ਵੀਅਤਨਾਮ ਦਾ ਡੁਕ ਬਣਿਆ ਭੋਪਾਲ ਇੰਟਰਨੈਸ਼ਨਲ ਚੈਂਪੀਅਨ

12/29/2017 4:32:20 AM

ਭੋਪਾਲ— ਭੋਪਾਲ ਇੰਟਰਨੈਸ਼ਨਲ ਚੈੱਸ ਓਪਨ ਦਾ ਖਿਤਾਬ ਵੀਅਤਨਾਮ ਦੇ ਡੁਕ ਹੂਆ ਨੇ ਆਪਣੇ ਨਾਂ ਕਰ ਲਿਆ। ਉਸ ਨੇ ਆਖਰੀ ਫੈਸਲਾਕੁੰਨ ਰਾਊਂਡ ਵਿਚ ਪਹਿਲੇ ਟੇਬਲ 'ਤੇ ਰੂਸ ਦੇ ਗ੍ਰੈਂਡ ਮਾਸਟਰ ਰੋਜੂਮ ਇਵਾਨ ਨੂੰ ਹਰਾਉਂਦਿਆਂ 8.5 ਅੰਕਾਂ ਨਾਲ ਜੇਤੂ ਹੋਣ ਦਾ ਮਾਣ ਹਾਸਲ ਕੀਤਾ ਤੇ ਨਾਲ ਹੀ 2 ਲੱਖ ਰੁਪਏ ਤੇ ਟਰਾਫੀ ਆਪਣੇ ਨਾਂ ਕੀਤੀ।  ਇਸਦੇ ਨਾਲ ਹੀ ਭਾਰਤ ਵਿਚ ਇਕ ਸਾਲ 'ਚ ਲਗਾਤਾਰ 3 ਗ੍ਰੈਂਡ ਮਾਸਟਰ ਟੂਰਨਾਮੈਂਟ ਜਿੱਤਣ ਦਾ ਉਸ ਨੇ ਇਕ ਨਵਾਂ ਰਿਕਾਰਡ ਵੀ ਬਣਾ ਦਿੱਤਾ। ਇਸ ਤੋਂ ਪਹਿਲਾਂ ਮਈ ਵਿਚ ਭੁਵਨੇਸ਼ਵਰ 'ਚ ਕਿਟ ਇੰਟਰਨੈਸ਼ਨਲ ਤੇ ਜੂਨ ਵਿਚ ਮੁੰਬਈ ਇੰਟਰਨੈਸ਼ਨਲ ਦੇ ਖਿਤਾਬ ਉਸ ਨੇ ਆਪਣੇ ਨਾਂ ਕੀਤੇ ਸਨ। ਮੱਧ ਪ੍ਰਦੇਸ਼ ਖੇਡ ਸੰਚਾਲਕ ਉਪੇਂਦਰ ਜੈਨ, ਮੱਧ ਪ੍ਰਦੇਸ਼ ਰਾਜ ਸ਼ਤਰੰਜ ਮੁਖੀ ਸੁਨੀਲ ਬੰਸਲ ਦੀ ਮੌਜਦੂਗੀ ਵਿਚ ਸ਼ਾਨਦਾਰ ਸਮਾਰੋਹ ਖਤਮ ਹੋਇਆ। ਕੁਲ 10 ਲੱਖ 18 ਹਜ਼ਾਰ ਰੁਪਏ ਦੇ ਇਨਾਮ, ਟਰਾਫੀਆਂ ਤੇ ਤਮਗੇ ਖਿਡਾਰੀਆਂ ਨੂੰ ਵੰਡੇ ਗਏ। 
ਹੋਰਨਾਂ ਮਹੱਤਵਪੂਰਨ ਮੁਕਾਬਲਿਆਂ ਵਿਚ ਦੂਜੇ ਸਥਾਨ 'ਤੇ ਮਲੇਸ਼ੀਆ ਦਾ ਨੌਜਵਾਨ ਖਿਡਾਰੀ ਯੋਹ ਲੀ ਤਿਆਨ ਰਿਹਾ। ਉਸ ਨੇ ਦੂਜੇ ਟੇਬਲ 'ਤੇ ਤੀਜੇ ਸਥਾਨ 'ਤੇ ਰਹੇ ਵੀਅਤਨਾਮ ਦੇ ਟ੍ਰਾਨ ਤੂਆਨ ਮਿਨਹ ਨਾਲ ਡਰਾਅ ਖੇਡਿਆ। ਤੀਜੇ ਟੇਬਲ 'ਤੇ ਭਾਰਤ ਦੀ ਉਮੀਦ ਨੂੰ ਢਹਿ-ਢੇਰੀ ਕਰਦਿਆਂ ਯੂਕ੍ਰੇਨ ਦੇ ਐਡਮ ਤੁਖੇਵ ਨੇ ਆਖਰੀ ਰਾਊਂਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੇ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ ਨੂੰ ਝਟਕਾ ਦਿੱਤਾ ਤੇ ਉਸ ਨੂੰ ਹਰਾਉਂਦਿਆਂ ਨਾ-ਸਿਰਫ ਉਸਦੀ ਖਿਤਾਬ ਜਿੱਤਣ ਦੀ ਉਮੀਦ ਤੋੜ ਦਿੱਤੀ, ਸਗੋਂ ਉਸ ਨੂੰ ਟਾਪ-10 ਤੋਂ ਵੀ ਬਾਹਰ ਕਰ ਦਿੱਤਾ। 
ਚੌਥੇ ਟੇਬਲ 'ਤੇ ਤੁਰਕੀ ਦੇ ਸੁਆਤ ਅਟਾਲਿਕ ਨੇ ਭਾਰਤ ਦੇ ਐੱਮ. ਕੁਨਾਲ ਨੂੰ, 5ਵੇਂ ਟੇਬਲ 'ਤੇ ਭਾਰਤ ਦੇ ਸ਼ੈਲੇਸ਼ ਦ੍ਰਾਵਿੜ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਤਜ਼ਾਕਿਸਤਾਨ ਦੇ ਖੁਸੇਂਖੋਜੇਵ ਮੁਹੰਮਦ ਨੂੰ, ਛੇਵੇਂ ਟੇਬਲ 'ਤੇ 11 ਸਾਲਾ ਗੁਕੇਸ਼ ਡੀ ਨੇ ਹਮਵਤਨ ਰਾਜੇਸ਼ ਨਾਇਕ ਨੂੰ, ਟਾਪ ਸੀਡ ਅਮਰੀਕਾ ਦੇ ਤੈਮੂਰ ਗਾਰਏਵ ਨੇ ਭਾਰਤ ਦੇ ਅਰਜੁਨ ਐਰਗਾਸੀ ਨੂੰ ਹਰਾਇਆ।
ਟਾਪ-10 'ਚ 3 ਭਾਰਤੀ 
ਭਾਵੇਂ ਹੀ ਟਾਪ-3 ਵਿਚ ਵੀਅਤਨਾਮ ਤੇ ਮਲੇਸ਼ੀਆ ਦਾ ਦਬਦਬਾ ਰਿਹਾ ਪਰ ਟਾਪ-10 ਵਿਚੋਂ 3 ਨੌਜਵਾਨ ਭਾਰਤੀ ਖਿਡਾਰੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ। ਪਹਿਲੇ ਸਥਾਨ 'ਤੇ ਵੀਅਤਨਾਮ ਦਾ ਡੁਕ ਹੂਆ (8.5 ਅੰਕ), ਦੂਜੇ ਸਥਾਨ ਤੋਂ 7ਵੇਂ ਸਥਾਨ ਤਕ 6 ਖਿਡਾਰੀ 8 ਅੰਕਾਂ 'ਤੇ ਰਹੇ ਪਰ ਟਾਈਬ੍ਰੇਕ ਦੇ ਆਧਾਰ 'ਤੇ ਮਲੇਸ਼ੀਆ ਦਾ ਯੋਹ ਲੀ ਤਿਆਨ ਦੂਜੇ, ਵੀਅਤਨਾਮ ਦਾ ਟ੍ਰਾਨ ਤੂਆਨ ਮਿਨਹ ਤੀਜੇ, ਤੁਰਕੀ ਦਾ ਸੁਆਤ ਅਟਾਲਿਕ ਚੌਥੇ, ਭਾਰਤ ਦਾ ਸ਼ੈਲੇਸ਼ ਦ੍ਰਾਵਿੜ 5ਵੇਂ, ਭਾਰਤ ਦਾ ਗੁਕੇਸ਼ ਡੀ ਛੇਵੇਂ ਤੇ ਯੂਕ੍ਰੇਨ ਦਾ ਐਡਮ ਤੁਖੇਵ 7ਵੇਂ ਸਥਾਨ 'ਤੇ ਰਿਹਾ। 7.5 ਅੰਕਾਂ ਨਾਲ ਟਾਪ ਸੀਡ ਅਮਰੀਕਾ ਦਾ ਤੈਮੂਰ ਗਾਰੇਏਵ 9ਵੇਂ ਤੇ ਭਾਰਤ ਦਾ ਰਾਹੁਲ ਸੰਗਮਾ 10ਵੇਂ ਸਥਾਨ 'ਤੇ ਰਿਹਾ।


Related News