ਧੋਨੀ ਨੇ ਪਾਕਿ ਦੇ ਖਿਡਾਰੀ ਨੂੰ ਭੇਜਿਆ ਖ਼ਾਸ ਤੋਹਫ਼ਾ, ਗਿਫਟ ਪ੍ਰਾਪਤ ਕਰਕੇ ਭਾਵੁਕ ਹੋਇਆ ਗੇਂਦਬਾਜ਼
Saturday, Jan 08, 2022 - 12:37 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਤੋਂ ਖ਼ਾਸ ਤੋਹਫ਼ਾ ਪ੍ਰਾਪਤ ਕਰਕੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਊਫ਼ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਰਊਫ਼ ਨੇ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਧੋਨੀ ਨੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੀ ਨੰਬਰ 7 ਜਰਸੀ ਤੋਹਫ਼ੇ ਵਜੋਂ ਦਿੱਤੀ ਹੈ। ਉਨ੍ਹਾਂ ਨੇ ਧੋਨੀ ਤੇ ਸੀ. ਐੱਸ. ਕੇ. ਟੀਮ ਮੈਨੇਜਰ ਨੂੰ ਵੀ ਇਸ ਤੋਹਫੇ ਲਈ ਧੰਨਵਾਦ ਦਿੱਤਾ।
ਇਹ ਵੀ ਪੜ੍ਹੋ : ਦਾਨੁਸ਼ਕਾ ਗੁਣਾਤਿਲਕਾ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
ਰਊਫ਼ ਨੇ ਧੋਨੀ ਤੋਂ ਮਿਲੀ ਤੋਹਫੇ 'ਚ ਜਰਸੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਕ ਭਾਵੁਕ ਟਵੀਟ ਕੀਤਾ ਕਿ ਧਾਕੜ ਤੇ ਕੈਪਟਨ ਕੂਲ ਐੱਮ. ਐੱਸ. ਧੋਨੀ ਨੇ ਮੈਨੂੰ ਇਸ ਖ਼ੂਬਸੂਰਤ ਤੋਹਫੇ ਭਾਵ ਆਪਣੀ ਟੀ-ਸ਼ਰਟ ਨਾਲ ਸਨਮਾਨਿਤ ਕੀਤਾ ਹੈ। '7' ਅਜੇ ਵੀ ਆਪਣੀ ਦਿਆਲੁਤਾ ਤੇ ਸੱਦਭਾਵਨਾ ਰਾਹੀਂ ਦਿਲ ਜਿੱਤ ਰਹੇ ਹਨ।
The legend & capt cool @msdhoni has honored me with this beautiful gift his shirt. The "7" still winning hearts through his kind & goodwill gestures. @russcsk specially Thank you so much for kind support. pic.twitter.com/XYpSNKj2Ia
— Haris Rauf (@HarisRauf14) January 7, 2022
ਰਊਫ ਨੂੰ ਧੋਨੀ ਦੇ ਖ਼ਿਲਾਫ਼ ਖੇਡਣ ਦਾ ਕਦੀ ਵੀ ਮੌਕਾ ਨਹੀਂ ਮਿਲਿਆ। ਉਹ ਪਾਕਿਸਤਾਨ ਦੀ ਪਲੇਇੰਗ ਇਲੈਵਨ 'ਚ ਸਨ ਜਦੋਂ ਪਿਛਲੇ ਸਾਲ ਦੋਵੇਂ ਟੀਮਾਂ ਦਰਮਿਆਨ ਟੀ-20 ਵਿਸ਼ਵ ਕੱਪ ਸੁਪਰ-12 ਪੜਾਅ 'ਚ ਮੁਕਾਬਲਾ ਹੋਇਆ ਸੀ। ਵਿਸ਼ੇਸ਼ ਤੌਰ 'ਤੇ ਤਜਰਬੇਕਾਰ ਵਿਕਟਕੀਪਰ-ਬੱਲੇਬਾਜ਼ ਭਾਰਤ ਦੇ ਬੈਕਰੂਮ ਸਟਾਫ਼ ਦਾ ਹਿੱਸਾ ਸਨ। ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਉਸ ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਸੀ।
ਇਹ ਵੀ ਪੜ੍ਹੋ : ਸਰਦਰੁੱਤ ਓਲੰਪਿਕ ਦੀ ਟਿਕਟ ਪੱਕੀ ਕਰਨ ਵਾਲੇ ਆਰਿਫ਼ ਖ਼ਾਨ ਨੂੰ ਟਾਪਸ 'ਚ ਮਿਲੀ ਜਗ੍ਹਾ
ਜ਼ਿਕਰਯੋਗ ਹੈ ਕਿ ਧੋਨੀ ਨੇ ਅਗਸਤ 2020 'ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ ਤੇ ਇਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਖੇਡਦੇ ਹਨ ਤੇ ਆਗਾਮੀ ਆਈ. ਪੀ. ਐੱਲ. 2022 'ਚ ਐਕਸ਼ਨ 'ਚ ਨਜ਼ਰ ਆਉਣਗੇ। ਧੋਨੀ ਇਸ ਸਾਲ ਦੀ ਮੇਗਾ ਨਿਲਾਮੀ ਤੋਂ ਪਹਿਲਾਂ ਸੀ. ਐੱਸ. ਕੇ. ਦੀ ਦੂਜੀ ਪਸੰਦ ਸਨ, ਉਨ੍ਹਾਂ ਨੂੰ 12 ਕਰੋੜ ਰੁਪਏ ਦਾ ਮਿਹਨਤਾਨਾ ਮਿਲੇਗਾ। ਦੂਜੇ ਪਾਸੇ ਰਊਫ਼ ਵਰਤਮਾਨ 'ਚ ਬਿੱਗ ਬੈਸ਼ ਲੀਗ (ਬੀ. ਬੀ. ਐੱਲ) ਦੇ ਮੌਜੂਦਾ ਸੈਸ਼ਨ ਲਈ ਆਸਟਰੇਲੀਆ 'ਚ ਹਨ ਜਿੱਥੇ ਉਹ ਮੈਲਬੋਰਨ ਸਟਾਰਸ ਟੀਮ ਦਾ ਹਿੱਸਾ ਹਨ। ਇਸ 28 ਸਾਲਾ ਖਿਡਾਰੀ ਨੇ ਅਜੇ ਤਕ ਦੋ ਮੈਚ ਖੇਡੇ ਹਨ, ਜਿਸ 'ਚ ਤਿੰਨ ਵਿਕਟਾਂ ਹਾਸਲ ਕੀਤੀਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।