ਬੀ. ਸੀ. ਬੀ. ਨੇ ਪੀ. ਐੱਸ. ਐੱਲ. ਲਈ ਮੁਸਤਾਫਿਜ਼ੁਰ ਦੀ ਐੱਨ. ਓ. ਸੀ. ਨੂੰ ਲਿਆ ਵਾਪਸ
Saturday, Apr 25, 2026 - 01:59 PM (IST)
ਚਟਗਾਓਂ– ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) 2026 ’ਚ ਖੇਡਣ ਲਈ ਜਾਰੀ ਕੀਤਾ ਗਿਆ ਨੋ ਆਬਜੈਕਸ਼ਨ ਪੱਤਰ (ਐੱਨ. ਓ. ਸੀ.) ਵਾਪਸ ਲੈ ਲਿਆ ਹੈ। ਇਹ ਫੈਸਲਾ ਨਿਊਜ਼ੀਲੈਂਡ ਵਿਰੁੱਧ ਤੀਜੇ ਵਨ ਡੇ ਤੋਂ ਬਾਅਦ ਉਸ ਦੀ ਡਾਕਟਰੀ ਸਮੀਖਿਆ ਦੇ ਆਧਾਰ ’ਤੇ ਲਿਆ ਗਿਆ।
ਬੀ. ਸੀ. ਬੀ. ਨੇ ਕਿਹਾ, ‘‘ਨਿਊਜ਼ੀਲੈਂਡ ਵਿਰੁੱਧ ਤੀਜੇ ਵਨ ਡੇ ਦੀ ਸਮਾਪਤੀ ਤੋਂ ਬਾਅਦ ਟੀਮ ਦੇ ਮੈਡੀਕਲ ਸਟਾਫ ਨੇ ਰਾਸ਼ਟਰੀ ਟੀਮ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਦੀ ਸਥਿਤੀ ਦੀ ਸਮੀਖਿਆ ਕੀਤੀ ਹੈ। ਅੱਗੇ ਦੀ ਜਾਂਚ ਲਈ ਉਸ ਦੀ ਤੁਰੰਤ ਸਕੈਨ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਉਹ ਬੀ. ਸੀ. ਬੀ. ਮੈਡੀਕਲ ਟੀਮ ਦੀ ਦੇਖ-ਰੇਖ ’ਚ ਰਿਹੈਬਿਲੀਟੇਸ਼ਨ ਪ੍ਰੋਗਰਾਮ ਸ਼ੁਰੂ ਕਰੇਗਾ।’’
ਬੋਰਡ ਨੇ ਕਿਹਾ,‘‘ਮੁਸਤਫਿਜ਼ੁਰ ਨੂੰ ਪਹਿਲਾਂ ਜਾਰੀ ਐੱਨ. ਓ. ਸੀ. ਵਾਪਸ ਲੈ ਲਈ ਗਿਆ ਹੈ। ਇਸ ਲਈ ਉਹ ਪੀ. ਐੱਸ. ਐੱਲ. 2026 ਦੇ ਬਾਕੀ ਮੁਕਾਬਲਿਆਂ ’ਚ ਹਿੱਸਾ ਨਹੀਂ ਲੈ ਸਕੇਗਾ।’’
ਜ਼ਿਕਰਯੋਗ ਹੈ ਕਿ ਮੁਸਤਫਿਜ਼ੁਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਨਿਰਦੇਸ਼ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਨੇ ਆਈ. ਪੀ. ਐੱਲ. 2026 ਦੇ ਦੌਰਾਨ ਆਪਣੀ ਟੀਮ ਤੋਂ ਰਿਲੀਜ਼ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਲਾਹੌਰ ਕਲੰਦਰਜ਼ ਲਈ ਖੇਡ ਰਿਹਾ ਸਨ ਤੇ ਇਸ ਸੈਸ਼ਨ ’ਚ 5 ਮੈਚਾਂ ’ਚ 6 ਵਿਕਟਾਂ ਲੈ ਚੁੱਕਾ ਸੀ। ਬੀ. ਸੀ. ਬੀ. ਨੇ ਇਕ ਹੋਰ ਫੈਸਲੇ ’ਚ ਇਹ ਵੀ ਪੁਸ਼ਟੀ ਕੀਤੀ ਕਿ ਨੌਜਵਾਨ ਤੇਜ਼ ਗੇਂਦਬਾਜ਼ ਨਾਹਿਦ ਰਾਣਾ ਨੂੰ ਵੀ ਪੀ. ਐੱਸ. ਐੱਲ. 2026 ਲਈ ਰਿਲੀਜ਼ ਨਹੀਂ ਕੀਤਾ ਜਾਵੇਗਾ। ਇਹ ਕਦਮ ਅਗਲੇ ਮਹੀਨੇ ਪਾਕਿਸਤਾਨ ਵਿਰੁੱਧ ਹੋਣ ਵਾਲੀ ਟੈਸਟ ਲੜੀ ਦੀ ਤਿਆਰੀ ਲਈ ਉਨ੍ਹਾਂ ਨੂੰ ਲੋੜੀਂਦਾ ਸਮਾਂ ਦੇਣ ਦੇ ਟੀਚੇ ਨਾਲ ਚੁੱਕਿਆ ਗਿਆ ਹੈ।
