Elon Musk ਦੀ ਕਾਰ 'ਚ ਲੱਗਣਗੇ ਟਾਟਾ ਦੇ ਚਿੱਪਸ, ਟੈਸਲਾ ਦੇ ਨਾਲ ਹੋਈ ਡੀਲ
Monday, Apr 15, 2024 - 02:29 PM (IST)
ਬਿਜ਼ਨੈੱਸ ਡੈਸਕ- ਐਲੋਨ ਮਸਕ ਦੀ ਕੰਪਨੀ ਟੈਸਲਾ ਅਤੇ ਟਾਟਾ ਇਲੈਕਟ੍ਰੋਨਿਕਸ ਵਿਚਕਾਰ ਰਣਨੀਤਕ ਡੀਲ ਹੋਈ ਹੈ। ਟੈਸਲਾ ਨੇ ਆਪਣੀਾਂ ਕਾਰਾਂ ਲਈ ਟਾਟਾ ਇਲੈਕਟ੍ਰੋਨਿਕਸ ਤੋਂ ਸੈਮੀਕੰਡਕਟਰ ਚਿੱਪਸ ਖਰੀਦਣ ਲਈ ਇਹ ਡੀਲ ਕੀਤੀ ਹੈ। ਇਹ ਡੀਲ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਟਾਟਾ ਇਲੈਕਟ੍ਰੋਨਿਕਸ ਨੂੰ ਟਾਪ ਗਲੋਬਲ ਗਾਹਕਾਂ ਲਈ ਇਕ ਭਰੋਸੇਯੋਗ ਸਪਲਾਇਰ ਵਜੋਂ ਸਥਾਪਿਤ ਕਰੇਗਾ। ਇਹ ਸਮਝੌਤਾ ਕੁਝ ਮਹੀਨਿਆਂ 'ਚ ਪੂਰਾ ਹੋ ਜਾਵੇਗਾ।
ਭਾਰਤੀ ਬਾਜ਼ਾਰ 'ਚ ਐਂਟਰੀ ਕਰਨਾ ਚਾਹੁੰਦੀ ਹੈ ਟੈਸਲਾ
ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਦੁਨੀਆ ਦੀ ਇਹ ਟਾਪ ਕੰਪਨੀ ਭਾਰਤ 'ਚ ਐਂਟਰੀ ਕਰਨਾ ਚਾਹੁੰਦੀ ਹੈ। ਭਾਰਤ ਦੁਨੀਆ ਦੇ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਣ ਵਾਲੇ ਆਟੋਮੋਟਿਵ ਬਾਜ਼ਾਰ ਦੇ ਰੂਪ 'ਚ ਉਭਰ ਰਿਹਾ ਹੈ। ਟੈਸਲਾ ਦੇ ਸੀ.ਈ.ਓ. ਐਲੋਨ ਮਸਕ ਇਸ ਮਹੀਨੇ ਪੀ.ਐੱਮ. ਮੋਦੀ ਨੂੰ ਮਿਲਣ ਲਈ ਭਾਰਤ ਆ ਰਹੇ ਹਨ। ਮਸਕ ਦੇ ਇਸ ਭਾਰਤ ਦੌਰੇ ਨਾਲ ਟੈਸਲਾ ਰਾਹੀਂ ਭਾਰੀ ਨਿਵੇਸ਼ ਦੀ ਉਮੀਦ ਹੈ।
ਇਕ ਖਬਰ ਮੁਤਾਬਕ, ਟਾਟਾ ਇਲੈਕਟ੍ਰੋਨਿਕਸ ਅਤੇ ਟੈਸਲਾ ਵਿਚਕਾਰ ਡੀਲ ਦੀ ਰਕਮ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਹੋਇਆ। ਦੋਵਾਂ ਕੰਪਨੀਆਂ ਨੇ ਇਸ ਡੀਲ 'ਤੇ ਕੋਈ ਟਿੱਪਣੀ ਨਹੀਂ ਕੀਤੀ। ਡੀਲ ਦੀ ਇਹ ਖਬਰ ਸੂਤਰਾਂ ਨੇ ਦਿੱਤੀ ਹੈ। ਇੰਡੀਅਨ ਇਲੈਕਟ੍ਰੋਨਿਕਸ ਅਤੇ ਸੈਮੀਕੰਡਕਟਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਚੰਡਕ ਨੇ ਕਿਹਾ ਹੈ ਕਿ ਟੈਸਲਾ ਦੇ ਇਸ ਫੈਸਲੇ ਨਾਲ ਇਲੈਕਟ੍ਰੋਨਿਕਸ ਦੇ ਸਥਾਨਕ ਸਪਲਾਇਰਾਂ ਲਈ ਇੱਕ ਈਕੋਸਿਸਟਮ ਬਣੇਗਾ, ਜੋ ਦਰਸਾਉਂਦਾ ਹੈ ਕਿ ਉਹ ਹੁਣ ਇੱਕ ਮਾਰਕੀਟ 'ਤੇ ਨਿਰਭਰ ਨਹੀਂ ਰਹੇ ਹਨ।
ਅਧਿਕਾਰਤ ਪੁਸ਼ਟੀ ਨਹੀਂ
ਟੈਸਲਾ ਅਤੇ ਟਾਟਾ ਇਲੈਕਟ੍ਰਾਨਿਕਸ, ਜੋ ਕਿ ਸੈਮੀਕੰਡਕਟਰ ਨਿਰਮਾਣ ਵਿੱਚ ਟਾਟਾ ਸਮੂਹ ਦੇ ਦਾਖਲੇ ਦੀ ਅਗਵਾਈ ਕਰ ਰਹੀ ਹੈ, ਨੇ ਵਿਕਾਸ 'ਤੇ ਕੋਈ ਟਿੱਪਣੀ ਨਹੀਂ ਕੀਤੀ। ਇਸ ਦੇ ਨਾਲ ਹੀ ਟੈਸਲਾ-ਟਾਟਾ ਇਲੈਕਟ੍ਰੋਨਿਕਸ ਸੋਰਸਿੰਗ ਸੌਦੇ ਦੀ ਕੀਮਤ ਅਤੇ ਹੋਰ ਵੇਰਵੇ ਦਾ ਵੀ ਅਜੇ ਪਤਾ ਨਹੀਂ ਲੱਗਾ।
ਟਾਟਾ ਇਲੈਕਟ੍ਰੋਨਿਕਸ ਨੇ ਸ਼ੁਰੂ ਕਰ ਦਿੱਤੀ ਹੈ ਭਰਤੀ
ਟਾਟਾ ਇਲੈਕਟ੍ਰਾਨਿਕਸ ਨੇ ਹਾਲ ਹੀ ਦੇ ਮਹੀਨਿਆਂ ਵਿੱਚ 50-60 ਉੱਚ ਪੱਧਰੀ ਮਾਹਿਰਾਂ ਦੀ ਭਰਤੀ ਕਰਕੇ ਆਪਣੇ ਕਰਮਚਾਰੀਆਂ ਦਾ ਵਿਸਤਾਰ ਕੀਤਾ ਹੈ। ਟਾਟਾ ਇਸ ਭਰਤੀ ਰਾਹੀਂ ਸੈਮੀਕੰਡਕਟਰ ਤਕਨਾਲੋਜੀ, ਰਣਨੀਤਕ ਯੋਜਨਾਬੰਦੀ ਅਤੇ ਡਿਜ਼ਾਈਨ ਵਿਚ ਆਪਣੀ ਮੁਹਾਰਤ ਦਾ ਲਾਭ ਉਠਾਏਗਾ। ਬਹੁਤ ਸਾਰੇ ਉਦਯੋਗ ਮਾਹਰ ਅੰਦਾਜ਼ਾ ਲਗਾ ਰਹੇ ਹਨ ਕਿ ਟੈਸਲਾ ਭਾਰਤ ਵਿੱਚ ਘੱਟੋ ਘੱਟ 2 ਤੋਂ 3 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਈਵੀਜ਼ ਬਣਾਏਗੀ। ਅਜਿਹੀਆਂ ਖਬਰਾਂ ਹਨ ਕਿ ਟੈਸਲਾ ਭਾਰਤ ਵਿੱਚ ਆਪਣਾ ਨਿਰਮਾਣ ਪਲਾਂਟ ਸਥਾਪਤ ਕਰ ਸਕਦੀ ਹੈ।