ਮੌਸਮ ਦੀ ਬੇਰੁਖੀ ਕਾਰਨ ਅੰਨਦਾਤਾ ਦੀਆਂ ਮੁਸ਼ਕਿਲਾਂ ਵਧੀਆਂ! ਚਿੰਤਾ ’ਚ ਡੁੱਬੇ ਕਿਸਾਨ
Wednesday, Apr 08, 2026 - 07:29 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਜ਼ਿਲ੍ਹਾ ਰੂਪਨਗਰ ਅਤੇ ਨੂਰਪੁਰਬੇਦੀ ਖੇਤਰ ’ਚ ਸਾਰੀ ਰਾਤ ਪਈ ਭਾਰੀ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਮੌਸਮ ਦੀ ਬੇਰੁਖੀ ਕਾਰਨ ਕਿਸਾਨਾਂ ਵੱਲੋਂ ਖੇਤਾਂ ’ਚ ਕੱਟ ਕੇ ਰੱਖੀ ਕਣਕ ਦੀ ਫ਼ਸਲ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਬਾਰਿਸ਼ ਕਾਰਨ ਖੇਤਾਂ ’ਚ ਭਾਰੀ ਮਾਤਰਾ ’ਚ ਪਾਣੀ ਵੀ ਜਮ੍ਹਾਂ ਹੋ ਗਿਆ ਹੈ, ਜਿਸ ਨਾਲ ਨਾ ਸਿਰਫ਼ ਕੱਟੀ ਹੋਈ ਫ਼ਸਲ ਭਿੱਜ ਗਈ ਹੈ, ਸਗੋਂ ਖੜ੍ਹੀ ਪੱਕੀ ਫ਼ਸਲ ਨੂੰ ਵੀ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਵਧ ਗਿਆ ਹੈ। ਇਸ ਸਥਿਤੀ ਨੇ ਕਿਸਾਨਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤੀ ਹੈ ਜਿਸ ਕਾਰਨ ਅੰਨਦਾਤਾ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਣ ਦਾ ਡਰ ਸਤਾਉਣ ਲੱਗਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 12 ਅਪ੍ਰੈਲ ਤੱਕ ਦੀ ਨਵੀਂ ਅਪਡੇਟ ਜਾਰੀ, 15 ਜ਼ਿਲ੍ਹਿਆਂ 'ਚ Alert
ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਪਈ ਲਗਾਤਾਰ ਭਾਰੀ ਬਾਰਿਸ਼ ਨੇ ਖੇਤਰ ਦੇ ਕਈ ਪਿੰਡਾਂ ’ਚ ਕਣਕ ਦੀ ਫਸਲ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਖਾਸ ਕਰ ਕੇ ਉਹ ਫ਼ਸਲ ਜੋ ਕਿਸਾਨਾਂ ਵੱਲੋਂ ਕੱਟ ਕੇ ਖੇਤਾਂ ’ਚ ਸੁੱਕਣ ਲਈ ਰੱਖੀ ਗਈ ਸੀ, ਉਹ ਪਾਣੀ ’ਚ ਭਿੱਜ ਕੇ ਖਰਾਬ ਹੋਣ ਲੱਗੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਫ਼ਸਲ ਦੀ ਗੁਣਵੱਤਾ ’ਤੇ ਸਿੱਧਾ ਅਸਰ ਪਵੇਗਾ ਅਤੇ ਦਾਣਾ ਕਾਲਾ ਪੈਣ ਦੇ ਅਸਾਰ ਬਣ ਗਏ ਹਨ। ਪਿੰਡ ਭੱਟੋਂ ਦੇ ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਆਪਣੀ ਕਣਕ ਦੀ ਕਟਾਈ ਕਰਵਾਈ ਸੀ ਅਤੇ ਫਸਲ ਖੇਤ ’ਚ ਹੀ ਰੱਖੀ ਹੋਈ ਸੀ ਪਰ ਅਚਾਨਕ ਆਈ ਭਾਰੀ ਬਾਰਿਸ਼ ਨੇ ਉਨ੍ਹਾਂ ਦੀ ਸਾਰੀ ਮਿਹਨਤ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਫਸਲ ਨਾ ਤਾਂ ਠੀਕ ਤਰੀਕੇ ਨਾਲ ਸੁੱਕੇਗੀ ਅਤੇ ਨਾ ਹੀ ਮੰਡੀ ’ਚ ਚੰਗੀ ਕੀਮਤ ਮਿਲੇਗੀ।
ਇਸੇ ਤਰ੍ਹਾਂ ਪਿੰਡ ਗੋਬਿੰਦਰਪੁਰ ਬੇਲਾ ਦੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਖੇਤਾਂ ’ਚ ਪਾਣੀ ਖੜ੍ਹਾ ਹੋਣ ਕਾਰਨ ਖੜ੍ਹੀ ਫਸਲ ਵੀ ਝੁਕ ਗਈ ਹੈ। ਉਨ੍ਹਾਂ ਅਨੁਸਾਰ ਜੇਕਰ ਮੌਸਮ ਸਾਫ਼ ਨਾ ਹੋਇਆ ਤਾਂ ਕਣਕ ਦੀ ਪੈਦਾਵਾਰ ’ਤੇ ਵੱਡਾ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਅੱਗੇ ਕਿਸਾਨ ਬਿਲਕੁਲ ਬੇਵਸ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ ਕੀਤਾ...

ਫ਼ਸਲ ਦੀ ਕਟਾਈ ਦਾ ਪ੍ਰਤੀ ਏਕੜ 2 ਹਜ਼ਾਰ ਰੁਪਏ ਖ਼ਰਚ ਹੋਰ ਵਧਣ ਦੇ ਆਸਾਰ
ਕਿਸਾਨ ਹਰਭਜਨ ਸਿੰਘ ਨੇ ਦੱਸਿਆ ਕਿ ਬਾਰਿਸ਼ ਕਾਰਨ ਵਾਢੀ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੱਟਾਈ ਵਾਲੀਆਂ ਮਸ਼ੀਨਾਂ ਖੇਤਾਂ ’ਚ ਨਹੀਂ ਜਾ ਸਕਦੀਆਂ ਕਿਉਂਕਿ ਮਿੱਟੀ ਗਿੱਲੀ ਹੋ ਚੁੱਕੀ ਹੈ। ਇਸ ਕਰ ਕੇ ਵਾਢੀ ਦਾ ਕੰਮ ਘੱਟੋ-ਘੱਟ ਇਕ ਹਫ਼ਤਾ ਪਿੱਛੇ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਮਜ਼ਦੂਰੀ ਦਾ ਖਰਚਾ ਵੀ ਵਧੇਗਾ ਅਤੇ ਇਕ ਅਨੁਮਾਨ ਮੁਤਾਬਕ ਇਕ ਏਕੜ ’ਚ ਖੜ੍ਹੀ ਫ਼ਸਲ ਦਾ ਖ਼ਰਚ 2 ਹਜ਼ਾਰ ਰੁਪਏ ਹੋਰ ਵਧ ਸਕਦਾ ਹੈ।
ਖੇਤਰ ਦੇ ਹੋਰਨਾਂ ਕਿਸਾਨਾਂ ਨੇ ਵੀ ਦੱਸਿਆ ਕਿ ਭਿੱਜੀ ਹੋਈ ਕਣਕ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੁੰਦਾ ਹੈ। ਜੇਕਰ ਸਮੇਂ ’ਤੇ ਧੁੱਪ ਨਾ ਨਿਕਲੀ ਤਾਂ ਫ਼ਸਲ ’ਚ ਫਫੂੰਦ ਲੱਗਣ ਦਾ ਖ਼ਤਰਾ ਵੀ ਬਣ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਉਤਪਾਦਨ ਘਟਦਾ ਹੈ, ਸਗੋਂ ਮੰਡੀ ’ਚ ਮਿਲਣ ਵਾਲੀ ਕੀਮਤ ਵੀ ਘੱਟ ਜਾਂਦੀ ਹੈ।
ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦਾ ਜਲਦੀ ਸਰਵੇ ਕਰਵਾਇਆ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਖ਼ਰਚੇ ਵਧਣ ਕਾਰਨ ਕਿਸਾਨ ਆਰਥਿਕ ਤੌਰ ’ਤੇ ਦਬਾਅ ’ਚ ਹਨ ਅਤੇ ਇਸ ਤਰ੍ਹਾਂ ਦੀ ਬਾਰਿਸ਼ ਨੇ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕੁੱਲ੍ਹ ਮਿਲਾ ਕੇ ਭਾਰੀ ਬਾਰਿਸ਼ ਨੇ ਕਣਕ ਦੀ ਤਿਆਰ ਅਤੇ ਵੱਢੀ ਹੋਈ ਫ਼ਸਲ ’ਤੇ ਵੱਡਾ ਅਸਰ ਪਾਇਆ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ਼ ਨਹੀਂ ਹੁੰਦਾ ਤਾਂ ਨੁਕਸਾਨ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੀ ਗੰਭੀਰ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਤਬਾਦਲੇ
ਜਮਹੂਰੀ ਕਿਸਾਨ ਸਭਾ ਦੇ ਨੁਮਾਇੰਦਿਆਂ ਨੇ ਪਿੰਡਾਂ ਦਾ ਦੌਰਾ ਕਰ ਕੇ ਲਿਆ ਫ਼ਸਲ ਦੇ ਨੁਕਸਾਨ ਦਾ ਜਾਇਜ਼ਾ
ਇਸ ਦੌਰਾਨ ਜਮਹੂਰੀ ਕਿਸਾਨ ਸਭਾ ਦੇ ਨੁਮਾਇੰਦਿਆਂ ਨੇ ਪਿੰਡਾਂ ’ਚ ਪਹੁੰਚ ਕੇ ਬਾਰਿਸ਼ ਨਾਲ ਖਰਾਬ ਹੋਈ ਫ਼ਸਲ ਦੇ ਨੁਕਸਾਨ ਦਾ ਜਾਇਜ਼ਾ ਲਿਆ। ਕੱਟੀ ਹੋਈ ਕਣਕ ਦੀ ਫ਼ਸਲ ਨੂੰ ਭਾਰੀ ਬਾਰਿਸ਼ ਨਾਲ ਪਹੁੰਚੇ ਨੁਕਸਾਨ ’ਤੇ ਪ੍ਰਤੀਕਿਰਿਆ ਦਿੰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਕਾਮਰੇਡ ਮੋਹਨ ਸਿੰਘ ਧਮਾਣਾ ਨੇ ਕਿਹਾ ਕਿ ਅਚਾਨਕ ਪਈ ਭਾਰੀ ਬਾਰਿਸ਼ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਈ ਪਿੰਡਾਂ ’ਚ ਕੱਟ ਕੇ ਰੱਖੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਭਿੱਜ ਗਈ ਹੈ, ਜਿਸ ਨਾਲ ਨਾ ਸਿਰਫ਼ ਪੈਦਾਵਾਰ ਘਟੇਗੀ ਸਗੋਂ ਦਾਣੇ ਦੀ ਗੁਣਵੱਤਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਬਿਨਾਂ ਦੇਰੀ ਕੀਤੇ ਖੇਤਾਂ ’ਚ ਜਾ ਕੇ ਨੁਕਸਾਨ ਦੀ ਗਿਰਦਾਵਰੀ ਕਰਨੀ ਚਾਹੀਦੀ ਹੈ ਤਾਂ ਜੋ ਅਸਲ ਹਾਲਾਤ ਦਾ ਅੰਦਾਜ਼ਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਮਹਿੰਗੇ ਬੀਜ, ਖਾਦ ਅਤੇ ਡੀਜ਼ਲ ਦੇ ਖਰਚੇ ਕਾਰਨ ਆਰਥਿਕ ਤਣਾਅ ’ਚ ਹਨ ਅਤੇ ਇਸ ਤਰ੍ਹਾਂ ਦੀ ਕੁਦਰਤੀ ਆਫ਼ਤ ਨੇ ਉਨ੍ਹਾਂ ਦੀ ਹਾਲਤ ਹੋਰ ਵੀ ਖਰਾਬ ਕਰ ਦਿੱਤੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਅਤੇ ਤੁਰੰਤ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡਾ. ਨਵਜੋਤ ਕੌਰ ਸਿੱਧੂ ਦੀ ਨਵੀਂ ਸਿਆਸੀ ਸ਼ੁਰੂਆਤ, ਕਰ 'ਤਾ ਵੱਡਾ ਐਲਾਨ
ਸੰਯੁਕਤ ਕਿਸਾਨ ਮੋਰਚਾ ਦੇ ਕਨਵੀਨਰ ਧਰਮਪਾਲ ਸੈਣੀਮਾਜਰਾ ਨੇ ਵੀ ਕਿਹਾ ਕਿ ਖੇਤਰ ’ਚ ਵੱਡੇ ਪੱਧਰ ’ਤੇ ਫਸਲ ਨੁਕਸਾਨ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਖੇਤਾਂ ’ਚ ਪਾਣੀ ਖੜ੍ਹਾ ਹੋਣ ਕਾਰਨ ਕੱਟੀ ਹੋਈ ਅਤੇ ਖੜ੍ਹੀ ਦੋਵੇਂ ਕਿਸਮਾਂ ਦੀ ਫਸਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਗਿਰਦਾਵਰੀ ਕਰ ਕੇ ਕਿਸਾਨਾਂ ਨੂੰ ਰਾਹਤ ਨਾ ਦਿੱਤੀ ਗਈ ਤਾਂ ਕਿਸਾਨ ਸੰਘਰਸ਼ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਰ-ਅੰਦਾਜ਼ ਕਰਨਾ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਵਾਂ ਆਗੂਆਂ ਨੇ ਇਕਸੁਰ ਹੋ ਕੇ ਮੰਗ ਕੀਤੀ ਕਿ ਸਰਕਾਰ ਤੁਰੰਤ ਵਿਸ਼ੇਸ਼ ਟੀਮਾਂ ਬਣਾ ਕੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇ ਅਤੇ ਪਾਰਦਰਸ਼ੀ ਢੰਗ ਨਾਲ ਨੁਕਸਾਨ ਦਾ ਜਾਇਜ਼ਾ ਲੈ ਕੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਜਾਰੀ ਕਰੇ, ਤਾਂ ਜੋ ਉਹ ਇਸ ਆਫ਼ਤ ਤੋਂ ਕੁਝ ਹੱਦ ਤੱਕ ਉਬਰ ਸਕਣ।
ਇਹ ਵੀ ਪੜ੍ਹੋ: ਪੰਜਾਬ 'ਚ ਫੜੀ ਗਈ ਨਸ਼ੇ ਦੀ ਵੱਡੀ ਖੇਪ! 16.8 ਕਿਲੋਗ੍ਰਾਮ ਹੈਰੋਇਨ ਸਣੇ 4 ਮੁਲਜ਼ਮ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
