ਪਨਬਸ ਦੇ ਕੰਡਕਟਰ ਵੱਲੋਂ ਮਹਿਲਾ ਨਾਲ ਸ਼ਰੇਆਮ ਕੁੱਟਮਾਰ, ਵੀਡੀਓ ਹੋਈ ਵਾਇਰਲ
Wednesday, Sep 10, 2025 - 05:46 PM (IST)

ਮੋਗਾ (ਕਸ਼ਿਸ਼) : ਪਿਛਲੇ ਦਿਨੀਂ ਪਨਬਸ ਦੇ ਕੰਡਕਟਰ ਅਤੇ ਮਹਿਲਾ ਵਿਚ ਹੋਈ ਬਹਿਸ ਤੋਂ ਬਾਅਦ ਕੰਡਕਟਰ ਵੱਲੋਂ ਮਹਿਲਾ ਨਾਲ ਕੀਤੀ ਗਈ ਕੁੱਟਮਾਰ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਲੜਕੀ ਵੱਲੋਂ ਪੁਲਸ ਚੌਂਕੀ ਫੋਕਲ ਪੁਆਇੰਟ ਵਿਖੇ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਕਮਿਸ਼ਨ ਵੱਲੋਂ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਕਮਿਸ਼ਨ ਦੇ ਹੁਕਮਾਂ 'ਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਸਮਾਲਸਰ ਤੋਂ ਇਕ ਮਹਿਲਾ ਮਨਪ੍ਰੀਤ ਕੌਰ ਪਨਬੱਸ ਵਿਚ ਸਵਾਰ ਹੋ ਕੇ ਬਾਈਪਾਸ 'ਤੇ ਪਹੁੰਚੀ ਜਦੋਂ ਉਹ ਬੱਸ ਤੋਂ ਉਤਰਨ ਲੱਗੀ ਤਾਂ ਪਾਣੀ ਖੜਾ ਹੋਇਆ ਸੀ। ਇਸ ਕਾਰਨ ਮਹਿਲਾ ਅਤੇ ਕੰਡਕਟਰ ਦੀ ਆਪਸ ਵਿਚ ਬਹਿਸ ਹੋ ਗਈ। ਕੰਡਕਟਰ ਵੱਲੋਂ ਮਹਿਲਾ ਨਾਲ ਕੁੱਟਮਾਰ ਕੀਤੀ ਗਈ ਜਿਸ ਦੀ ਵੀਡੀਓ ਵਾਇਰਲ ਹੋਈ। ਮਹਿਲਾ ਵੱਲੋਂ ਫੋਕਲ ਪੁਆਇੰਟ ਚੌਂਕੀ ਵਿਚ ਦਰਖਾਸਤ ਦਿੱਤੀ ਗਈ ਅਤੇ ਉਸ ਤੋਂ ਬਾਅਦ ਮਹਿਲਾ ਅਤੇ ਕੰਡਕਟਰ ਵਿਚ ਰਾਜੀਨਾਮੇ ਦੀ ਗੱਲ ਚੱਲ ਰਹੀ ਸੀ। ਵਾਇਰਲ ਵੀਡੀਓ ਮਹਿਲਾ ਕਮਿਸ਼ਨ ਕੋਲ ਪਹੁੰਚੀ ਤਾਂ ਮਹਿਲਾ ਕਮਿਸ਼ਨ ਵੱਲੋਂ ਕਾਰਵਾਈ ਕਰਨ ਦੇ ਆਦੇਸ਼ ਜਾਰੀ ਹੋਏ। ਉਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੰਡਕਟਰ ਅਮਨਦੀਪ ਜੋ ਕਿ ਬਰੇਟਾ ਦਾ ਰਹਿਣ ਵਾਲਾ ਹੈ, ਉੱਪਰ ਮਾਮਲਾ ਦਰਜ ਕਰ ਲਿਆ ਗਿਆ ਅਤੇ ਕੰਡਕਟਰ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।