CWC 2019 : ਬੰਗਲਾਦੇਸ਼ ਨੇ ਵਿੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ

06/17/2019 10:48:54 PM

ਟਾਂਟਨ— ਦੁਨੀਆ ਦੇ ਨੰਬਰ ਇਕ ਆਲਰਾਊਂਡਰ ਸ਼ਾਕਿਬ ਅਲ ਹਸਨ (ਅਜੇਤੂ 124) ਦੇ ਸ਼ਾਨਦਾਰ ਸੈਂਕੜੇ ਤੇ ਉਸ ਦੀ ਲਿਟਨ ਦਾਸ (ਅਜੇਤੂ 94) ਨਾਲ ਚੌਥੀ ਵਿਕਟ ਲਈ 189 ਦੌੜਾਂ ਦੀ ਜ਼ਬਰਦਸਤ ਅਜੇਤੂ ਸਾਂਝੇਦਾਰੀ ਦੀ ਬਦੌਲਤ ਜੁਆਇੰਟ ਕਿਲਰ ਬੰਗਲਾਦੇਸ਼ ਨੇ ਵੈਸਟਇੰਡੀਜ਼ ਦਾ ਆਈ. ਸੀ. ਸੀ. ਵਿਸਵ ਕੱਪ ਵਿਚ ਸੋਮਵਾਰ ਨੂੰ 7 ਵਿਕਟਾਂ ਨਾਲ ਸ਼ਿਕਾਰ ਕਰ ਲਿਆ। ਬੰਗਲਾਦੇਸ਼ ਨੇ ਵਿਸ਼ਵ ਕੱਪ ਵਿਚ ਆਪਣੇ ਪਹਿਲੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਵਰਗੀ ਮਜ਼ਬੂਤ ਟੀਮ ਨੂੰ ਹਰਾਇਆ ਸੀ ਤੇ ਹੁਣ ਬੰਗਲਾਦੇਸ਼ੀ ਟਾਈਗਰਾਂ ਨੇ ਵਿੰਡੀਜ਼ ਦਾ ਸ਼ਿਕਾਰ ਕਰਕੇ 5 ਮੈਚਾਂ ਵਿਚ ਆਪਣੀ ਦੂਜੀ ਜਿੱਤ ਦਰਜ ਕਰ ਲਈ ਤੇ ਅੰਕ ਸੂਚੀ ਵਿਚ ਪੰਜ ਅੰਕਾਂ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਈ। ਦੂਜੇ ਪਾਸੇ ਵਿੰਡੀਜ਼ ਨੂੰ ਪੰਜ ਮੈਚਾਂ ਵਿਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਹਾਰ ਤੋਂ ਬਾਅਦ ਉਸ ਦੇ ਖਾਤੇ ਵਿਚ ਸਿਰਫ 3 ਅੰਕ ਹਨ। 
ਬੰਗਾਲਦੇਸ਼ ਨੇ ਉਹ ਕਾਰਨਾਮਾ ਕਰ ਦਿਖਾਇਆ, ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਇਸ ਵਿਸ਼ਵ ਕੱਪ ਵਿਚ ਹੁਣ ਤਕ 250 ਤੋਂ ਉੱਪਰ ਦਾ ਇਹ ਪਹਿਲਾ ਸਫਲਤਾਵਪੂਰਕ ਟੀਚੇ ਦਾ ਪਿੱਛਾ ਸੀ। ਬੰਗਲਾਦੇਸ਼ ਦੀ ਵਨ ਡੇ ਵਿਚ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਦਿਆਂ ਇਹ ਸਭ ਤੋਂ ਵੱਡੀ ਜਿੱਤ ਹੈ ਜਦਕਿ ਵਿਸ਼ਵ ਕੱਪ ਦੇ ਇਤਿਹਾਸ ਵਿਚ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਦਿਆਂ ਦੂਜੀ ਸਭ ਤੋਂ ਵੱਡੀ ਜਿੱਤ ਹੈ।
ਵਿੰਡੀਜ਼ ਨੇ ਵਿਕਟਕੀਪਰ ਸ਼ਾਈ ਹੋਪ (96), ਓਪਨਰ ਐਵਿਨ ਲੂਈਸ (70) ਤੇ ਸ਼ਿਮਰੋਨ ਹੈੱਟਮਾਇਰ (50) ਦੀਆਂ ਸ਼ਾਨਦਾਰ ਪਾਰੀਆਂ ਨਾਲ  50 ਓਵਰਾਂ ਵਿਚ 8 ਵਿਕਟਾਂ 'ਤੇ 321 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਪਰ ਸ਼ਾਕਿਬ ਦੇ ਸੈਂਕੜੇ ਨੇ ਇਸ ਸਕੋਰ ਨੂੰ ਵੀ ਬੌਣਾ ਸਾਬਤ ਕਰ ਦਿੱਤਾ। ਬੰਗਲਾਦੇਸ਼ ਨੇ 41.3 ਓਵਰਾਂ ਵਿਚ 3 ਵਿਕਟਾਂ 'ਤੇ 322 ਦੌੜਾਂ ਬਣਾ ਕੇ ਜ਼ਬਰਦਸਤ ਜਿੱਤ ਹਾਸਲ ਕਰ ਲਈ। ਬੰਗਲਾਦੇਸ਼ ਦੀ ਵਿੰਡੀਜ਼ 'ਤੇ ਇਹ 38 ਮੈਚਾਂ ਵਿਚ 15ਵੀਂ ਜਿੱਤ ਹੈ।
ਸ਼ਾਕਿਬ ਦਾ ਇਹ 9ਵਾਂ ਸੈਂਕੜਾ ਹੈ ਤੇ ਇਸ ਦੇ ਨਾਲ ਹੀ ਉਸ ਨੇ 202 ਵਨ ਡੇ ਵਿਚ 6000 ਦੌੜਾਂ ਪੂਰੀਆਂ ਕਰਨ ਦੀ ਉਪਲੱਬਧੀ ਵੀ ਹਾਸਲ ਕਰ ਲਈ।  ਸ਼ਾਕਿਬ ਨੇ ਸਿਰਫ 99 ਗੇਂਦਾਂ 'ਤੇ ਅਜੇਤੂ 124 ਦੌੜਾਂ ਦੀ ਪਾਰੀ ਵਿਚ 16 ਚੌਕੇ ਲਾਏ ਤੇ ਪਲੇਅਰ ਆਫ ਦਿ ਮੈਚ ਬਣਿਆ। ਸ਼ਾਕਿਬ ਦੇ ਆਲ ਲਿਟਨ ਦਾਸ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਦਾ ਨਮੂਨਾ ਪੇਸ਼ ਕਰਦਿਆਂ 69 ਗੇਂਦਾਂ 'ਤੇ ਅਜੇਤੂ 94 ਦੌੜਾਂ ਵਿਚ 8 ਚੌਕੇ ਤੇ 4 ਛੱਕੇ ਲਾਏ। 

PunjabKesari

ਇਸ ਤੋਂ ਪਹਿਲਾਂ ਵੈਸਟਇੰਡੀਜ਼ ਲਈ ਹੋਪ ਨੇ ਬਿਹਤਰੀਨ ਬੱਲੇਬਾਜ਼ੀ ਕੀਤੀ ਪਰ ਫੁੱਲਟਾਸ 'ਤੇ ਖਰਾਬ ਸ਼ਾਟ ਖੇਡ ਕੇ ਉਹ ਉਸ ਸਮੇਂ ਆਪਣੀ ਵਿਕਟ ਗੁਆ ਬੈਠਾ ਜਦੋਂ ਉਹ ਆਪਣੇ ਸੱਤਵੇਂ ਵਨ ਡੇ ਸੈਂਕੜੇ ਤੋਂ ਸਿਰਫ 4 ਦੌੜਾਂ ਦੂਰ ਸੀ। 25 ਸਾਲਾ ਹੋਪ ਨੇ 121 ਗੇਂਦਾਂ 'ਤੇ 96 ਦੌੜਾਂ ਦੀ ਸਬਰ ਭਰੀ ਪਾਰੀ ਵਿਚ 4 ਚੌਕੇ ਤੇ 1 ਛੱਕਾ ਲਾਇਆ। ਹੋਪ ਨੇ ਪੂਰੀ ਪਾਰੀ ਸਬਰ ਭਰੇ ਅੰਦਾਜ਼ ਵਿਚ ਖੇਡੀ ਪਰ ਸੈਂਕੜਾ ਪੂਰਾ ਕਰਨ ਦੀ ਕਾਹਲੀ ਵਿਚ ਉਹ ਇਕ ਖਰਾਬ ਸ਼ਾਟ ਖੇਡ ਗਿਆ। ਓਪਨਰ ਕ੍ਰਿਸ ਗੇਲ ਦੀ ਵਿਕਟ 6 ਦੌੜਾਂ 'ਤੇ ਡਿੱਗਣ ਤੋਂ ਬਾਅਦ ਲੂਈਸ ਤੇ ਹੋਪ ਨੇ ਦੂਜੀ ਵਿਕਟ ਲਈ 116 ਦੌੜਾਂ ਦੀ ਸਾਂਝੇਦਾਰੀ ਕੀਤੀ। ਧਮਾਕੇਦਾਰ ਬੱਲੇਬਾਜ਼ ਗੇਲ ਹੈਰਾਨੀਜਨਕ ਰੂਪ ਨਾਲ 13 ਗੇਂਦਾਂ ਖੇਡ ਕੇ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਲੂਈਸ ਨੇ 67 ਗੇਂਦਾਂ 'ਤੇ 70 ਦੌੜਾਂ ਵਿਚ 6 ਚੌਕੇ ਤੇ 2 ਛੱਕੇ ਲਾਏ।
ਹੋਪ ਨੇ ਨਿਕੋਲਸ ਪੂਰਨ (25) ਨਾਲ ਤੀਜੀ ਵਿਕਟ ਲਈ 37 ਤੇ ਹੈੱਟਮਾਇਰ ਨਾਲ ਚੌਥੀ ਵਿਕਟ ਲਈ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਪੂਰਨ ਨੇ 30 ਗੇਂਦਾਂ ਵਿਚ 2 ਚੌਕੇ ਤੇ 1 ਛੱਕਾ ਲਾਇਆ, ਜਦਕਿ ਹੈੱਟਮਾਇਰ ਨੇ 26 ਗੇਂਦਾਂ 'ਤੇ 50 ਦੌੜਾਂ ਦੀ ਪਾਰੀ ਵਿਚ 4 ਚੌਕੇ ਤੇ 3 ਛੱਕੇ ਲਾਏ। ਕਪਤਾਨ ਜੈਸਨ ਹੋਲਡਰ ਨੇ ਸਿਰਫ 15 ਗੇਂਦਾਂ 'ਤੇ 33 ਦੌੜਾਂ ਵਿਚ 4 ਚੌਕੇ ਤੇ 2 ਛੱਕੇ ਲਾਏ। ਹੋਪ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਦੀ ਗੇਂਦ 'ਤੇ ਲਿਟਨ ਦਾਸ ਨੂੰ ਕੈਚ ਦੇ ਬੈਠਾ ਤੇ ਸਿਰਫ 4 ਦੌੜਾਂ ਨਾਲ ਸੈਂਕੜਾ ਨਹੀਂ ਬਣਾ ਸਕਿਆ। ਹੋਪ ਦੀ ਵਿਕਟ ਟੀਮ ਦੇ 297 ਦੇ ਸਕੋਰ 'ਤੇ ਡਿੱਗੀ। ਪਾਰੀ ਦੇ 49ਵੇਂ ਓਵਰ ਵਿਚ ਓਸਾਨੇ ਥਾਮਸ ਵਿਰੁੱਧ ਹਿੱਟ ਵਿਕਟ ਦੀ ਅਪੀਲ ਹੋਈ ਪਰ ਥਾਮਸ ਬਚ ਗਿਆ। ਦਰਅਸਲ ਮੁਸਤਾਫਿਜ਼ੁਰ ਦੀ ਯਾਰਕਰ 'ਤੇ ਥਾਮਸ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਬੱਲੇ 'ਤੇ ਨਹੀਂ ਆਈ। ਸ਼ਾਟ ਪੂਰਾ ਕਰਨ ਤੋਂ ਬਾਅਦ ਥਾਮਸ ਦਾ ਬੱਲਾ ਪਿੱਛੇ ਗਿਆ, ਜਿਸ ਨਾਲ ਟਕਰਾ ਕੇ ਵਿਕਟਾਂ ਡਿੱਗ ਗਈਆਂ ਪਰ ਬੰਗਲਾਦੇਸ਼ ਦੇ ਡੀ. ਆਰ. ਐੱਸ. 'ਤੇ ਤੀਜੇ ਅੰਪਾਇਰ ਨੇ ਫੈਸਲਾ ਦਿੱਤਾ ਕਿ ਸ਼ਾਟ ਪੂਰਾ ਹੋ ਚੁੱਕਾ ਸੀ, ਇਸ ਲਈ ਥਾਮਸ ਨੂੰ ਆਊਟ ਨਹੀਂ ਦਿੱਤਾ ਜਾ ਸਕਦਾ। 
ਮੁਹੰਮਦ ਸੈਫਉਦੀਨ ਨੇ ਆਖਰੀ ਓਵਰ ਵਿਚ ਚਾਰ ਗੇਂਦਾਂ ਕਰਵਾਈਆਂ, ਜਿਨ੍ਹਾਂ ਵਿਚੋਂ ਤਿੰਨ ਵਾਈਡ ਸਨ। ਡੈਰੇਨ ਬ੍ਰਾਵੋ ਨੇ ਓਵਰ ਦੀ ਤੀਜੀ ਗੇਂਦ 'ਤੇ ਛੱਕਾ ਲਾ ਦਿੱਤਾ ਪਰ ਆਖਰੀ ਗੇਂਦ 'ਤੇ ਬ੍ਰਾਵੋ ਬੋਲਡ ਹੋ ਗਿਆ। ਵਿੰਡੀਜ਼ ਨੇ 321 ਦਾ ਸਕੋਰ ਬਣਾਇਆ। ਬ੍ਰਾਵੋ ਨੇ 15 ਗੇਂਦਾਂ 'ਤੇ 2 ਛੱਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਬੰਗਲਾਦੇਸ਼ ਵਲੋਂ ਸੈਫਉਦੀਨ ਨੇ 72 ਦੌੜਾਂ 'ਤੇ 3 ਵਿਕਟਾਂ, ਮੁਸਤਾਫਿਜ਼ੁਰ ਨੇ 69 ਦੌੜਾਂ 'ਤੇ 3 ਵਿਕਟਾਂ ਤੇ ਸ਼ਾਕਿਬ ਅਲ ਹਸਨ ਨੇ 54 ਦੌੜਾਂ 'ਤੇ 2 ਵਿਕਟਾਂ ਲਈਆਂ।

ਟੀਮਾਂ :
ਵੈਸਟਇੰਡੀਜ਼ :
ਕ੍ਰਿਸ ਗੇਲ, ਈਵਿਨ ਲੇਵਿਸ, ਸ਼ਾਈ ਹੋਪ, ਡੈਰੇਨ ਬਰਾਵੋ, ਨਿਕੋਲਸ ਪੂਰਨ, ਸ਼ਿਮਰੋਨ ਹੈਟਮਾਇਰ, ਜੇਸਨ ਹੋਲਡਰ (ਕਪਤਾਨ), ਆਂਦਰੇ ਰਸੇਲ, ਸ਼ੇਲਡਨ ਕੋਟਰੇਲ, ਓਸ਼ਨਾ ਥਾਮਸ, ਸ਼ੈਨਨ ਗੈਬਰੀਅਲ 
ਬੰਗਲਾਦੇਸ਼ : ਤਮੀਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ, ਲਿਟਨ ਦਾਸ, ਮਹਿਮੁਦੁੱਲਾ, ਮੋਸਦਕ ਹੁਸੈਨ, ਮੁਹੰਮਦ ਸੈਫੂਦੀਨ, ਮਹਿਦੀ ਹਸਨ, ਮਸ਼ਰਫ਼ ਮੁਤਰਜਾ (ਕਪਤਾਨ), ਮੁਸਤਫਿਜ਼ੁਰ ਰਹਿਮਾਨ


Related News