ਟਾਟਾ ਮਾਸਟਰਸ ਦੇ 9ਵੇਂ ਦੌਰ ''ਚ ਕਾਰਲਸਨ ਨਾਲ ਭਿੜੇਗਾ ਆਨੰਦ

01/24/2018 2:18:04 AM

ਵਿਜਕ ਆਨ ਜੀ— ਵਿਸ਼ਵ ਰੈਪਿਡ ਚੈਂਪੀਅਨ ਵਿਸ਼ਵਨਾਥਨ ਆਨੰਦ ਲੰਬੇ ਸਮੇਂ ਤੋਂ ਆਪਣੇ ਪੁਰਾਣੇ ਵਿਰੋਧੀ ਤੇ ਦੁਨੀਆ ਦੇ ਨੰਬਰ ਇਕ ਖਿਡਾਰੀ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਇਥੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ 9ਵੇਂ ਦੌਰ 'ਚ ਭਿੜੇਗਾ। ਆਨੰਦ 2 ਜਿੱਤਾਂ, 5 ਡਰਾਅ ਤੇ 1 ਹਾਰ ਤੋਂ ਬਾਅਦ 14 ਖਿਡਾਰੀਆਂ ਦੇ 13 ਦੌਰ ਦੇ ਇਸ ਟੂਰਨਾਮੈਂਟ 'ਚ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਚੱਲ ਰਿਹਾ ਹੈ। ਭਾਰਤ ਦਾ ਇਹ ਧਾਕੜ ਖਿਡਾਰੀ ਹੁਣ ਆਖਰੀ-5 ਦੌਰ 'ਚ ਬਿਹਤਰ ਪ੍ਰਦਰਸ਼ਨ ਨਾਲ ਚੰਗਾ ਨਤੀਜਾ ਹਾਸਲ ਕਰਨਾ ਚਾਹੇਗਾ। ਆਨੰਦ ਨੇ ਆਪਣਾ ਵਿਸ਼ਵ ਸ਼ਤਰੰਜ ਚੈਂਪੀਅਨ ਖਿਤਾਬ ਕਾਰਲਸਨ ਨੂੰ ਹੀ ਗੁਆਇਆ ਸੀ।
ਨੀਦਰਲੈਂਡ ਦੇ ਅਨੀਸ਼ ਗਿਰੀ, ਅਜ਼ਰਬੇਜਾਨ ਦਾ ਸ਼ਖਰਿਆਰ ਮਾਮੇਦਯਾਰੋਵ ਤੇ ਕਾਰਲਸਨ 5.5 ਅੰਕਾਂ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਚੱਲ ਰਹੇ ਹਨ। ਅਮਰੀਕਾ ਦਾ ਵੇਸਲੀ ਸੋ ਤੇ ਰੂਸ ਦਾ ਵਲਾਦੀਮਿਰ ਕ੍ਰੈਮਨਿਕ ਇਨ੍ਹਾਂ ਤਿੰਨਾਂ ਤੋਂ ਅੱਧਾ ਅੰਕ ਪਿੱਛੇ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ।
ਆਨੰਦ ਤੇ ਯੂਕ੍ਰੇਨ ਦੇ ਸਰਗੇਈ ਕਰਜ਼ਾਕਿਨ ਦੇ 4.5 ਅੰਕ ਹਨ। ਆਨੰਦ ਨੇ ਅਗਲੇ ਪੰਜ 'ਚੋਂ ਤਿੰਨ ਮੁਕਾਬਲੇ ਸਫੈਦ ਮੋਹਰਿਆਂ ਨਾਲ ਖੇਡਣੇ ਹਨ ਤੇ ਇਸ 'ਚ ਸਭ ਤੋਂ ਮਹੱਤਵਪੂਰਨ ਮੁਕਾਬਲਾ ਕਾਰਲਸਨ ਵਿਰੁੱਧ ਹੋਵੇਗਾ। ਆਨੰਦ ਨੇ ਜੇਕਰ ਚੋਟੀ 'ਤੇ ਚੱਲ ਰਹੇ ਖਿਡਾਰੀਆਂ ਨੂੰ ਚੁਣੌਤੀ ਦੇਣੀ ਹੈ ਤਾਂ ਘੱਟ ਤੋਂ ਘੱਟ ਦੋ ਬਾਜ਼ੀਆਂ ਜਿੱਤਣੀਆਂ ਪੈਣਗੀਆਂ। ਇਹ ਭਾਰਤੀ ਹਾਲਾਂਕਿ ਜੇਕਰ 7ਵੇਂ ਦੌਰ ਵਿਚ ਕ੍ਰੈਮਨਿਕ ਤੋਂ ਨਹੀਂ ਹਾਰਦਾ ਤਾਂ ਉਸ ਦੀ ਸਥਿਤੀ ਬਿਹਤਰ ਹੋਵੇਗੀ।


Related News