ਜਥੇਦਾਰ ਗੜਗੱਜ ਨੇ ਆਨਰ ਕਿਲਿੰਗ ਦੇ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ

Wednesday, Sep 10, 2025 - 12:36 PM (IST)

ਜਥੇਦਾਰ ਗੜਗੱਜ ਨੇ ਆਨਰ ਕਿਲਿੰਗ ਦੇ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ

ਥੁੱਥੂਕੁੜੀ/ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਾਮਿਲਨਾਡੂ ਦੇ ਥੁੱਥੂਕੁੜੀ ਜ਼ਿਲ੍ਹੇ ਦੇ ਆਰੂਮੁਗਾਮੰਗਲਮ ਪਿੰਡ ਵਿਖੇ ਬੀਤੇ ਦਿਨੀਂ ਜਾਤ-ਪਾਤ ਵਿਤਕਰੇ ਅਧਾਰਿਤ ਆਨਰ ਕਿਲਿੰਗ ਵਿਚ ਕਤਲ ਕੀਤੇ ਗਏ 25 ਸਾਲਾ ਨੌਜਵਾਨ ਕਾਵਿਨ ਸੇਲਵਾ ਗਨੇਸ਼ ਦੇ ਮਾਪਿਆਂ-ਪਿਤਾ ਚੰਦਰ ਸ਼ੇਖਰ ਤੇ ਮਾਤਾ ਤਾਮਿਲ ਸੇਲਵੀ ਨਾਲ ਉਨ੍ਹਾਂ ਦੇ ਘਰ ਵਿਸ਼ੇਸ਼ ਰੂਪ ਵਿਚ ਪੁੱਜ ਕੇ ਮੁਲਾਕਾਤ ਕੀਤੀ ਅਤੇ ਪੀੜਤ ਪਰਿਵਾਰ ਨੂੰ ਹੌਂਸਲਾ ਦਿੱਤਾ ਕਿ ਉਹ ਇਨਸਾਫ਼ ਲਈ ਡੱਟ ਕੇ ਖੜ੍ਹਣ ਸਿੱਖ ਕੌਮ ਉਨ੍ਹਾਂ ਦੇ ਨਾਲ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਕਾਵਿਨ ਤਾਮਿਲਨਾਡੂ ਦੇ ਰਹਿਣ ਵਾਲੇ ਤਾਮਿਲ ਸਿੱਖ ਤੇ ਸੁਪਰੀਮ ਕੋਰਟ ਦੇ ਵਕੀਲ ਜੀਵਨ ਸਿੰਘ ਦੇ ਭਾਣਜਾ ਸਨ, ਜਿਨ੍ਹਾਂ ਦੇ ਸੱਦੇ ਉੱਤੇ ਜਥੇਦਾਰ ਗੜਗੱਜ ਇੱਥੇ ਪੁੱਜੇ। ਇਸ ਮੌਕੇ ਜਥੇਦਾਰ ਗੜਗੱਜ ਨੇ ਇਸ ਗੱਲ ਉੱਤੇ ਗਹਿਰੀ ਚਿੰਤਾ ਪ੍ਰਗਟਾਈ ਕਿ ਸੰਸਾਰ ਅੰਦਰ ਅੱਜ ਵੀ ਜਾਤੀਵਾਦ, ਰੰਗ ਭੇਦ ਅਤੇ ਜਾਤ ਅਧਾਰਿਤ ਵਿਤਕਰਾ ਤੇ ਆਨਰ ਕਿਲਿੰਗ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਫ਼ਲਸਫੇ ਵਿਚ ਸਮੁੱਚੀ ਮਾਨਵਤਾ ਨੂੰ ਇਕ ਅਕਾਲ ਪੁਰਖ ਦੇ ਬੰਦੇ ਆਖਿਆ ਗਿਆ ਹੈ। 

ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਕਾਲ ਪੁਰਖ ਦੇ ਸਨਮੁਖ ਪੀੜਤ ਪਰਿਵਾਰ ਨੂੰ ਇਨਸਾਫ਼ ਪ੍ਰਾਪਤ ਕਰਨ ਲਈ ਬਲ ਤੇ ਉੱਦਮ ਬਖ਼ਸ਼ਣ ਦੀ ਖੁਦ ਅਰਦਾਸ ਕੀਤੀ ਕਿ ਇਹ ਪਰਿਵਾਰ ਚੜ੍ਹਦੀ ਕਲਾ ਵਿਚ ਰਹੇ ਤੇ ਇਨ੍ਹਾਂ ਨਾਲ ਇਨਸਾਫ਼ ਹੋਵੇ। ਜਥੇਦਾਰ ਗੜਗੱਜ ਨੇ ਕਾਵਿਨ ਦੇ ਪਿਤਾ ਸ੍ਰੀ ਚੰਦਰ ਸ਼ੇਖਰ ਨੂੰ ਆਖਿਆ ਕਿ ਉਨ੍ਹਾਂ ਨੂੰ ਸਮਾਜ ਨੂੰ ਸੇਧ ਦੇਣ ਲਈ ਤੇ ਆਪਣੇ ਪੁੱਤਰ ਦਾ ਇਨਸਾਫ਼ ਪ੍ਰਾਪਤ ਕਰਨ ਲਈ ਹਿੰਮਤ ਨਾਲ ਕਾਨੂੰਨੀ ਲੜਾਈ ਲੜਣੀ ਪਵੇਗੀ ਤਾਂ ਜੋ ਜਾਤ ਪਾਤ ਦੇ ਵਿਤਕਰੇ ਨੂੰ ਠੱਲ੍ਹਿਆ ਜਾ ਸਕੇ ਤੇ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਬਹੁਤ ਪੁਰਾਣਾ ਹੈ, ਭਾਵੇਂ ਕਿ ਸਿੱਖ ਗੁਰੂ ਸਾਹਿਬਾਨ ਨੇ ਜਾਤ-ਪਾਤ ਅਧਾਰਿਤ ਭੇਦਭਾਵ ਤੇ ਵਿਤਕਰੇ ਨੂੰ ਬਹੁਤ ਸਮਾਂ ਪਹਿਲਾਂ ਹੀ ਖਤਮ ਕਰ ਦਿੱਤਾ ਸੀ ਪਰ ਅਜੇ ਤੱਕ ਇਹ ਸਮੱਸਿਆ ਤੇ ਅੱਤਿਆਚਾਰ ਸੰਸਾਰ ਵਿਚੋਂ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ। ਉਨ੍ਹਾਂ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ ਤਾਮਿਲਨਾਡੂ ਅਤੇ ਇਸ ਖੇਤਰ ਦੇ ਹੋਰ ਸੂਬਿਆਂ ਅੰਦਰੋਂ ਜਾਤ ਪਾਤ ਦਾ ਵਿਤਕਰਾ ਖਤਮ ਹੋਵੇ ਤੇ ਇਸ ਪਰਿਵਾਰ ਨੂੰ ਇਨਸਾਫ਼ ਮਿਲੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਇਨਸਾਫ਼ ਪ੍ਰਾਪਤ ਕਰਨਾ ਇਸ ਪਰਿਵਾਰ ਦਾ ਮੁੱਢਲਾ ਹੱਕ ਹੈ। 

ਜਥੇਦਾਰ ਗੜਗੱਜ ਤਾਮਿਲਨਾਡੂ ਵਿਖੇ ਧਰਮ ਪ੍ਰਚਾਰ ਲਹਿਰ ਖੁਆਰ ਹੋਏ ਸਭ ਮਿਲੈਂਗੇ ਤਹਿਤ ਤਿੰਨ ਦਿਨਾਂ ਦੀ ਪ੍ਰਚਾਰ ਫੇਰੀ ਉੱਤੇ ਹਨ, ਇਸ ਦੌਰਾਨ ਉਹ ਸੂਬੇ ਅੰਦਰ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿਚ ਜਾ ਕੇ ਸਥਾਨਕ ਲੋਕਾਂ ਅਤੇ ਜਾਤ-ਪਾਤ ਅਧਾਰਤ ਵਿਤਕਰੇ ਦੇ ਪੀੜਤਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਤੇ ਸਿੱਖੀ ਸਿਧਾਂਤਾਂ ਤੇ ਫ਼ਲਸਫ਼ੇ ਬਾਰੇ ਬਾਤਾਂ ਪਾ ਰਹੇ ਹਨ। ਉਨ੍ਹਾਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪਣੀਆਂ ਉਦਾਸੀਆਂ ਸਮੇਂ ਇਸ ਖੇਤਰ ਵਿੱਚ ਆਏ ਹਨ ਅਤੇ ਗੁਰੂ ਸਾਹਿਬ ਦੀ ਸਿੱਖਿਆਵਾਂ ਬਾਰੇ ਸਥਾਨਕ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਜਥੇਦਾਰ ਗੜਗੱਜ ਦੇ ਨਾਲ ਪੰਜਾਬ ਤੋਂ ਬਰਜਿੰਦਰ ਸਿੰਘ ਹੁਸੈਨਪੁਰ, ਤਾਮਿਲ ਸਿੱਖ ਜੀਵਨ ਸਿੰਘ, ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਅਤੇ ਕੁਝ ਸਥਾਨਕ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ।


author

Gurminder Singh

Content Editor

Related News