ਨਾਈਟਹੁਡ ਸਨਮਾਨ ਨਾਲ ਨਵਾਜ਼ੇ ਜਾਣਗੇ ਵੈਸਟਇੰਡੀਜ਼ ਦੇ ਵਰਲਡ ਚੈਂਪੀਅਨ ਕਲਾਈਵ ਲਾਇਡ
Saturday, Dec 28, 2019 - 05:26 PM (IST)

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਧਾਕੜ ਕ੍ਰਿਕਟਰ ਕਲਾਈਵ ਲਾਇਡ ਨੂੰ ਬ੍ਰਿਟੇਨ ਦੇ ਵੱਕਾਰੀ ਨਾਈਟਹੁੱਡ ਸਨਮਾਨ ਨਾਲ ਨਵਾਜ਼ਿਆ ਜਾਵੇਗਾ ਜਦਕਿ ਇੰਗਲੈਂਡ ਨੂੰ ਆਈ. ਸੀ. ਸੀ. ਵਰਲਡ ਕੱਪ 2019 ਦਾ ਖਿਤਾਬ ਦਿਵਾਉਣ ਵਾਲੀ ਕ੍ਰਿਕਟ ਟੀਮ ਦੇ ਪੰਜ ਖਿਡਾਰੀਆਂ ਨੂੰ ਕਵੀਨ ਨਿਊ ਈਅਰ ਸਨਮਾਨ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਸਾਬਕਾ ਵਿੰਡੀਜ਼ ਕਪਤਾਨ ਲਾਇਡ ਦੀ ਅਗਵਾਈ 'ਚ ਕੈਰੇਬੀਆਈ ਟੀਮ ਦਾ ਕਈ ਸਾਲਾਂ ਤਕ ਕ੍ਰਿਕਟ 'ਚ ਦਬਦਬਾ ਰਿਹਾ ਸੀ। 75 ਸਾਲਾ ਸਾਬਕਾ ਕੈਰੇਬੀਆਈ ਕਪਤਾਨ ਨੂੰ ਨਵੇਂ ਸਾਲ 'ਤੇ ਨਾਈਟਹੁਡ ਸਨਮਾਨ ਨਾਲ ਨਵਾਜ਼ਿਆ ਜਾਵੇਗਾ ਜਿਸ ਦੀ ਜਾਣਕਾਰੀ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਟਵੀਟ ਕਰ ਕੇ ਦਿੱਤੀ।
ਲਾਇਡ ਨੇ 1974 ਤੋਂ 1985 ਤਕ ਵਿੰਡੀਜ਼ ਟੀਮ ਦੀ ਕਪਤਾਨੀ ਕੀਤੀ। ਉਨ੍ਹਾਂ ਤੋਂ ਇਲਾਵਾ ਵੈਸਟਇੰਡੀਜ਼ ਦੇ ਗੈਰੀ ਸੋਬਰਸ, ਐਵਟਰਨ ਵੀਕਸ ਅਤੇ ਵਿਵੀਅਨ ਰਿਚਰਡਸ ਨੂੰ ਵੀ ਇਸ ਪੁਰਸਕਾਰ ਨਾਲ ਨਵਾਜ਼ਿਆ ਜਾ ਚੁੱਕਾ ਹੈ। ਇੰਗਲੈਂਡ ਵਨ-ਡੇ ਕ੍ਰਿਕਟ ਟੀਮ ਦੇ ਕਪਤਾਨ ਦਾ ਸੀ. ਬੀ. ਈ., ਬੇਨ ਸਟੋਕਸ ਦਾ ਓ. ਬੀ. ਈ., ਜੋਸ ਬਟਲਰ ਅਤੇ ਜੋ ਰੂਟ ਦਾ ਐੱਮ. ਬੀ. ਈ. ਅਤੇ ਟੀਮ ਦੇ ਸਾਬਕਾ ਕੋਚ ਟ੍ਰੇਵਰ ਬੇਲਿਸ ਦਾ ਨਾਂ ਓ. ਬੀ. ਆਈ. ਸਨਮਾਨ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਪੰਜ ਖਿਡਾਰੀਆਂ ਦੇ ਇਲਾਵਾ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਦੇ ਪ੍ਰਧਾਨ ਕੋਲਿਨ ਗ੍ਰੇਵਸ ਨੂੰ ਸੀ. ਬੀ. ਈ. ਸਨਮਾਨ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇੰਗਲੈਂਡ ਨੇ ਇਸ ਸਾਲ ਜੁਲਾਈ 'ਚ ਕਪਤਾਨ ਮੋਰਗਨ ਦੀ ਅਗਵਾਈ 'ਚ ਪਹਿਲੀ ਵਾਰ ਵਰਲਡ ਕੱਪ ਜਿੱਤਿਆ ਸੀ। ਕੱਪ ਨੂੰ ਜਿੱਤਣ 'ਚ ਆਲਰਾਊਂਡਰ ਸਟੋਕਸ ਨੇ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਜਿਸ ਦੇ ਲਈ ਇਸੇ ਮਹੀਨੇ ਬੀ. ਬੀ. ਸੀ. ਨੇ ਸਾਲ ਦਾ ਸਪੋਰਟਸ ਸ਼ਖ਼ਸੀਅਤ ਖਿਡਾਰੀ ਐਲਾਨਿਆ ਸੀ।