ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 'ਚ ਸ਼ਿਰਕਤ ਕਰਨਗੀਆਂ ਵਿਸ਼ਵ ਦੀਆਂ ਨਾਮੀ ਹਸਤੀਆਂ
Saturday, Mar 30, 2024 - 03:46 AM (IST)
 
            
            ਲੰਡਨ/ ਦੁਬਈ (ਮਨਦੀਪ ਖੁਰਮੀ ਹਿੰਮਤਪੁਰਾ) - ਦੁਬਈ ਦੀ ਧਰਤੀ 'ਤੇ ਹੋਣ ਜਾ ਰਹੇ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦੌਰਾਨ ਵਿਸ਼ਵ ਭਰ ਵਿੱਚੋਂ ਨਾਮੀ ਹਸਤੀਆਂ ਦੀ ਆਮਦ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਵਿਸ਼ਵ ਭਰ ਦੇ ਕਾਰੋਬਾਰੀ ਮੁਖੀਆਂ ਨੂੰ ਉਨ੍ਹਾਂ ਦੇ ਤਜ਼ਰਬੇ ਸਾਂਝੇ ਕਰਨ ਲਈ ਮੰਚ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੇ ਕਾਰਜਾਂ ਨੂੰ ਸਨਮਾਨ ਦੇਣ ਦੇ ਮਕਸਦ ਨਾਲ ਹੀ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦਾ ਆਯੋਜਨ 12 ਮਈ ਨੂੰ ਹੋਣ ਜਾ ਰਿਹਾ ਹੈ। ਪਿਕਸੀ ਜੌਬ ਅਤੇ ਪੰਜ ਦਰਿਆ ਯੂਕੇ ਦੇ ਸਾਂਝੇ ਉਪਰਾਲੇ ਨਾਲ ਹੋ ਰਹੇ ਇਸ ਵਿਸ਼ਵ ਪੱਧਰੀ ਐਵਾਰਡ ਸਮਾਰੋਹ ਵਿੱਚ ਵੱਖ-ਵੱਖ ਮੁਲਕਾਂ ਤੋਂ ਕਾਰੋਬਾਰੀ ਅਦਾਰਿਆਂ ਦੇ ਮੁਖੀ ਸ਼ਿਰਕਤ ਕਰਕੇ ਜਿੱਥੇ ਸਨਮਾਨ ਹਾਸਲ ਕਰਨਗੇ ਉੱਥੇ ਆਪਣੀ ਸਫਲਤਾ ਦੇ ਰਾਜ ਵੀ ਸਾਂਝੇ ਕਰਨਗੇ। ਇਸ ਐਵਾਰਡ ਸਮਾਰੋਹ ਵਿੱਚ ਆਪਣੇ ਅਣਥੱਕ ਕਾਰਜਾਂ ਜਰੀਏ ਸਮਾਜ ਦੀ ਸੇਵਾ ਕਰਨ ਵਾਲੀਆਂ ਤਿੰਨ ਸਖਸ਼ੀਅਤਾਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ ਨਾਲ ਸਨਮਾਨਿਤ ਕਰਨ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਇਨ੍ਹਾਂ ਸਖਸ਼ੀਅਤਾਂ ਦੇ ਨਾਵਾਂ ਦਾ ਰਸਮੀ ਐਲਾਨ ਕਰਦਿਆਂ ਦੱਸਿਆ ਗਿਆ ਹੈ ਕਿ ਦੁਬਈ ਦੀ ਧਰਤੀ 'ਤੇ ਸਿੱਖ ਧਰਮ ਦੇ ਨਿਸ਼ਾਨ ਸਾਹਿਬ ਦੀ ਆਨ ਸ਼ਾਨ ਲਈ, ਸਮਾਜ ਸੇਵੀ ਕਾਰਜਾਂ ਲਈ ਕੀਤੇ ਲਾਸਾਨੀ ਕਾਰਜਾਂ ਬਦਲੇ ਤਲਵਿੰਦਰ ਸਿੰਘ ਜੀ ਨੂੰ ਚੁਣਿਆ ਗਿਆ ਹੈ।
ਸਕਾਟਲੈਂਡ ਦੀ ਧਰਤੀ ਤੋਂ ਸੰਚਾਲਿਤ ਸਿੱਖ ਏਡ ਸਕਾਟਲੈਂਡ ਸੰਸਥਾ ਹੁਣ "ਸਿੱਖ ਏਡ ਗਲੋਬਲ" ਤੱਕ ਦਾ ਸਫਰ ਤੈਅ ਕਰ ਚੁੱਕੀ ਹੈ। ਮੱਧ ਪ੍ਰਦੇਸ਼ ਵਿੱਚ ਵਸਦੇ ਸਿਕਲੀਗਰ ਵਣਜਾਰੇ ਸਿੱਖਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਬੱਚਿਆਂ ਨੂੰ ਉੱਚ ਸਿੱਖਿਆ ਹਾਸਲ ਕਰਵਾਉਣ ਤੱਕ ਦੇ ਵਡੇਰੇ ਕਾਰਜ ਕਰਨ ਦਾ ਸੁਭਾਗ ਵੀ ਸਿੱਖ ਏਡ ਗਲੋਬਲ ਦੀ ਝੋਲੀ ਪਿਆ ਹੈ। ਇਸ ਸਨਮਾਨ ਸਮਾਰੋਹ ਦੌਰਾਨ ਸੰਸਥਾ ਦੇ ਅਣਥੱਕ ਸੇਵਾਦਾਰ ਗੁਰਦੀਪ ਸਿੰਘ ਸਮਰਾ ਨੂੰ ਵੀ ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ ਸਤਿਕਾਰ ਸਹਿਤ ਭੇਂਟ ਕੀਤਾ ਜਾਵੇਗਾ।
ਤੀਜੀ ਸਖਸ਼ੀਅਤ ਦਾ ਨਾਮ ਹੈ ਰਣਜੀਤ ਸਿੰਘ ਵੀਰ। ਬੇਸ਼ੱਕ ਕਿੱਤੇ ਪੱਖੋਂ ਰਣਜੀਤ ਸਿੰਘ ਵੀਰ ਵੈਸਟ ਬਰੌਮਿਚ ਸਥਿਤ ਨੈਸ਼ਨਲ ਐਕਸਪ੍ਰੈੱਸ ਬੱਸ ਕੰਪਨੀ ਦੇ ਡਰਾਈਵਰ ਦੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਉਹ ਸਾਬਤ ਸੂਰਤ ਸਿੱਖ ਹੋਣ ਦੇ ਨਾਲ-ਨਾਲ ਸੁਰੀਲੇ ਕੀਰਤਨੀਏ ਵੀ ਹਨ। ਰਣਜੀਤ ਸਿੰਘ ਵੀਰ ਵੱਲੋਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਨੂੰ ਗੀਤ "ਬੱਸ ਡਰਾਈਵਰ" ਰਾਹੀਂ ਸੰਗੀਤ ਜਗਤ ਦੀ ਝੋਲੀ ਪਾਇਆ ਗਿਆ ਤਾਂ ਉਸ ਗੀਤ ਦੀ ਧੁੰਮ ਅੰਗਰੇਜੀ ਮੀਡੀਆ ਦੇ ਮੰਚਾਂ 'ਤੇ ਵੀ ਦੇਖਣ ਨੂੰ ਮਿਲੀ। ਕਮਾਲ ਇਹ ਹੋਇਆ ਕਿ ਆਪਣੀ ਸਾਬਤ ਸੂਰਤ ਦਿੱਖ, ਦਸਤਾਰ ਅਤੇ ਪੰਜਾਬੀ ਬੋਲੀ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਸਿਹਰਾ ਰਣਜੀਤ ਸਿੰਘ ਵੀਰ ਦੇ ਸਿਰ ਆਣ ਬੱਝਿਆ। ਉਹ ਸਿੱਖ ਵੇਸਭੂਸਾ, ਸਿੱਖ ਅਕੀਦੇ ਤੇ ਦਸ ਨਹੁੰਆਂ ਦੀ ਕਿਰਤ ਦੇ ਗੁਰੂ ਸਾਹਿਬਾਨਾਂ ਦੇ ਸੰਦੇਸ਼ ਨੂੰ ਗੈਰ ਪੰਜਾਬੀ ਲੋਕਾਂ ਅੱਗੇ ਪੁੱਜਦਾ ਕਰਨ ਵਿੱਚ ਵੀ ਸਫਲ ਰਹੇ। ਮਾਣ ਵਜੋਂ ਰਣਜੀਤ ਸਿੰਘ ਵੀਰ ਨੂੰ ਲੋਕ "ਸਿੰਗਿੰਗ ਬੱਸ ਡਰਾਈਵਰ" ਵਜੋਂ ਜਾਣਦੇ ਹਨ। ਉਨ੍ਹਾਂ ਦੇ ਇਸ ਮਾਣਮੱਤੇ ਕਾਰਜ ਤੇ ਪਾਕ ਪਵਿੱਤਰ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਐਵਾਰਡ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦੁਬਈ ਸ਼ਾਹੀ ਪਰਿਵਾਰ ਨਾਲ ਸੰਬੰਧਤ ਮਾਣਯੋਗ ਸਖਸ਼ੀਅਤਾਂ ਦੇ ਨਾਲ ਨਾਲ ਹੋਰ ਵੀ ਆਹਲਾ ਦਰਜੇ ਦੇ ਸਰਕਾਰੀ ਅਧਿਕਾਰੀ ਐਵਾਰਡ ਭੇਂਟ ਕਰਨ ਲਈ ਸ਼ਿਰਕਤ ਕਰਨਗੇ। 
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            