'ਲਾਈਨ ਜੱਜ' ਦੇ ਬਾਲ ਮਾਰਨ 'ਤੇ ਜੋਕੋਵਿਚ US ਓਪਨ 'ਚੋਂ ਬਾਹਰ

Monday, Sep 07, 2020 - 07:28 PM (IST)

'ਲਾਈਨ ਜੱਜ' ਦੇ ਬਾਲ ਮਾਰਨ 'ਤੇ ਜੋਕੋਵਿਚ US ਓਪਨ 'ਚੋਂ ਬਾਹਰ

ਨਿਊਯਾਰਕ– ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਸਪੇਨ ਦੇ ਪਾਬਲੋ ਕਾਰੇਨੋ ਬੁਸਤਾ ਵਿਰੁੱਧ ਚੌਥੇ ਦੌਰ ਦੇ ਮੈਚ ਦੌਰਾਨ 'ਮਹਿਲਾ ਲਾਈਨ ਜੱਜ' ਨੂੰ ਬਾਲ ਮਾਰਨ ਦੇ ਕਾਰਣ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। 17 ਗ੍ਰੈਂਡ ਸਲੈਮ ਖਿਤਾਬਾਂ ਦੇ ਜੇਤੂ ਜੋਕੋਵਿਚ ਦੇ ਸ਼ਾਨਦਾਰ ਕਰੀਅਰ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਉਸ ਨੂੰ ਕਿਸੇ ਟੂਰਨਾਮੈਂਟ ਵਿਚੋਂ ਇਸ ਤਰ੍ਹਾਂ ਬਾਹਰ ਹੋਣਾ ਪਿਆ ਹੈ। ਜੋਕੋਵਿਚ ਦਾ ਚੌਥੇ ਦੌਰ ਵਿਚ ਮੁਕਾਬਲਾ 27ਵੀਂ ਰੈਂਕਿੰਗ ਦੇ ਸਪੇਨ ਦੇ ਪਾਬਲੋ ਕਾਰੇਨੋ ਬੁਸਤਾ ਨਾਲ ਸੀ, ਜਿੱਥੇ ਉਹ ਪਹਿਲੇ ਸੈੱਟ ਵਿਚ ਆਪਣੀ ਸਰਵਿਸ ਗੁਆ ਕੇ ਬੁਸਤਾ ਤੋਂ 5-6 ਨਾਲ ਪਿਛੜ ਗਿਆ ਸੀ। ਸਰਵਿਸ ਗੁਆਉਣ ਤੋਂ ਬਾਅਦ ਖਿਝੇ ਹੋਏ ਜੋਕੋਵਿਚ ਨੇ ਰੈਕੇਟ ਨਾਲ ਬਾਲ ਨੂੰ ਪਿੱਛੇ ਵੱਲ ਜ਼ੋਰ ਨਾਲ ਮਾਰ ਦਿੱਤਾ। ਬਾਲ ਸਿੱਧੀ ਜਾ ਕੇ 'ਮਹਿਲਾ ਲਾਈਨ ਜੱਜ' ਦੇ ਗਲੇ 'ਤੇ ਲੱਗੀ ਤੇ ਉਹ ਦਰਦ ਨਾਲ ਰੋਂਦੀ ਹੋਈ ਆਪਣੀ ਜਗ੍ਹਾ 'ਤੇ ਹੀ ਡਿੱਗ ਪਈ।

PunjabKesari
ਜੋਕੋਵਿਕ ਨੇ ਡਿੱਗਣ ਦੀ ਆਵਾਜ਼ ਸੁਣ ਕੇ ਤੁਰੰਤ ਪਿੱਛੇ ਮੁੜਦੇ ਹੋਏ ਹੱਥ ਚੁੱਕ ਕੇ ਸੌਰੀ ਕਿਹਾ ਪਰ ਜੋ ਨੁਕਸਾਨ ਹੋਣਾ ਸੀ, ਉਹ ਹੋ ਚੁੱਕਿਆ ਸੀ। ਇਸ ਘਟਨਾ ਨਾਲ ਜੋਕੋਵਿਚ ਸਮੇਤ ਸਾਰੇ ਸੁੰਨ੍ਹ ਹੋ ਚੁੱਕੇ ਸਨ। ਟੂਰਨਾਮੈਂਟ ਰੈਫਰੀ ਸੋਰੇਨ ਫ੍ਰੀਮੇਲ, ਚੇਅਰ ਅੰਪਾਇਰ ਓਰੇਲੀ ਟਾਰਟੇ ਤੇ ਗ੍ਰੈਂਡ ਸਲੇਮ ਸੁਪਰਵਾਈਜਰ ਆਂਦ੍ਰਿਯਸ ਐਗਲੀ ਨੇ ਕੋਰਟ 'ਤੇ ਜੋਕੋਵਿਚ ਨਾਲ ਗੱਲ ਕੀਤੀ ਤੇ ਇਸ ਦੌਰਾਨ ਬੁਸਤਾ ਆਪਣੀ ਕੁਰਸੀ 'ਤੇ ਬੈਠਾ ਹੈਰਾਨ ਹੋਈ ਇਸ ਸਾਰੀ ਘਟਨਾ ਨੂੰ ਦੇਖ ਰਿਹਾ ਸੀ।12 ਮਿੰਟ ਤਕ ਚੱਲੀ ਗੱਲਬਾਤ ਤੋਂ ਬਾਅਦ ਫੈਸਲਾ ਹੋ ਗਿਆ ਤੇ ਜੋਕੋਵਿਚ ਨੂੰ ਖੇਡ ਜਾਬਤੇ ਦੀ ਉਲੰਘਣਾ ਕਰਣ ਦੇ ਕਾਰਣ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ ਗਿਆ। ਟੂਰਨਾਮੈਂਟ ਅਧਿਕਾਰੀਆਂ ਦੇ ਫੈਸਲੇ ਤੋਂ ਬਾਅਦ ਜੋਕੋਵਿਚ ਨਿਰਾਸ਼ਾ ਵਿਚ ਆਪਣੀ ਕੁਰਸੀ ਕੋਲ ਪਹੁੰਚਿਆ, ਆਪਣੇ ਰੈਕੇਟ ਨੂੰ ਬੈਗ ਵਿਚ ਪਾਇਆ ਤੇ ਥੱਕੇ ਹੋਏ ਕਦਮਾਂ ਨਾਲ ਕੋਰਟ ਵਿਚੋਂ ਬਾਹਰ ਚਲਾ ਗਿਆ। ਇਸਦੇ ਨਾਲ ਹੀ ਉਸਦੀ ਇਸ ਸਾਲ 26 ਮੈਚਾਂ ਦੀ ਅਜੇਤੂ ਮੁਹਿੰਮ ਵੀ ਮੰਦਭਾਗੇ ਢੰਗ ਨਾਲ ਖਤਮ ਹੋ ਗਈ।

PunjabKesari
ਨਿਯਮ- ਗ੍ਰੈਂਡ ਸਲੈਮ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਖਿਡਾਰੀ ਕਿਸੇ ਅਧਿਕਾਰੀ ਜਾਂ ਦਰਸ਼ਕ ਨੂੰ ਜ਼ਖ਼ਮੀ ਕਰਦਾ ਹੈ ਤਾਂ ਨਤੀਜੇ ਵਜੋਂ ਉਸ 'ਤੇ ਜੁਰਮਾਨਾ ਲਾਉਣ ਦੇ ਨਾਲ ਹੀ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ ਤੇ ਮੈਚ ਰੈਫਰੀ ਨੇ ਜੋਕੋਵਿਚ ਨੂੰ ਵੀ ਦੋਸ਼ੀ ਪਾਇਆ। ਅਮਰੀਕੀ ਟੈਨਿਸ ਸੰਘ ਨੇ ਕਿਹਾ ਕਿ ਇਸ ਘਟਨਾ ਦੇ ਕਾਰਣ ਟੂਰਨਾਮੈਂਟ ਵਿਚ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ਤਕ ਪਹੁੰਚਣ 'ਤੇ ਜੋਕੋਵਿਚ ਨੂੰ ਮਿਲਣ ਵਾਲੀ 2 ਲੱਖ 50 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵੀ ਕੱਟ ਲਈ ਜਾਵੇਗੀ ਜਿਹੜੀ ਉਸ 'ਤੇ ਲਾਇਆ ਜੁਰਮਾਨਾ ਹੈ। ਇਸ ਦੇ ਨਾਲ ਹੀ ਉਸ ਨੂੰ ਟੂਰਨਾਮੈਂਟ ਵਿਚੋਂ ਮਿਲਣ ਵਾਲੇ ਰੈਂਕਿੰਗ ਅੰਕ ਵੀ ਕੱਟ ਦਿੱਤੇ ਜਾਣਗੇ। ਇਸ ਵਿਚਾਲੇ ਟੂਰਨਾਮੈਂਟ ਬੁਲਾਰੇ ਨੇ ਦੱਸਿਆ ਕਿ ਲਾਈਨ ਜੱਜ ਦੀ ਹਾਲਤ ਠੀਕ ਹੈ ਤੇ ਉਸ ਨੂੰ ਕੋਰਟ ਤੋਂ ਬਾਹਰ ਨਹੀਂ ਲਿਜਾਇਆ ਗਿਆ ਸੀ। ਲਾਈਨ ਜੱਜ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਹਾਲਾਂਕਿ ਜੋਕੋਵਿਚ ਨੇ ਕੋਰਟ ਛੱਡਦੇ ਸਮੇਂ ਉਸਦੇ ਨਾਲ ਹੱਥ ਵੀ ਮਿਲਾਇਆ ਸੀ।

PunjabKesari
ਜੋਕੋਵਿਚ ਨੂੰ 3 ਮਹੀਨਿਆਂ ਅੰਦਰ ਦੂਜੀ ਵਾਰ ਮੰਗਣੀ ਵੀ ਜਨਤਕ ਤੌਰ 'ਤੇ ਮੁਆਫੀ– ਮੰਦਭਾਗੇ ਢੰਗ ਨਾਲ ਟੂਰਨਾਮੈਂਟ ਵਿਚੋਂ ਬਾਹਰ ਹੋਏ ਜੋਕੋਵਿਚ ਲਈ ਤਿੰਨ ਮਹੀਨਿਆਂ ਅੰਦਰ ਇਹ ਇਹ ਦੂਜਾ ਮੌਕਾ ਹੈ ਜਦੋਂ ਉਸ ਨੂੰ ਜਨਤਕ ਤੌਰ 'ਤੇ ਮੁਆਫੀ ਮੰਗਣੀ ਪਈ ਹੈ। ਜੋਕੋਵਿਚ ਨੇ ਇਸ ਤੋਂ ਪਹਿਲਾਂ ਕੋਰੋਨਾ ਵਿਚਾਲੇ 4 ਗੇੜ ਦੇ ਐਂਡ੍ਰੀਅਨ ਟੂਰ ਦਾ ਆਯੋਜਨ ਕੀਤਾ ਸੀ, ਜਿਸ ਵਿਚ ਉਹ ਤੇ ਕੁਝ ਹੋਰ ਖਿਡਾਰੀ ਕੋਰੋਨਾ ਤੋਂ ਪਾਜ਼ੇਟਿਵ ਹੋ ਗਏ ਸਨ, ਜਿਸਦੇ ਲਈ ਜੋਕੋਵਿਚ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਐਂਡ੍ਰੀਅਨ ਟੂਰ ਨੂੰ ਦੂਜੇ ਗੇੜ ਤੋਂ ਬਾਅਦ ਰੱਦ ਕਰਨਾ ਪਿਆ ਸੀ ਤੇ ਜੋਕੋਵਿਚ ਨੇ ਇਸਦੇ ਲਈ ਮੁਆਫੀ ਮੰਗੀ ਸੀ।

PunjabKesari
ਬੁਸਤਾ ਕੁਆਰਟਰ ਫਾਈਨਲ 'ਚ- ਜੋਕੋਵਿਚ ਦੇ ਬਾਹਰ ਹੋਣ ਨਾਲ ਵਿਸ਼ਵ ਦਾ 27ਵੇਂ ਨੰਬਰ ਦਾ ਖਿਡਾਰੀ ਪਾਬਲੋ ਕਾਰੇਨੋ ਬੁਸਤਾ ਨੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸਦਾ ਮੁਕਾਬਲਾ ਕੈਨੇਡਾ ਦੇ ਨੌਜਵਾਨ ਖਿਡਾਰੀ ਡੈਨਿਸ ਸ਼ਾਪੋਵਾਲੋਵ ਨਾਲ ਹੋਵੇਗਾ। ਸ਼ਾਪੋਵਾਲੋਵ ਨੇ 7ਵੀਂ ਸੀਡ ਬੈਲਜੀਅਮ ਦੇ ਡੇਵਿਡ ਗੋਫਿਨ ਨੂੰ ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ 6-7, 6-3, 6-4, 6-3 ਨਾਲ ਹਰਾਇਆ।


author

Gurdeep Singh

Content Editor

Related News