CWC 2019 : ਪਾਕਿ ਸਾਹਮਣੇ ਅੱਜ ਮਜ਼ਬੂਤ ਵਿੰਡੀਜ਼ ਦੀ ਚੁਣੌਤੀ

Friday, May 31, 2019 - 12:51 AM (IST)

CWC 2019 : ਪਾਕਿ ਸਾਹਮਣੇ ਅੱਜ ਮਜ਼ਬੂਤ ਵਿੰਡੀਜ਼ ਦੀ ਚੁਣੌਤੀ

ਲੰਡਨ- ਅਭਿਆਸ ਮੈਚ ਵਿਚ ਆਪਣੇ ਧਾਕੜ ਬੱਲੇਬਾਜ਼ਾਂ ਦੀ ਤਾਕਤ ਦਿਖਾ ਚੁੱਕੀ ਵੈਸਟਇੰਡੀਜ਼ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਆਈ. ਸੀ. ਸੀ. ਵਿਸ਼ਵ ਕੱਪ-2019 ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜਿਹੜੀ ਪਿਛਲੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਵਜੂਦ ਉਲਟਫੇਰ ਕਰਨ ਵਿਚ ਮਾਹਿਰ ਮੰਨੀ ਜਾਂਦੀ ਹੈ। ਨਾਟਿੰਘਮ ਦੇ ਟ੍ਰੈਂਟ ਬ੍ਰਿਜ ਵਿਚ ਪਾਕਿਸਤਾਨ ਤੇ ਵਿੰਡੀਜ਼ ਦੀਆਂ ਟੀਮਾਂ ਇਕ-ਦੂਜੇ ਵਿਰੁੱਧ ਵਿਸ਼ਵ ਕੱਪ ਦੀ ਸ਼ੁਰੂਆਤ ਸਫਲਤਾ ਦੇ ਨਾਲ ਕਰਨ ਉਤਰਨਗੀਆਂ। ਦੋਵਾਂ ਹੀ ਟੀਮਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਨ੍ਹਾਂ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਕਮੀ ਹੈ ਪਰ ਆਪਣੇ ਦਿਨ ਇਹ ਕਿਸੇ ਵੀ ਵੱਡੀ ਟੀਮ ਨੂੰ ਹਰਾਉਣ ਦੀ ਸਮਰੱਥਾ ਰੱਖਦੀਆਂ ਹਨ।
ਹਾਲਾਂਕਿ ਮੌਜੂਦਾ ਹਾਲਾਤ ਅਨੁਸਾਰ ਵਿੰਡੀਜ਼ ਨੂੰ ਪਾਕਿਸਤਾਨ ਵਿਰੁੱਧ ਭਾਰੀ ਮੰਨਿਆ ਜਾ ਰਿਹਾ ਹੈ, ਜਿਸ ਨੇ ਨਿਊਜ਼ੀਲੈਂਡ ਵਰਗੀ ਮਜ਼ਬੂਤ ਟੀਮ ਵਿਰੁੱਧ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਅਭਿਆਸ ਮੈਚ ਵਿਚ 49.2 ਓਵਰਾਂ ਵਿਚ 421 ਦੌੜਾਂ ਦਾ ਸੋਕਰ ਖੜ੍ਹਾ ਕਰ ਦਿੱਤਾ ਸੀ ਤੇ ਉਸਦੇ ਖਿਡਾਰੀਆਂ ਦਾ ਦਾਅਵਾ ਹੈ ਕਿ ਉਹ ਮੁੱਖ ਮੁਕਾਬਲਿਆਂ ਵਿਚ ਇਸ ਅੰਕੜੇ ਨੂੰ 500 ਤਕ ਵੀ ਪਹੁੰਚਾ ਸਕਦੇ ਹਨ।  ਦੂਜੇ ਪਾਸੇ ਪਾਕਿਸਤਾਨ ਦੀ ਤਿਆਰੀ ਆਈ. ਸੀ. ਸੀ. ਟੂਰਨਾਮੈਂਟ ਦੇ ਹਿਸਾਬ ਨਾਲ ਔਸਤ ਦਰਜੇ ਦੀ ਕਹੀ ਜਾ ਸਕਦੀ ਹੈ, ਜਿਸ ਦਾ ਅਭਿਆਸ ਮੈਚਾਂ ਵਿਚ ਪ੍ਰਦਰਸ਼ਨ ਖਰਾਬ ਰਿਹਾ। 
1992 ਦੀ ਚੈਂਪੀਅਨ ਪਾਕਿਸਤਾਨ ਨੂੰ ਵਿਸ਼ਵ ਕੱਪ ਵਿਚ ਡੈਬਿਊ ਕਰ ਰਹੀ ਅਫਗਾਨਿਸਤਾਨ ਦੀ ਗੈਰ-ਤਜਰਬੇਕਾਰ ਟੀਮ ਨੇ ਹਾਰ ਦਾ ਸ਼ਰਮਨਾਕ ਘੁਟ ਪਿਲਾ ਦਿੱਤਾ ਸੀ, ਜਿਸ ਨੇ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉਸ ਨੂੰ ਮਨੋਵਿਗਿਆਨਕ ਦਬਾਅ ਵਿਚ ਲਿਆ ਦਿੱਤਾ ਹੈ। ਉਥੇ ਹੀ ਬੰਗਲਾਦੇਸ਼ ਵਿਰੁੱਧ ਦੂਜੇ ਅਭਿਆਸ ਮੈਚ ਵਿਚ ਉਸ ਨੂੰ ਗਲਤੀਆਂ ਸੁਧਾਰਨ ਦਾ ਮੌਕਾ ਹੀ ਨਹੀਂ ਮਿਲਿਆ, ਜਿਹੜਾ ਮੀਂਹ ਨਾਲ ਰੱਦ ਰਿਹਾ ਸੀ। ਇਸ ਤੋਂ ਪਹਿਲਾਂ ਮੇਜ਼ਬਾਨ ਇੰਗਲੈਂਡ ਵਿਰੁੱਧ ਹੋਈ ਉਸਦੀ ਆਖਰੀ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਉਸ ਨੂੰ 0-4 ਨਾਲ ਇਕਪਾਸੜ ਹਾਰ ਝੱਲਣੀ ਪਈ ਸੀ। ਇੰਨਾ ਹੀ ਨਹੀਂ ਪਾਕਿਸਤਾਨ ਨੇ ਆਪਣੇ ਆਖਰੀ 10 ਵਨ ਡੇ ਮੈਚਾਂ ਨੂੰ ਵੀ ਗੁਆਇਆ ਹੈ।


author

Gurdeep Singh

Content Editor

Related News