ENG vs RSA : ਇੰਗਲੈਂਡ ਨੇ ਦਿੱਤੇ ਦੱਖਣੀ ਅਫਰੀਕਾ ਨੂੰ ਸ਼ੁਰੂਆਤੀ ਝਟਕੇ
Saturday, Jan 18, 2020 - 01:46 AM (IST)

ਪੋਰਟ ਐਲਿਜ਼ਾਬੇਥ- ਬੇਨ ਸਟੋਕਸ ਤੇ ਓਲੀ ਪੋਪ ਦੇ ਸੈਂਕੜਿਆਂ ਨਾਲ ਪਹਿਲੀ ਪਾਰੀ ਵਿਚ ਵੱਡਾ ਸਕੋਰ ਖੜ੍ਹਾ ਕਰਨ ਵਾਲੇ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਸ਼ੁਰੂ ਵਿਚ ਹੀ 2 ਕਰਾਰੇ ਝਟਕੇ ਦੇ ਕੇ ਤੀਜੇ ਟੈਸਟ ਕ੍ਰਿਕਟ ਮੈਚ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਸਾਲ ਦੇ ਸਰਵਸ੍ਰੇਸ਼ਠ ਕ੍ਰਿਕਟਰ ਚੁਣੇ ਗਏ ਸਟੋਕਸ ਨੇ 120 ਦੌੜਾਂ ਬਣਾਈਆਂ, ਜਦਕਿ ਪੋਪ 135 ਦੌੜਾਂ ਬਣਾ ਕੇ ਅਜੇਤੂ ਰਿਹਾ। ਇਨ੍ਹਾਂ ਦੋਵਾਂ ਨੇ 5ਵੀਂ ਵਿਕਟ ਲਈ 203 ਦੌੜਾਂ ਜੋੜੀਆਂ, ਜਿਸ ਨਾਲ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ 'ਤੇ 499 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ। ਦੱਖਣੀ ਅਫਰੀਕਾ ਨੇ ਇਸ ਦੇ ਜਵਾਬ ਵਿਚ ਮੀਂਹ ਦੇ ਕਾਰਣ ਦੂਜੇ ਦਿਨ ਦੀ ਖੇਡ ਜਲਦੀ ਖਤਮ ਕੀਤੇ ਜਾਣ ਤਕ 2 ਵਿਕਟਾਂ 'ਤੇ 60 ਦੌੜਾਂ ਬਣਾਈਆਂ। ਉਹ ਅਜੇ ਵੀ ਇੰਗਲੈਂਡ ਤੋਂ 439 ਦੌੜਾਂ ਪਿੱਛੇ ਹੈ। ਆਫ ਸਪਿਨਰ ਡਾਮ ਬੇਸ ਨੇ ਸਲਾਮੀ ਬੱਲੇਬਾਜ਼ ਪੀਟਰ (18) ਤੇ ਉਸਦਾ ਸਥਾਨ ਲੈਣ ਦੇ ਲਈ ਉਤਰੇ ਜੁਬੈਰ ਹਮਜਾ (10) ਨੂੰ ਪਵੇਲੀਅਨ ਭੇਜਿਆ।