ ਵਿਚ ਕਪਤਾਨੀ ਕੀਤੀ ਸੀ। ਸਟੋਕਸ ਨੂੰ 2016 ਵਿਚ ਉਪ ਕਪਤਾਨੀ ਮਿਲੀ ਸੀ ਪਰ ਸਾਲ ਬਾਅਦ ਬ੍ਰਿਸਟਲ ਵਿਚ ਮਾਰਕੁੱਟ ਦੀ ਘਟਨਾ ਤੋਂ ਬਾਅਦ ਉਸ ਤੋਂ ਕਪਤਾਨੀ ਖੋਹ ਲਈ ਗਈ ਸੀ।
ਹੋਲਡਰ ਦਾ 33ਵਾਂ ਟੈਸਟ : ਆਲਰਾਊਂਡਰ ਸਟੋਕਸ ਦੇ ਸਾਹਮਣੇ ਵਿਸ਼ਵ ਦਾ ਨੰਬਰ ਇਕ ਆਲਰਾਊਂਡਰ ਜੈਸਨ ਹੋਲਡਰ ਹੋਵੇਗਾ। ਹੋਲਡਰ ਦਾ ਕਪਤਾਨ ਦੇ ਰੂਪ ਵਿਚ ਇਹ 33ਵਾਂ ਟੈਸਟ ਹੋਵੇਗਾ। ਦੋਵੇਂ ਕਪਤਾਨਾਂ ਦੇ ਸਾਹਮਣੇ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਸਮੱਸਿਆ ਹੈ ਪਰ ਦੋਵਾਂ ਟੀਮਾਂ ਕੋਲ ਵਿਸ਼ਵ ਪੱਧਰੀ ਤੇਜ਼ ਗੇਂਦਬਾਜ਼ੀ ਹਮਲਾ ਹੈ।
ਸਾਊਥੰਪਟਨ
3 ਟੈਸਟ ਹੋਏ ਹਨ ਮੈਦਾਨ 'ਤੇ। 2 ਟੈਸਟ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ।
ਇੰਗਲੈਂਡ : ਬੇਨ ਸਟੋਕਸ (ਕਪਤਾਨ), ਜੇਮਸ ਐਂਡਰਸਨ, ਜੋਫ੍ਰਾ ਆਰਚਰ, ਡੋਮਿਨਿਕ ਬੇਸ, ਸਟੂਅਰਟ ਬ੍ਰਾਡ, ਰੋਰੀ ਬਰਨਸ, ਜੋਸ ਬਟਲਰ (ਵਿਕਟਕੀਪਰ), ਜਕ ਕਾਰਲੀ, ਜੋ ਡੈਨਲੀ, ਓਲੀ ਪੋਪ, ਡੋਮ ਸਿਬਲੀ, ਕ੍ਰਿਸ ਵੋਕਸ, ਮਾਰਕ ਵੁਡ।
ਵੈਸਟਇੰਡੀਜ਼ : ਜੈਸਨ ਹੈਲਡਰ (ਕਪਤਾਨ), ਜਰਮਨ ਬਲੈਕਵੁਡ, ਨਕਰਮਾਹ ਬੋਨਰ, ਕ੍ਰੇਗ ਬ੍ਰੈਥਵੇਟ, ਸ਼ਮਰ ਬਰੂਕਸ, ਕੈਂਪਬੇਲ, ਰੋਸਟਨ ਚੇਜ, ਰਹਕੇਮ ਕਾਰਨਵਾਲ, ਸ਼ੇਨ ਡਾਓਰਿਚ, ਸ਼ੈਨਨ ਗੈਬ੍ਰੀਏਲ, ਕੇਮਰ ਹੋਲਡਰ, ਸ਼ਾਈ ਹੋਪ, ਅਲਜਾਰੀ ਜੋਸੇਫ, ਰਯਮਨ ਰੇਫਰ, ਕੇਮਰ ਰੋਚ।


Gurdeep Singh

Content Editor

Related News