ਬਿਜਲੀ ਬੋਰਡ ਦੇ ਰਿਟਾਇਰ ਮੁਲਾਜ਼ਮ ਨਾਲ 9 ਲੱਖ ਦੀ ਸਾਈਬਰ ਠੱਗੀ

Friday, Sep 12, 2025 - 11:54 PM (IST)

ਬਿਜਲੀ ਬੋਰਡ ਦੇ ਰਿਟਾਇਰ ਮੁਲਾਜ਼ਮ ਨਾਲ 9 ਲੱਖ ਦੀ ਸਾਈਬਰ ਠੱਗੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਸ੍ਰੀ ਮੁਕਤਸਰ ਸਾਹਿਬ ਦੇ ਬਿਜਲੀ ਬੋਰਡ ਵਿਭਾਗ ਤੋਂ ਰਿਟਾਇਰਡ ਮੁਲਾਜ਼ਮ ਨਾਲ ਕਰੀਬ 9 ਲੱਖ ਰੁਪਏ ਦੀ ਸਾਈਬਰ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕਰਾਈਮ ਤੋਂ ਪੀੜ੍ਹਤ ਬਿਜਲੀ ਬੋਰਡ ਤੋਂ ਸੇਵਾ ਮੁਕਤ ਕਰਮਚਾਰੀ ਅਸ਼ਵਨੀ ਬੇਦੀ ਨੇ ਭਰੇ ਮਨ ਨਾਲ ਆਪਣੀ ਦਰਦ ਕਹਾਣੀ ਬਿਆਨ ਕਰਦਿਆਂ ਦੱਸਿਆ ਕਿ ਬੀਤੀ 18 ਅਗਸਤ ਨੂੰ ਜਦ ਉਹ ਆਪਣੇ ਘਰ ਬੈਠਾ ਖਾਣਾ ਖਾ ਰਿਹਾ ਸੀ ਤਾਂ ਉਸ ਦੇ ਮੋਬਾਈਲ ਫੋਨ ਤੇ ਬੈਂਕ ਦਾ ਇੱਕ ਮੈਸੇਜ ਆਇਆ। 

ਮੈਸੇਜ ਪੜ੍ਹਨ ਤੇ ਪਤਾ ਲੱਗਾ ਕਿ ਉਸ ਦੇ ਪੰਜਾਬ ਨੈਸ਼ਨਲ ਬੈਂਕ ਵਿਚਲੇ ਸੇਵਿੰਗ ਖਾਤੇ ਵਿੱਚੋਂ ਪੰਜ ਹਜਾਰ ਰੁਪਿਆ ਕੱਟਿਆ ਗਿਆ ਹੈ। ਉਸ ਨੇ ਤੁਰੰਤ ਹੀ ਸਬੰਧਤ ਬੈਂਕ ਦੀ ਬਰਾਂਚ ਵਿੱਚ ਜਾ ਕੇ ਬੈਂਕ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਕਿ ਉਸ ਦੀ ਮਰਜ਼ੀ ਤੋਂ ਬਿਨਾਂ ਹੀ ਉਸ ਦੇ ਖਾਤੇ ਵਿੱਚੋਂ 5000 ਰੁਪਇਆ ਕੱਟਿਆ ਗਿਆ ਹੈ। ਬੈਂਕ ਅਧਿਕਾਰੀਆਂ ਨੇ ਉਸ ਦੀ ਗੱਲਬਾਤ ਤੇ ਫੌਰੀ ਕਾਰਵਾਈ ਕਰਦਿਆਂ ਉਸ ਦੇ ਬੈਂਕ ਖਾਤੇ ਨੂੰ ਫਰੀਜ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਪੀੜ੍ਹਤ ਵੱਲੋਂ ਬੈਂਕ ਵਿਚ ਪਹਿਲਾਂ ਤੋਂ ਹੀ ਕਰੀਬ 9 ਲੱਖ ਰੁਪਏ ਦੀ ਐਫ.ਡੀ ਵੀ ਕਰਵਾਈ ਹੋਈ ਸੀ। ਉਕਤ ਘਟਨਾ ਤੋਂ ਬਾਅਦ ਅਗਲੇ ਦਿਨ ਸਾਈਬਰ ਠੱਗਾਂ ਨੇ ਉਸ ਦੀ ਐਫ.ਡੀ. ਵਿੱਚੋਂ ਲੋਨ ਕਰਾ ਕੇ ਸਾਰੇ ਪੈਸੇ ਕਢਵਾ ਲਏ। 

ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ ਰਕਮ 8 ਲੱਖ 92 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ। ਜਦੋਂ ਉਹ ਆਪਣੇ ਐਫ਼ ਡੀ ਵਾਲੇ ਪੈਸੇ ਕਢਵਾਉਣ ਲਈ ਅਗਲੇ ਦਿਨ ਬੈਂਕ ਗਏ ਤਾਂ ਬੈਂਕ ਅਧਿਕਾਰੀਆਂ ਨੇ ਉਲਟਾ ਪੀੜ੍ਹਤ ਨੂੰ ਕਿਹਾ ਕਿ ਤੁਸੀਂ ਕਿਸ਼ਤ ਭਰਨ ਵਾਸਤੇ ਤਿਆਰ ਹੋ ਜਾਵੋ ਕਿਉਂਕਿ ਤੁਸੀਂ ਤਾਂ ਐਫ਼. ਡੀ. ਤੇ ਲੋਨ ਕਰਵਾ ਚੁੱਕੇ ਹੋ। ਬੈਂਕ ਅਧਿਕਾਰੀਆਂ ਦੇ ਮੂੰਹੋਂ ਇਹ ਗੱਲ ਸੁਣ ਕੇ ਪੀੜਤ ਅਸ਼ਵਨੀ ਕੁਮਾਰ ਹੱਕਾ ਬੱਕਾ ਹੀ ਰਹਿ ਗਿਆ। ਆਖਿਰ ਸਾਈਬਰ ਠੱਗਾਂ ਤੋਂ ਪੀੜ੍ਹਤ ਵਲੋਂ ਇਸ ਸਾਰੀ ਘਟਨਾ ਬਾਰੇ ਸਾਈਬਰ ਸੈਲ ਨੂੰ ਸੂਚਿਤ ਕੀਤਾ ਗਿਆ।
 


author

Inder Prajapati

Content Editor

Related News