ਗੋਡੇ ਦੀ ਸੱਟ ਕਾਰਨ ਇੰਡੀਅਨ ਵੇਲਸ ਤੋਂ ਹਟੇ ਡੇਲ ਪੋਤਰੋ

02/28/2019 3:07:10 PM

ਇੰਡੀਅਨ ਵੇਲਸ : ਸਾਬਕਾ ਚੈਂਪੀਅਨ ਜੁਆਨ ਮਾਰਟਿਨ ਡੇਲ ਪੋਤਰੋ ਨੇ ਗੋਡੇ ਦੀ ਸੱਟ ਕਾਰਨ ਅਗਲੇ ਮਹੀਨੇ ਹੋਣ ਵਾਲੇ ਬੀ. ਐੱਨ. ਪੀ. ਪਾਰੀਬਸ ਓਪਨ ਤੋਂ ਹਟਣ ਦਾ ਫੈਸਲਾ ਕੀਤਾ। ਡੇਲ ਪੋਤਰੋ ਨੇ ਟੂਰਨਾਮੈਂਟ ਦੇ ਅਧਿਕਾਰੀਆਂ ਦੇ ਜ਼ਰੀਏ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਹੈ ਅਤੇ ਉਹ ਜਲਦੀ ਹੀ ਵਾਪਸੀ ਕਰਨਗੇ। ਉਸ ਨੇ ਪਿਛਲੇ ਸਾਲ ਰੋਜ਼ਰ ਫੈਡਰਰ ਨੂੰ ਹਰਾ ਕੇ ਪਹਿਲਾ ਮਾਸਟਰਸ 1000 ਖਿਤਾਬ ਹਾਸਲ ਕੀਤਾ ਸੀ। ਚੌਥੀ ਰੈਂਕਿੰਗ 'ਤੇ ਕਾਬਿਜ਼ ਅਰਜਨਟੀਨਾ ਦੇ ਇਸ ਖਿਡਾਰੀ ਨੂੰ ਫਲੋਰਿਡਾ ਵਿਚ ਪਿਛਲੇ ਹਫਤੇ ਹੋਏ ਡੇਲਰੇ ਬੀਚ ਓਪਨ ਦੇ ਕੁਆਰਟਰ ਫਾਈਨਲ ਵਿਚ ਹਾਰ ਦਾ ਮੁੰਹ ਦੇਖਣਾ ਪਿਆ ਸੀ।

ਅਕਤੂਬਰ ਵਿਚ ਸ਼ੰਘਾਈ ਮਾਸਟਰਸ ਵਿਚ ਉਸ ਦਾ ਗੋਡਾ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਡੇਲਰੇ ਬੀਚ ਓਪਨ ਉਸ ਦਾ ਪਹਿਲਾ ਟੂਰਨਾਮੈਂਟ ਸੀ। ਉਸ ਨੇ ਇਸ ਹਫਤੇ ਅਕਾਪੁਲਕੋ ਵਿਚ ਹੋਣ ਵਾਲੇ ਮੈਕਸੀਕਨ ਓਪਨ ਤੋਂ ਨਾਂ ਵਾਪਸ ਲੈ ਲਿਆ ਸੀ ਜਿਸ ਵਿਚ ਪਿਛਲੇ ਸਾਲ ਉਸ ਨੇ ਖਿਤਾਬ ਜਿੱਤਿਆ ਸੀ। ਉਹ ਜਨਵਰੀ ਵਿਚ ਆਸਟਰੇਲੀਅਨ ਓਪਨ ਵਿਚ ਵੀ ਨਹੀਂ ਖੇਡੇ ਸੀ। ਉਸਦੇ ਹਟਣ ਨਾਲ ਜਾਪਾਨ ਦੇ ਟਾਰੋ ਡੈਨੀਅਲ ਪੁਰਸ਼ਾਂ ਦੇ ਡਰਾਅ ਵਿਚ ਸ਼ਾਮਲ ਹੋ ਜਾਣਗੇ।


Related News