ਬੱਚੀ ਨਾਲ ਸਰੀਰਕ ਛੇੜਛਾੜ ਦੇ ਮਾਮਲੇ ’ਚ ਦੋਸ਼ੀ ਨੂੰ 3 ਸਾਲ ਦੀ ਕੈਦ

Saturday, Sep 13, 2025 - 01:02 PM (IST)

ਬੱਚੀ ਨਾਲ ਸਰੀਰਕ ਛੇੜਛਾੜ ਦੇ ਮਾਮਲੇ ’ਚ ਦੋਸ਼ੀ ਨੂੰ 3 ਸਾਲ ਦੀ ਕੈਦ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 8 ਸਾਲ ਪਹਿਲਾਂ ਇਕ ਬੱਚੀ ਨਾਲ ਸਰੀਰਕ ਛੇੜਛਾੜ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ 3 ਸਾਲ ਦੀ ਕੈਦ ਤੇ 21,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਦੀ ਪਛਾਣ 35 ਸਾਲਾ ਮਨੋਜ ਕੁਮਾਰ ਵਜੋਂ ਹੋਈ ਹੈ। ਮਾਮਲੇ ’ਚ ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਵਰਗ ਦੇ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਾ ਸਿਰਫ਼ ਪਾਲਣ-ਪੋਸ਼ਣ ਕਰਨਾ, ਸਗੋਂ ਉਨ੍ਹਾਂ ਦੀ ਰੱਖਿਆ ਵੀ ਜ਼ਰੂਰੀ ਹੈ। ਜਦੋਂ ਬੱਚਿਆਂ ’ਤੇ ਜਿਣਸੀ ਹਮਲਾ ਹੁੰਦਾ ਹੈ ਤਾਂ ਇਹ ਪੀੜਤ ਬੱਚੇ ਦੇ ਮਨ ’ਚ ਹੀ ਨਹੀਂ, ਸਗੋਂ ਉਸ ਦੇ ਆਲੇ-ਦੁਆਲੇ ਦੇ ਬੱਚਿਆਂ ਵਿਚ ਵੀ ਡਰ ਅਤੇ ਸਦਮਾ ਪੈਦਾ ਕਰਦਾ ਹੈ।

ਹੁਣ ਸਮਾਂ ਆ ਗਿਆ ਹੈ ਕਿ ਅਜਿਹੀਆਂ ਘਟਨਾਵਾਂ ’ਤੇ ਰੋਕ ਲਗਾਈ ਜਾਵੇ ਤਾਂ ਜੋ ਬੁਰਾਈ ਅਤੇ ਅਪਰਾਧਿਕ ਪ੍ਰਵਿਰਤੀਆਂ ਵਾਲੇ ਲੋਕਾਂ ਨੂੰ ਸਬਕ ਮਿਲੇ। ਅਜਿਹੇ ਅਪਰਾਧੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦਰਜ ਮਾਮਲੇ ਦੇ ਤਹਿਤ ਬੱਚੀ ਦੀ ਮਾਂ ਨੇ ਪੁਲਸ ਨੂੰ ਆਪਣੀ ਸ਼ਿਕਾਇਤ ’ਚ ਦੱਸਿਆ ਕਿ 2 ਦਸੰਬਰ 2023 ਨੂੰ ਉਹ ਕੰਮ ’ਤੇ ਗਈ ਹੋਈ ਸੀ ਤੇ ਉਸਦਾ ਪਤੀ ਵੀ ਘਰ ਨਹੀਂ ਸੀ। ਬੱਚੇ ਘਰ ’ਚ ਇਕੱਲੇ ਸਨ। ਜਦੋਂ ਉਹ ਸ਼ਾਮ ਨੂੰ ਘਰ ਆਈ ਤਾਂ ਉਸ ਦੀ ਅੱਠ ਸਾਲ ਦੀ ਧੀ ਰੋ ਰਹੀ ਸੀ।

ਜਦੋਂ ਉਸ ਨੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਗੁਆਂਢੀ ਦੀ ਹਰਕਤ ਬਾਰੇ ਦੱਸਿਆ। ਬੱਚੀ ਨੇ ਦੱਸਿਆ ਕਿ ਗੁਆਂਢ ’ਚ ਰਹਿਣ ਵਾਲੇ ਅੰਕਲ ਨੇ ਉਸ ਨੂੰ ਆਪਣੇ ਘਰ ਬੁਲਾਇਆ ਤੇ ਉੱਥੇ ਉਸ ਦੇ ਨਾਲ ਗਲਤ ਹਰਕਤਾਂ ਕੀਤੀਆਂ। ਅਜਿਹੀ ਸਥਿਤੀ ’ਚ ਬੱਚੀ ਦੀ ਮਾਂ ਨੇ ਗੁਆਂਢੀ ਦੇ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਗੁਆਂਢੀ ਮਨੋਜ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਲਗਭਗ ਦੋ ਸਾਲ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਮਨੋਜ ਨੂੰ ਆਈ.ਪੀ.ਸੀ. ਦੀ ਧਾਰਾ 363, 366, 506 ਅਤੇ ਪੋਕਸੋ ਐਕਟ ਦੀ ਧਾਰਾ 8 ਅਤੇ 12 ਦੇ ਤਹਿਤ ਦੋਸ਼ੀ ਠਹਿਰਾਇਆ।


author

Babita

Content Editor

Related News