ਘੱਟ ਗਿਣਤੀ ਹੋਣ ਕਾਰਣ ਮੈਨੂੰ ਨਿਸ਼ਾਨਾ ਬਣਾਇਆ ਗਿਆ : ਮੁਸ਼ਤਾਕ ਅਹਿਮਦ

07/15/2020 2:32:27 AM

ਨਵੀਂ ਦਿੱਲੀ– ਕਾਰਜਕਾਲ ਨੂੰ ਲੈ ਕੇ ਉੱਠੇ ਵਿਵਾਦ ਤੇ ਕੇਂਦਰੀ ਖੇਡ ਮੰਤਰਾਲਾ ਦੇ ਇਤਰਾਜ਼ ਦੇ ਕਾਰਣ ਹਾਕੀ ਇੰਡੀਆ ਦੇ ਮੁਖੀ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਮੁਸ਼ਤਾਕ ਮੁਹੰਮਦ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਘੱਟ ਗਿਣਤੀ ਭਾਈਚਾਰੇ ਦਾ ਹੋਣ ਦੇ ਕਾਰਣ ਨਿਸ਼ਾਨਾ ਬਣਾਇਆ ਗਿਆ ਤੇ ਮੁਖੀ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ। ਮੁਸ਼ਤਾਕ ਅਹਿਮਦ ਨੇ ਪਿਛਲੀ 10 ਜੁਲਾਈ ਨੂੰ ਹਾਕੀ ਇੰਡੀਆ ਦੇ ਮੁਖੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਹਾਕੀ ਇੰਡੀਆ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਮੁਸ਼ਤਾਕ ਅਹਿਮਦ ਨੇ ਨਿੱਜੀ ਤੇ ਪਰਿਵਾਰਕ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਪਰ ਉਸਦੇ ਚਾਰ ਦਿਨਾਂ ਬਾਅਦ ਹੀ ਉਸ ਨੇ ਕੇਂਦਰੀ ਖੇਡ ਮੰਤਰਾਲਾ ਨੂੰ ਲਿਖੇ 5 ਪੇਜਾਂ ਦੇ ਪੱਤਰ ਵਿਚ ਖੇਡ ਮੰਤਰਾਲਾ ਦੇ ਫੈਸਲੇ 'ਤੇ ਸਵਾਲ ਚੁੱਕਦੇ ਹੋਏ ਜਵਾਬ ਮੰਗੇ ਤੇ ਨਾਲ ਹੀ ਕਿਹਾ ਕਿ ਖੇਡ ਮੰਤਰਾਲਾ ਨੇ ਉਸ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਤੇ ਉਸ ਨੂੰ ਸਜ਼ਾ ਦਿੱਤੀ ਕਿਉਂਕਿ ਉਸਦਾ ਨਾਂ ਮੁਹੰਮਦ ਮੁਸ਼ਤਾਕ ਅਹਿਮਦ ਹੈ।
ਉਸ ਨੇ ਪੱਤਰ ਦੇ ਆਖਿਰ ਵਿਚ ਕਿਹਾ,''ਮੈਂ ਤੁਹਾਨੂੰ ਨਿਰਪੱਖਤਾ ਨਾਲ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਖੇਡ ਮੰਤਰਾਲਾ ਨੇ ਜਾਣਬੁੱਝ ਕੇ ਸਜ਼ਾ ਦਿੱਤੀ ਹੈ ਕਿਉਂਕਿ ਮੇਰਾ ਨਾਂ ਮੁਸ਼ਤਾਕ ਅਹਿਮਦ ਹੈ ਤੇ ਮੈਂ ਘੱਟ ਗਿਣਤੀ ਭਾਈਚਾਰੇ ਤੋਂ ਹਾਂ ਜਦਕਿ ਕੁਝ ਹੋਰ ਖੇਡ ਮਹਾਸੰਘਾਂ ਦੇ ਮੁਖੀ ਜਿਵੇਂ ਸੁਧਾਸ਼ੂ ਮਿੱਤਲ (ਭਾਜਪਾ ਦਾ ਇਕ ਵੱਡਾ ਨੇਤਾ) ਤੇ ਰਾਜੀਵ ਮੇਹਤਾ (ਮਿੱਤਲ ਦੀ ਸ਼ੈਅ ਹਾਸਲ ਹੈ) ਨੂੰ ਕੁਝ ਨਹੀਂ ਕਿਹਾ ਗਿਆ। ਤੁਹਾਡੇ ਨਜ਼ਰੀਏ ਨਾਲ ਜਿਵੇਂ ਮੈਂ ਰਾਸ਼ਟਰੀ ਖੇਡ ਜ਼ਾਬਤੇ ਦੀ ਉਲੰਘਣਾ ਕੀਤੀ ਹੈ ਤਾਂ ਉਸੇ ਨਜ਼ਰੀਏ ਨਾਲ ਇਨ੍ਹਾਂ ਮੁਖੀਆਂ ਨੇ ਵੀ ਖੇਡ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਰਾਸ਼ਟਰੀ ਖੇਡ ਸੰਘ ਦੀ ਪਾਲਣਾ ਵਿਚ ਬਰਾਬਰਤਾ ਕਿਉਂ ਨਹੀਂ ਹੈ ਤੇ ਮੇਰੇ ਨਾਲ ਇਹ ਪੱਖਪਾਤ ਕਿਉਂ ਕੀਤਾ ਿਗਆ ਹੈ।''
ਜ਼ਿਕਰਯੋਗ ਹੈ ਕਿ ਕੇਂਦਰੀ ਖੇਡ ਮੰਤਰਾਲਾ ਨੇ ਮੁਸ਼ਤਾਕ ਅਹਿਮਦ ਦੇ ਹਾਕੀ ਇੰਡੀਆ ਦੇ ਮੁਖੀ ਦੇ ਰੂਪ ਵਿਚ ਚੁਣੇ ਜਾਣ ਨੂੰ ਰਾਸ਼ਟਰੀ ਖੇਡ ਜ਼ਾਬਤੇ ਦੇ ਕਾਰਜਕਾਲ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਾਰ ਦਿੰਦੇ ਹੋਏ ਉਸ ਨੂੰ ਅਹੁਦਾ ਛੱਡਣ ਲਈ ਕਿਹਾ ਸੀ। ਖੇਡ ਮੰਤਰਾਲਾ ਨੇ ਪਾਇਆ ਸੀ ਕਿ 2018 ਵਿਚ ਹੋਈਆਂ ਚੋਣਾਂ ਵਿਚ ਮੁਸ਼ਤਾਕ ਅਹਿਮਦ ਨੇ ਕਾਰਜਕਾਲ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਸੀ। ਇਨ੍ਹਾਂ ਚੋਣਾਂ ਤੋਂ ਬਾਅਦ ਹੀ ਉਸ ਨੇ ਮੁਖੀ ਅਹੁਦਾ ਸੰਭਾਲਿਆ ਸੀ।
ਹਾਕੀ ਇੰਡੀਆ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਨੂੰ 6 ਜੁਲਾਈ ਨੂੰ ਲਿਖੇ ਪੱਤਰ ਵਿਚ ਮੰਤਰਾਲਾ ਨੇ ਕਿਹਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਗਈ ਤੇ ਇਹ ਪਾਇਆ ਗਿਆ ਕਿ ਮੁਸ਼ਤਾਕ ਅਹਿਮਦ 2010 ਤੋਂ 2014 ਤਕ ਹਾਕੀ ਇੰਡੀਆ ਵਿਚ ਖਜ਼ਾਨਚੀ ਤੇ 2014 ਤੋਂ 2018 ਤਕ ਜਨਰਲ ਸਕੱਤਰ ਸੀ। ਮੁਖੀ ਦੇ ਤੌਰ 'ਤੇ 2018 ਤੋਂ 2022 ਵਿਚਾਲੇ ਉਸਦਾ ਹਾਕੀ ਇੰਡੀਆ ਦੇ ਅਹੁਦੇਦਾਰ ਦੇ ਤੌਰ 'ਤੇ ਲਗਾਤਾਰ ਤੀਜਾ ਕਾਰਜਕਾਲ ਸੀ। ਮੰਤਰਾਲਾ ਨੇ ਕਿਹਾ ਸੀ ਕਿ ਉਸਦੀ ਚੋਣ ਰਾਸ਼ਟਰੀ ਖੇਡ ਮਹਾਸੰਘਾਂ ਦੇ ਅਹੁਦੇਦਾਰਾਂ ਲਈ ਉਮਰ ਤੇ ਕਾਰਜਕਾਲ ਦੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਨਹੀਂ ਸੀ। ਖੇਡ ਜ਼ਾਬਤੇ ਦੇ ਤਹਿਤ ਕਿਸੇ ਰਾਸ਼ਟਰੀ ਖੇਡ ਮਹਾਸੰਘ ਦਾ ਅਹੁਦੇਦਾਰ ਲਗਾਤਾਰ ਦੋ ਵਾਰ ਹੀ ਅਹੁਦੇ 'ਤੇ ਰਹਿ ਸਕਦਾ ਹੈ। ਬਾਅਦ ਵਿਚ ਸੋਧ ਤੋਂ ਬਾਅਦ ਸਿਰਫ ਮੁਖੀ ਲਈ ਤਿੰਨ ਕਾਰਜਕਾਲ ਯੋਗ ਕੀਤੇ ਗਏ ਹਨ।


Gurdeep Singh

Content Editor

Related News