ਨਵੇਂ ਦੌਰ ’ਚ ਕੰਮ ਕਰਨਾ ਚੁਣੌਤੀਪੂਰਨ, ਸਮੇਂ ਨਾਲ ਨਵੀਆਂ ਚੀਜ਼ਾਂ ਨੂੰ ਅਪਣਾਉਣਾ ਜ਼ਰੂਰੀ : ਸੋਨਾਲੀ ਬੇਂਦਰੇ
Saturday, May 04, 2024 - 04:41 PM (IST)
ਵੈੱਬ ਸੀਰੀਜ਼ ‘ਦਿ ਬ੍ਰੋਕਨ ਨਿਊਜ਼ 2’ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ ਹੈ ਕਿਉਂਕਿ ਸੋਨਾਲੀ ਬੇਂਦਰੇ, ਜੈਦੀਪ ਅਹਿਲਾਵਤ ਅਤੇ ਸ਼੍ਰੇਯਾ ਪਿਲਗਾਂਵਕਰ ਦੀ ਇਹ ਵੈੱਬ ਸੀਰੀਜ਼ ਜਲਦ ਹੀ ਇਕ ਵਾਰ ਫਿਰ ਤੋਂ ਤੁਹਾਡਾ ਮਨੋਰੰਜਨ ਕਰਨ ਆ ਰਹੀ ਹੈ। ਦੂਜੇ ਸੀਜ਼ਨ ’ਚ ਇਕ ਵਾਰ ਫਿਰ ਮੀਡੀਆ ਕੰਪਨੀਆਂ ਵਿਚਾਲੇ ਕਾਫ਼ੀ ਮੁਕਾਬਲਾ ਨਜ਼ਰ ਆਉਣ ਵਾਲਾ ਹੈ। ਸੀਰੀਜ਼ ਦਾ ਨਿਰਦੇਸ਼ਨ ਵਿਨੇ ਵਾਇਕੁਲ ਨੇ ਕੀਤਾ ਹੈ। ਟ੍ਰੇਲਰ ਰਿਲੀਜ਼ ਹੋਣ ਦੇ ਨਾਲ ਹੀ ਦਰਸ਼ਕਾਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ 3 ਮਈ ਤੋਂ ਓ.ਟੀ.ਟੀ. ਪਲੇਟਫਾਰਮ ਜੀ5 ’ਤੇ ਸਟ੍ਰੀਮ ਹੋਵੇਗੀ। ਇਸ ਬਾਰੇ ਸੋਨਾਲੀ ਬੇਂਦਰੇ, ਜੈਦੀਪ ਅਹਿਲਾਵਤ ਅਤੇ ਸ਼੍ਰੇਯਾ ਪਿਲਗਾਂਵਕਰ ਨੇ ਜਗ ਬਾਣੀ/ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ : -
ਸੋਨਾਲੀ ਬੇਂਦਰੇ
80 ਤੇ 90 ਦੇ ਦਹਾਕੇ ਦੀਆਂ ਅਦਾਕਾਰਾਂ ਅੱਜ ਵੀ ਇੰਡਸਟਰੀ ’ਚ ਕਾਫ਼ੀ ਸਰਗਰਮ ਹਨ, ਤੁਸੀਂ ਇਸ ਗੱਲ ਦਾ ਸਿਹਰਾ ਕਿਸ ਨੂੰ ਦਿੰਦੇ ਹੋ?
ਮੈਨੂੰ ਲੱਗਦਾ ਹੈ ਕਿ ਇਹ ਸਮਾਂ ਸਾਨੂੰ ਮਿਲਿਆ ਹੈ, ਜਦੋਂ ਬਹੁਤ ਖ਼ੂਬਸੂਰਤ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਹਿੱਸਾ ਬਣਨ ਦਾ ਸਾਨੂੰ ਮੌਕਾ ਮਿਲ ਰਿਹਾ ਹੈ। ਸਾਡੇ ਤੋਂ ਪਹਿਲਾਂ ਜੋ ਅਦਾਕਾਰਾਂ ਸਨ, ਉਨ੍ਹਾਂ ਨੂੰ ਸ਼ਾਇਦ ਅਜਿਹਾ ਮੌਕਾ ਨਹੀਂ ਮਿਲਿਆ। ਉਹ ਵੀ ਆਪਣੇ ਸਮੇਂ ਦੀਆਂ ਬਿਹਤਰੀਨ ਅਦਾਕਾਰਾਂ ਸਨ ਪਰ ਹੁਣ ਨਵਾਂ ਦੌਰ ਹੈ, ਜੋ ਸਾਰਿਆਂ ਲਈ ਬਹੁਤ ਵਧੀਆ ਹੈ। ਪਹਿਲਾਂ ਕਦੇ ਇਸ ਤਰ੍ਹਾਂ ਦੇ ਕਿਰਦਾਰ ਨਹੀਂ ਲਿਖੇ ਗਏ। ਇੰਨੇ ਮੌਕੇ ਨਹੀਂ ਸਨ। ਸ਼ਾਇਦ ਅਸੀਂ ਖ਼ੁਸ਼ਕਿਸਮਤ ਹਾਂ ਕਿ ਸਾਨੂੰ ਅਜਿਹੇ ਕਿਰਦਾਰ ਮਿਲ ਰਹੇ ਹਨ।
ਪਹਿਲਾਂ ਦੇ ਮੁਕਾਬਲੇ ਅੱਜ ਕੰਮ ਕਰਨਾ ਕਿੰਨਾ ਔਖਾ ਜਾਂ ਸੌਖਾ ਹੈ?
ਮੇਰਾ ਮੰਨਣਾ ਹੈ ਕਿ ਜਦੋਂ ਅਸੀਂ ਕਿਸੇ ਕੰਮ ਦਾ ਆਨੰਦ ਮਾਣਦੇ ਹਾਂ ਤਾਂ ਸਾਨੂੰ ਉਹ ਔਖਾ ਨਹੀਂ ਲੱਗਦਾ ਪਰ ਹਰ ਕੰਮ ਔਖਾ ਹੁੰਦਾ ਹੈ। ਕੋਈ ਵੀ ਕੰਮ ਬਿਨਾਂ ਮਿਹਨਤ ਤੋਂ ਪੂਰਾ ਹੁੰਦਾ ਹੀ ਨਹੀਂ ਅਤੇ ਨਾ ਹੀ ਬਿਨਾਂ ਮਿਹਨਤ ਤੋਂ ਕੁਝ ਮਿਲਦਾ ਹੈ। ਮੈਂ ਹਮੇਸ਼ਾ ਇਹੋ ਕਹਿੰਦੀ ਹਾਂ ਕਿ ਸ਼ਾਰਟਕੱਟ ਵਰਗੀ ਕੋਈ ਚੀਜ਼ ਨਹੀਂ ਹੈ। ਇਹ ਸਿਰਫ਼ ਦੱਸਣ ਲਈ ਹੁੰਦਾ ਹੈ। ਨਵਾਂ ਕੰਮ ਚੁਣੌਤੀਪੂਰਨ ਤਾਂ ਰਹਿੰਦਾ ਹੀ ਹੈ ਕਿਉਂਕਿ ਤੁਸੀਂ ਇਕ ਨਵੇਂ ਯੁੱਗ ’ਚ ਆ ਗਏ ਹੋ। ਪਹਿਲਾਂ ਕੰਮ ਕਰਨ ਤੇ ਹੁਣ ਕੰਮ ਕਰਨ ਦੇ ਤਰੀਕੇ ’ਚ ਬਹੁਤ ਬਦਲਾਅ ਆਏ ਹਨ। ਫਿਰ ਜਦੋਂ ਅਸੀਂ ਨਵੇਂ ਕਲਾਕਾਰਾਂ ਨਾਲ ਕੰਮ ਕਰਦੇ ਹਾਂ ਤਾਂ ਲੱਗਦਾ ਹੈ ਕਿ ਕਿਸ ਤਰ੍ਹਾਂ ਤਿਆਰ ਹੋ ਕੇ ਆਈਏ ਕਿ ਅਸੀਂ ਕੁਝ ਵੱਖ ਨਾ ਦਿਖਾਈ ਦੇਈਏ। ਸਾਨੂੰ ਸਮੇਂ ਨਾਲ ਨਵੀਆਂ ਚੀਜ਼ਾਂ ਨੂੰ ਅਪਣਾਉਣਾ ਹੁੰਦਾ ਹੈ।
ਤੁਹਾਨੂੰ ਟੈਲੇਂਟ ਸ਼ੋਅ, ਫਿਲਮਾਂ ਤੇ ਓ.ਟੀ.ਟੀ. ਤਿੰਨਾਂ ਦਾ ਤਜ਼ਰਬਾ ਹੈ ਤਾਂ ਤੁਹਾਨੂੰ ਇਨ੍ਹਾਂ ਸਾਰਿਆਂ ’ਚ ਕੀ ਫ਼ਰਕ ਨਜ਼ਰ ਆਉਂਦਾ ਹੈ?
ਜੋ ਵੀ ਰਿਐਲਿਟੀ ਜਾਂ ਟੈਲੇਂਟ ਸ਼ੋਅ ਹਨ, ਉਨ੍ਹਾਂ ’ਚ ਕੈਮਰੇ ਦੇ ਸਾਹਮਣੇ ਮੈਂ ਕਿਸੇ ਵੀ ਕਿਰਦਾਰ ’ਚ ਨਹੀਂ ਹੁੰਦੀ। ਜੋ ਵੀ ਹੁੰਦਾ ਹੈ, ਰੀਅਲ ਦਿਸਦਾ ਹੈ ਅਤੇ ਇਸ ਦੌਰਾਨ ਮੈਨੂੰ ਨਵੇਂ ਲੋਕਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਦਾ ਹੈ। ਰਹੀ ਗੱਲ ਓ.ਟੀ.ਟੀ. ਜਾਂ ਫ਼ਿਲਮਾਂ ਦੀ ਤਾਂ ਕੈਮਰੇ ਸਾਹਮਣੇ ਐਕਟਿੰਗ ਤਾਂ ਉਹੋ ਰਹਿੰਦੀ ਹੈ, ਸਿਰਫ਼ ਹਰ ਕਿਰਦਾਰ ਦੀ ਮੰਗ ਵੱਖਰੀ ਹੁੰਦੀ ਹੈ। ਫਿਲਮ ’ਚ ਸਮਾਂ ਘੱਟ ਹੁੰਦਾ ਹੈ, ਇਸ ਲਈ ਤੁਹਾਨੂੰ ਘੱਟ ਪੇਸ਼ਕਾਰੀ ਦਾ ਮੌਕਾ ਮਿਲਦਾ ਹੈ। ਇਸ ਦੇ ਨਾਲ ਹੀ ਸੀਰੀਜ਼ ’ਚ ਸਮਾਂ ਜ਼ਿਆਦਾ ਹੁੰਦਾ ਹੈ ਤਾਂ ਚੀਜ਼ਾਂ ਨੂੰ ਸਮਝਾਉਣ ਦਾ ਮੌਕਾ ਮਿਲ ਜਾਂਦਾ ਹੈ।
ਜੈਦੀਪ ਅਹਿਲਾਵਤ
ਮੈਂ ਕਦੇ ਵੀ ਅਦਾਕਾਰ ਬਣਨ ਦੀ ਕੋਈ ਯੋਜਨਾ ਨਹੀਂ ਬਣਾਈ ਸੀ : ਜੈਦੀਪ
ਐੱਫ.ਟੀ.ਆਈ.ਆਈ. ’ਚ ਆਉਣ ਦਾ ਫ਼ੈਸਲਾ ਤੁਸੀਂ ਕਿਵੇਂ ਕੀਤਾ? ਕੀ ਤੁਸੀਂ ਸ਼ੁਰੂ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸੀ?
ਮੈਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਯੋਜਨਾ ਨਹੀਂ ਬਣਾਈ ਸੀ, ਨਾ ਹੀ ਕਦੇ ਐੱਫ.ਟੀ.ਆਈ.ਆਈ. ਨੂੰ ਲੈ ਕੇ ਕੁਝ ਸੋਚਿਆ ਸੀ। ਬਸ ਚੀਜ਼ਾਂ ਹੁੰਦੀਆਂ ਚਲੀਆਂ ਗਈਆਂ। ਕਦੇ ਸੁਣਿਆ ਵੀ ਨਹੀਂ ਸੀ। ਫਿਰ ਮੈਂ ਹੀ ਕਿਹਾ ਸੀ ਕਿ ਮੈਂ ਟ੍ਰੇਨਿੰਗ ਕਰਨੀ ਹੈ ਕਿਉਂਕਿ ਮੁੰਬਈ ਜਾਣਾ ਸੀ। ਉਸ ਤੋਂ ਬਾਅਦ ਮੁੰਬਈ ਗਿਆ ਅਤੇ ਪਤਾ ਵੀ ਨਹੀਂ ਸੀ ਕਿ ਕੰਮ ਕਿਵੇਂ ਮਿਲੇਗਾ ਅਤੇ ਕਿਸ ਤਰ੍ਹਾਂ ਕੰਮ ਕਰਨਾ ਹੈ। ਤੁਸੀਂ ਨਹੀਂ ਜਾਣਦੇ ਕਿ ਤੁਸੀਂ ਅੱਗੇ ਕੀ ਕਰੋਗੇ? ਮੈਂ ਕਦੇ ਅਦਾਕਾਰ ਬਣਨ ਬਾਰੇ ਸੋਚਿਆ ਵੀ ਨਹੀਂ ਸੀ। ਜਦੋਂ ਸੀ.ਡੀ.ਐੱਸ. ’ਚ ਸਫਲਤਾ ਨਹੀਂ ਮਿਲੀ ਤਾਂ ਮਨ ’ਚ ਸੀ ਕਿ 20 ਸਾਲ ਦਾ ਮੁੰਡਾ, ਜਿਸ ਦੇ ਆਲੇ-ਦੁਆਲੇ ਉਹੋ ਚੀਜ਼ਾਂ ਘੁੰਮਦੀਆਂ ਸਨ, ਉਸ ਨੂੰ ਆਰਮੀ ਤੇ ਉਸ ਦੇ ਬਾਹਰ ਦੀਆਂ ਚੀਜ਼ਾਂ ਦਿਖਾਈ ਨਹੀਂ ਦੇ ਰਹੀਆਂ ਸਨ । ਫਿਰ ਥੀਏਟਰ ਦੇਖਿਆ, ਉਸ ਵਿਚ ਦਿਲਚਸਪੀ ਦਿਖਾਈ। ਫਿਰ ਥੀਏਟਰ ਕੀਤਾ ਤੇ ਮੁੜ ਪੜ੍ਹਾਈ ਵੀ ਕੀਤੀ। ਉਦੋਂ ਇਕ ਅਜਿਹਾ ਸਮਾਂ ਆਉਂਦਾ ਹੈ ਕਿ ਹੁਣ ਕੀ ਕੀਤਾ ਜਾਵੇ। ਉਦੋਂ ਮੇਰੇ ਰੰਗਮੰਚ ਗੁਰੂ ਨੇ ਕਿਹਾ ਕਿ ਤੂੰ ਸਿਰਫ਼ ਸਟੇਜ ਹੀ ਕਰ। ਤੂੰ ਇਹੋ ਕਰ ਸਕਦਾ ਹੈਂ ਤਾਂ ਮੈਂ ਕਿਹਾ ਕਿ ਮੈਂ ਇਸ ਤਰ੍ਹਾਂ ਮੁੰਬਈ ਨਹੀਂ ਜਾਵਾਂਗਾ। ਫਿਰ ਮੈਂ ਐੱਫ.ਟੀ.ਆਈ.ਆਈ. ਜੁਆਇਨ ਕੀਤੀ। ਇਥੇ ਮੈਨੂੰ ਬਹੁਤ ਵਧੀਆ ਬੈਚ ਮਿਲਿਆ। ਮੈਂ ਉਨ੍ਹਾਂ ਦੋ ਸਾਲਾਂ ’ਚ ਬਹੁਤ ਕੁਝ ਸਿੱਖਿਆ। ਉੱਥੋਂ ਮੇਰਾ ਸਫ਼ਰ ਸ਼ੁਰੂ ਹੋਇਆ ਤੇ ਮੈਨੂੰ ਕੰਮ ਮਿਲਦਾ ਰਿਹਾ।
ਅੱਜ-ਕੱਲ ਅਦਾਕਾਰ ਆਪਣਾ ਜ਼ਿਆਦਾ ਧਿਆਨ ਸਰੀਰਕ ਦਿੱਖ ’ਤੇ ਦਿੰਦੇ ਹਨ? ਇਸ ਬਾਰੇ ਤੁਹਾਡੀ ਕੀ ਰਾਏ ਹੈ?
ਮੈਨੂੰ ਲੱਗਦਾ ਹੈ ਕਿ ਜਿਸ ਚੀਜ਼ ਦੀ ਲੋੜ ਹੁੰਦੀ ਹੈ, ਉਹ ਉਸ ਨੂੰ ਪੂਰਾ ਕਰਦੇ ਹਨ। ਅਜਿਹਾ ਨਹੀਂ ਹੈ ਕਿ ਉਹ ਆਪਣਾ ਕੰਮ ਨਹੀਂ ਕਰ ਰਹੇ। ਉਹ ਸਿਰਫ਼ ਉਹੀ ਕਰ ਰਹੇ ਹਨ, ਜਿਸ ਦੀ ਜ਼ਰੂਰਤ ਹੈ। ਜੇ ਫਿਲਮ ’ਚ ਕ੍ਰਾਫਟ ਦੀ ਜ਼ਰੂਰਤ ਨਹੀਂ ਹੈ ਤਾਂ ਧਿਆਨ ਤਾਂ ਬਾਡੀ ’ਤੇ ਹੀ ਹੋਵੇਗਾ ਅਤੇ ਬਾਡੀ ਬਣਾਉਣਾ ਵੀ ਬਹੁਤ ਸਮਰਪਣ ਵਾਲਾ ਕੰਮ ਹੈ। ਇਹ ਫੁੱਲ ਟਾਈਮ ਨੌਕਰੀ ਹੈ। ਇਹ ਕੋਈ ਮਜ਼ਾਕ ਨਹੀਂ ਹੈ, ਇਸ ਤਰ੍ਹਾਂ ਦੇ ਸਮਰਪਣ ਦੀ ਲੋੜ ਹੈ।
ਸ਼੍ਰੇਯਾ ਪਿਲਗਾਂਵਕਰ
ਓ.ਟੀ.ਟੀ. ’ਤੇ ਤੁਹਾਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਤੁਸੀਂ ਇਸ ਪੜਾਅ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
ਮੈਂ ਇਹ ਨਹੀਂ ਕਹਾਂਗੀ ਕਿ ਇਹ ਸਿਰਫ਼ ਇਕ ਪੜਾਅ ਹੈ। ਮੈਂ ਚਾਹੁੰਦੀ ਹਾਂ ਕਿ ਇਹ ਸਭ ਇਸੇ ਤਰ੍ਹਾਂ ਲਗਾਤਾਰ ਚੱਲਦਾ ਰਹੇ। ਇਸ ਲਈ ਖੁਦ ਨੂੰ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਮੇਰੇ ਕੋਲ ਚੰਗੀਆਂ ਸਕ੍ਰਿਪਟਾਂ ਹਨ। ਮੈਂ ਖੁਦ ਨੂੰ ਓ.ਟੀ.ਟੀ. ਐਕਟਰ ਨਹੀਂ ਕਹਾਂਗੀ ਕਿਉਂਕਿ ਮੈਂ ਫਿਲਮਾਂ ਤੇ ਓ.ਟੀ.ਟੀ. ਦੋਵੇਂ ਕਰ ਰਹੀ ਹਾਂ। ਮੈਨੂੰ ਇਹ ਸੰਤੁਲਨ ਬਰਕਰਾਰ ਰੱਖਣਾ ਪਵੇਗਾ ਕਿਉਂਕਿ ਇਹ ਦੋਵੇਂ ਮਾਧਿਅਮ ਵੱਖਰੇ ਹਨ। ਓ.ਟੀ.ਟੀ ’ਤੇ ਮੈਨੂੰ ਜੋ ਕੰਮ ਮਿਲਿਆ ਹੈ, ਉਹ ਸ਼ਾਨਦਾਰ ਹਿੱਸਾ ਰਿਹਾ ਹੈ। ਮੈਂ ਬਹੁਤੀਆਂ ਫਿਲਮਾਂ ਨਹੀਂ ਕੀਤੀਆਂ, ਇਸ ਲਈ ਮੈਂ ਹੋਰ ਫਿਲਮਾਂ ਕਰਨੀਆਂ ਚਾਹੁੰਦੀ ਹਾਂ। ਅੱਜ ਦੇ ਸਮੇਂ ’ਚ ਬਹੁਤ ਹੀ ਸ਼ਾਨਦਾਰ ਕਹਾਣੀਆਂ ਲਿਖੀਆਂ ਜਾਂਦੀਆਂ ਹਨ, ਜਿਨ੍ਹਾਂ ’ਚ ਮੈਨੂੰ ਚੰਗੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਮੈਂ ਨਵੀਆਂ ਚੀਜ਼ਾਂ ਕਰਨਾ ਚਾਹੁੰਦੀ ਹਾਂ ਤੇ ਲੋਕਾਂ ਨੂੰ ਹੈਰਾਨ ਕਰਨਾ ਚਾਹੁੰਦੀ ਹਾਂ।
ਤੁਸੀਂ ਟਰੋਲਿੰਗ ਨਾਲ ਕਿਵੇਂ ਮੈਨੇਜ ਕਰਦੇ ਹੋ?
ਅਸੀਂ ਅਦਾਕਾਰ ਹਾਂ, ਇਸ ਲਈ ਸਾਨੂੰ ਤਾਰੀਫ਼ ਅਤੇ ਟਰੋਲਿੰਗ ਦੋਵੇਂ ਹੀ ਦੇਖਣ ਤੇ ਸੁਣਨ ਨੂੰ ਮਿਲਦੇ ਹਨ। ਟਰੋਲਿੰਗ ਦਾ ਵੀ ਮੇਰੇ ’ਤੇ ਅਸਰ ਪੈਂਦਾ ਹੈ ਪਰ 5-10 ਮਿੰਟਾਂ ’ਚ ਓਵਰਕਮ ਵੀ ਹੋ ਜਾਂਦੀ ਹਾਂ। ਅਚਾਨਕ ਮੈਂ ਨਾ ਤਾਂ ਚਿੱਲ ਹੁੰਦੀ ਹਾਂ ਤੇ ਨਾ ਹੀ ਨਜ਼ਰਅੰਦਾਜ਼ ਕਰਦੀ ਹਾਂ ਪਰ ਥੋੜ੍ਹੀ ਦੇਰ ਬਾਅਦ ਉਹ ਗੱਲਾਂ ਮੇਰੇ ਦਿਮਾਗ਼ ’ਚੋਂ ਨਿਕਲ ਜਾਂਦੀਆਂ ਹਨ ਪਰ ਮੈਂ ਇਹ ਜ਼ਰੂਰ ਕਹਾਂਗੀ ਕਿ ਮੈਨੂੰ ਟਰੋਲਿੰਗ ਨਾਲ ਫ਼ਰਕ ਪੈਂਦਾ ਹੈ।