Billiards World Championship : ਪੰਕਜ ਆਡਵਾਨੀ ਨੇ ਜਿੱਤਿਆ 25ਵਾਂ ਵਿਸ਼ਵ ਖ਼ਿਤਾਬ

Sunday, Oct 09, 2022 - 02:28 PM (IST)

ਕੁਆਲਾਲੰਪੁਰ : ਭਾਰਤ ਦੇ ਚੋਟੀ ਦੇ ਖਿਡਾਰੀ ਪੰਕਜ ਆਡਵਾਨੀ ਨੇ ਸ਼ਨੀਵਾਰ ਨੂੰ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿਚ ਬਿਲੀਅਰਡਜ਼ ਦੇ ਫਾਈਨਲ ਵਿਚ ਹਮਵਤਨ ਸੌਰਵ ਕੋਠਾਰੀ ਨੂੰ 4-0 ਨਾਲ ਹਰਾ ਕੇ ਆਪਣੇ ਕਰੀਅਰ ਦਾ 25ਵਾਂ ਵਿਸ਼ਵ ਖ਼ਿਤਾਬ ਜਿੱਤਿਆ। ਆਡਵਾਨੀ ਨੇ ਬਿਹਤਰੀਨ ਖੇਡ ਦਿਖਾਈ ਤੇ ਪਹਿਲੇ ਫਰੇਮ ਤੋਂ ਹੀ ਆਪਣੇ ਇਰਾਦੇ ਸਾਫ ਕਰ ਦਿੱਤੇ ਸਨ ਕਿ ਉਹ ਕੋਠਾਰੀ ਨੂੰ ਕੋਈ ਮੌਕਾ ਨਹੀਂ ਦੇਣਗੇ। ਇਸ 150 ਤੋਂ ਵੱਧ ਦੇ ਫਾਰਮੈਟ ਵਿਚ ਅਡਵਾਨੀ ਨੇ ਪਹਿਲੇ ਫਰੇਮ ਨੂੰ 149 ਦੇ ਬ੍ਰੇਕ ਦੇ ਨਾਲ ਆਪਣੇ ਨਾਂ ਕੀਤਾ। ਤਦ ਤਕ ਕੋਠਾਰੀ ਨੇ ਖ਼ਾਤਾ ਵੀ ਨਹੀਂ ਖੋਲ੍ਹਿਆ ਸੀ।

ਕੋਠਾਰੀ ਨੂੰ ਆਪਣੇ ਪਹਿਲੇ ਅੰਤਰਰਾਸ਼ਟਰੀ ਬਿਲੀਅਰਡਜ਼ ਅਤੇ ਸਨੂਕਰ ਮਹਾਸੰਘ (ਆਈਬੀਐੱਸਐੱਫ) ਵਿਸ਼ਵ ਟਰਾਫੀ ਦਾ ਇੰਤਜ਼ਾਰ ਹੈ। ਇਸ ਬੈਸਟ ਆਫ ਸੈਵਨ ਦੇ ਫਾਈਨਲ ਵਿਚ ਅਡਵਾਨੀ ਨੇ ਸ਼ੁਰੂ ਤੋਂ ਬਿਹਤਰੀਨ ਖੇਡ ਦਿਖਾ ਕੇ ਇਕ ਕੈਲੰਡਰ ਸਾਲ ਵਿਚ ਬਿਲੀਅਰਡਜ਼ ਦਾ ਰਾਸ਼ਟਰੀ, ਏਸ਼ੀਆਈ ਤੇ ਵਿਸ਼ਵ ਖਿਤਾਬ ਜਿੱਤਣ ਦਾ ਪੰਜਵੀਂ ਵਾਰ ਸ਼ਾਨਦਾਰ ਕੀਰਤੀਮਾਨ ਸਥਾਪਤ ਕੀਤਾ।

ਇਹ ਵੀ ਪੜ੍ਹੋ : ਸੇਰੇਨਾ ਵਿਲੀਅਮਸ ਨੇ ਬੀਚ ਪਾਰਟੀ 'ਚ ਦੋਸਤਾਂ ਲਈ ਕਾਕਰੋਚ ਪਰੋਸੇ

ਕੋਠਾਰੀ ਨੂੰ ਦੂਜੇ ਫਰੇਮ ਵਿਚ ਕੁਝ ਮੌਕੇ ਮਿਲੇ ਪਰ ਉਹ ਉਸ ਦਾ ਲਾਹਾ ਨਾ ਲੈ ਸਕੇ। ਦੂਜੇ ਪਾਸੇ ਆਡਵਾਨੀ ਨੇ 77 ਦੀ ਬ੍ਰੇਕ ਦੀ ਮਦਦ ਨਾਲ 2-0 ਦੀ ਬੜ੍ਹਤ ਹਾਸਲ ਕੀਤੀ। ਇਸ ਤੋਂ ਬਾਅਦ ਆਡਵਾਨੀ ਦੀ ਖੇਡ ਵਿਚ ਹੋਰ ਨਿਖਾਰ ਦੇਖਣ ਨੂੰ ਮਿਲਿਆ ਤੇ ਉਨ੍ਹਾਂ ਨੇ ਆਪਣੀ ਯੋਗਤਾ ਨਾਲ ਮਲੇਸ਼ੀਆਈ ਦਰਸ਼ਕਾਂ ਨੂੰ ਵੀ ਮੰਤਰਮੁਗਧ ਕਰ ਦਿੱਤਾ। ਆਡਵਾਨੀ ਨੇ ਤੀਜੇ ਫਰੇਮ ਵਿਚ 153 ਦਾ ਟੂਰਨਾਮੈਂਟ ਦਾ ਸਰਬੋਤਮ ਬ੍ਰੇਕ ਬਣਾਇਆ ਜਿਸ ਨਾਲ ਉਹ ਖ਼ਿਤਾਬ ਤੋਂ ਸਿਰਫ਼ ਇਕ ਫਰੇਮ ਦੂਰ ਰਹਿ ਗਏ ਸਨ। 

ਆਡਵਾਨੀ ਨੇ ਚੌਥੇ ਫਰੇਮ ਵਿਚ ਦਿਖਾਇਆ ਕਿ ਆਖ਼ਰ ਉਨ੍ਹਾਂ ਨੂੰ ਦੁਨੀਆ ਦਾ ਸਰਵਸ੍ਰੇਸ਼ਠ ਖਿਡਾਰੀ ਕਿਉਂ ਕਿਹਾ ਜਾਂਦਾ ਹੈ। ਉਨ੍ਹਾਂ ਨੇ 80 ਤੇ 60 ਦੇ ਦੋ ਬ੍ਰੇਕ ਬਣਾ ਕੇ ਖ਼ਿਤਾਬ ਆਪਣੇ ਨਾਂ ਕੀਤੀ। ਕੋਠਾਰੀ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ ਤੇ ਉਨ੍ਹਾਂ ਨੇ ਸਿਰਫ਼ 72 ਅੰਕ ਬਣਾਏ। ਦੂਜੇ ਪਾਸੇ ਆਡਵਾਨੀ ਨੇ 600 ਤੋਂ ਵੱਧ ਅੰਕ ਬਣਾ ਕੇ ਲਗਾਤਾਰ ਪੰਜਵੇਂ ਸਾਲ ਟਰਾਫੀ ਜਿੱਤੀ। ਕੋਵਿਡ-19 ਕਾਰਨ ਪਿਛਲੀ ਵਿਸ਼ਵ ਚੈਂਪੀਅਨਸ਼ਿਪ 2019 ਵਿਚ ਖੇਡੀ ਗਈ ਸੀ। ਆਡਵਾਨੀ ਨੇ ਇਸ ਤੋਂ ਪਹਿਲਾਂ ਆਖ਼ਰੀ ਵਿਸ਼ਵ ਟਰਾਫੀ 12 ਮਹੀਨੇ ਪਹਿਲਾਂ ਕਤਰ ਵਿਚ ਜਿੱਤੀ ਸੀ। ਤਦ ਉਨ੍ਹਾਂ ਨੇ ਆਈਬੀਐੱਸਐੱਫ 6-ਰੈੱਡ ਸਨੂਕਰ ਵਿਸ਼ਵ ਕੱਪ ਵਿਚ ਟਰਾਫੀ ਆਪਣੇ ਨਾਂ ਕੀਤੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News