ਰੋਨਾਲਡੋ ਨੇ ਏਸੀ ਮਿਲਾਨ ਖਿਲਾਫ ਖੇਡਿਆ ਡਰਾਅ

02/15/2020 9:07:03 AM

ਸਪੋਰਟਸ ਡੈਸਕ— ਧਾਕੜ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੀ ਟੀਮ ਜੁਵੈਂਟਸ ਨੂੰ ਇਟਾਲੀਅਨ ਕੱਪ ਵਿਚ ਸੈਮੀਫਾਈਨਲ ਦੇ ਪਹਿਲੇ ਗੇੜ ਵਿਚ ਏਸੀ ਮਿਲਾਨ ਖ਼ਿਲਾਫ਼ ਹਾਰ ਤੋਂ ਬਚਾਅ ਲਿਆ। ਆਪਣੇ ਘਰ ਵਿਚ ਖੇਡ ਰਹੀ ਮਿਲਾਨ ਦੀ ਟੀਮ ਖ਼ਿਲਾਫ਼ ਜੁਵੈਂਟਸ ਪਿੱਛੜ ਰਿਹਾ ਸੀ ਤੇ ਫਿਰ ਇੰਜੁਰੀ ਟਾਈਮ ਵਿਚ ਰੋਨਾਲਡੋ ਨੇ ਪੈਨਲਟੀ 'ਤੇ ਗੋਲ ਕਰ ਕੇ ਮੈਚ 1-1 ਨਾਲ ਡਰਾਅ ਕਰਵਾ ਲਿਆ। ਹਾਲਾਂਕਿ ਇਸ ਮੈਚ ਵਿਚ ਦੋ ਪੁਰਾਣੇ ਵਿਰੋਧੀ ਤਜਰਬੇਕਾਰ ਸਟ੍ਰਾਈਕਰ ਰੋਨਾਲਡੋ ਤੇ ਜਲਾਟਨ ਇਬ੍ਰਾਹਿਮੋਵਿਕ ਵੀ ਆਹਮੋ-ਸਾਹਮਣੇ ਹੋਏ ਸਨ। ਰੋਨਾਲਡੋ ਦੇ ਮੋਢਿਆਂ 'ਤੇ ਜੁਵੈਂਟਸ ਦੇ ਗੋਲ ਸਕੋਰ ਨੂੰ ਚਲਾਉਣ ਦਾ ਭਾਰ ਸੀ ਜਿਸ ਨੂੰ ਉਨ੍ਹਾਂ ਨੇ ਪੂਰਾ ਵੀ ਕੀਤਾ ਪਰ ਮਿਲਾਨ ਦੀ ਟੀਮ ਨੂੰ ਜ਼ਰੂਰ ਨਿਰਾਸ਼ਾ ਹੋਈ ਹੋਵੇਗੀ ਕਿਉਂਕਿ ਉਨ੍ਹਾਂ ਦੇ ਮੁੱਖ ਸਟ੍ਰਾਈਕਰ ਇਬ੍ਰਾਹਿਮੋਵਿਕ ਮੈਚ ਵਿਚ ਇਕ ਵੀ ਗੋਲ ਨਹੀਂ ਕਰ ਸਕੇ।

ਉਨ੍ਹਾਂ ਨੂੰ ਪਹਿਲੇ ਅੱਧ ਵਿਚ ਗੋਲ ਕਰਨ ਦੇ ਮੌਕੇ ਮਿਲੇ ਪਰ ਉਹ ਇਸ ਦਾ ਫ਼ਾਇਦਾ ਨਾ ਉਠਾ ਸਕੇ। ਇਸ ਨਾਲ ਹੀ ਮੈਚ ਦੇ 30ਵੇਂ ਮਿੰਟ ਵਿਚ ਉਨ੍ਹਾਂ ਨੂੰ ਪੀਲਾ ਕਾਰਡ ਵੀ ਦਿਖਾਇਆ ਗਿਆ। ਇਸ ਤਰ੍ਹਾਂ ਹੁਣ ਇਹ ਉਨ੍ਹਾਂ ਦਾ ਇਸ ਟੂਰਨਾਮੈਂਟ ਵਿਚ ਦੂਜਾ ਪੀਲਾ ਕਾਰਡ ਸੀ ਤੇ ਇਸ ਕਾਰਨ ਉਹ ਦੂਜੇ ਗੇੜ ਦਾ ਮੁਕਾਬਲਾ ਨਹੀਂ ਖੇਡ ਸਕਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪਿਛਲੇ ਮਹੀਨੇ ਕੁਆਰਟਰ ਫਾਈਨਲ ਵਿਚ ਟੋਰੀਨੋ ਖ਼ਿਲਾਫ਼ ਪੀਲਾ ਕਾਰਡ ਦਿਖਾਇਆ ਗਿਆ ਸੀ। ਇਸ ਤੋਂ ਇਲਾਵਾ ਮਿਲਾਨ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੋਈਆਂ ਤੇ 71ਵੇਂ ਮਿੰਟ ਵਿਚ ਥੀਓ ਹਰਨਾਂਡਿਜ ਨੂੰ ਰੈੱਡ ਕਾਰਡ ਮਿਲਣ ਕਾਰਨ ਉਨ੍ਹਾਂ ਨੂੰ ਮੈਦਾਨ 'ਚੋਂ ਬਾਹਰ ਜਾਣਾ ਪਿਆ ਤੇ ਟੀਮ ਨੂੰ ਬਾਕੀ ਮੈਚ 10 ਖਿਡਾਰੀਆਂ ਨਾਲ ਖੇਡਣਾ ਪਿਆ।


Tarsem Singh

Content Editor

Related News