ਸਨਰਾਈਜ਼ਰਜ਼ ਦੀ ਅਹਿਮ ਜਿੱਤ ’ਚ ਦੀਪਤੀ ਨੇ ਲਈਆਂ 3 ਵਿਕਟਾਂ

Sunday, Aug 09, 2026 - 11:45 AM (IST)

ਸਨਰਾਈਜ਼ਰਜ਼ ਦੀ ਅਹਿਮ ਜਿੱਤ ’ਚ ਦੀਪਤੀ ਨੇ ਲਈਆਂ 3 ਵਿਕਟਾਂ

ਲੰਡਨ– ਦਿ ਹੰਡ੍ਰੇਡ (ਮਹਿਲਾ) ਦੇ 24ਵੇਂ ਮੁਕਾਬਲੇ ’ਚ ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ ਤੇ ਫੀਬੀ ਲਿਚਫੀਲਡ ਦੇ ਅਰਧ ਸੈਂਕੜੇ ਨਾਲ ਸਨਰਾਈਜ਼ਰਜ਼ ਲੀਡਸ ਨੇ ਬਰਮਿੰਘਮ ਫੀਨਿਕਸ ਨੂੰ ਹਰਾਉਂਦੇ ਹੋਏ ਸੀਜ਼ਨ ਦੀ ਆਪਣੀ ਤੀਜੀ ਜਿੱਤ ਹਾਸਲ ਕਰ ਲਈ। ਇਸ ਜਿੱਤ ਦੇ ਨਾਲ ਹੀ ਸਨਰਾਈਜ਼ਰਜ਼ ਨੇ ਖੁਦ ਨੂੰ ਟੂਰਨਾਮੈਂਟ ’ਚ ਜਿਊਂਦਾ ਰੱਖਿਆ ਹੈ।

ਟਾਸ ਜਿੱਤ ਕੇ ਸਨਰਾਈਜ਼ਰਜ਼ ਨੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ ਤੇ ਕੇਟ ਕ੍ਰਾਸ ਦੇ ਸ਼ੁਰੂਆਤੀ ਦੋ ਝਟਕਿਆਂ ਨਾਲ ਫੀਨਿਕਸ ’ਤੇ ਦਬਾਅ ਬਣ ਗਿਆ ਸੀ। ਫੀਨਿਕਸ ਨੂੰ ਪਹਿਲਾ ਝਟਕਾ ਕੈਸਿਡੀ ਮੱਕਾਰਥੀ ਨੇ ਡੈਵਿਨਾ ਪੈਰਿਨ ਦੇ ਰੂਪ ’ਚ ਦਿੱਤਾ ਸੀ ਤੇ ਤਦ ਤੱਕ ਫੀਨਿਕਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਸੀ। ਇਸ ਤੋਂ ਬਾਅਦ ਕ੍ਰਾਸ ਨੇ ਐਲਿਸ ਕੈਪਸੀ ਤੇ ਟੈਮੀ ਬੋਮੌਂਟ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ ਤੇ ਫੀਨਿਕਸ ਦੇ 26 ਦੇ ਸਕੋਰ ’ਚ 3 ਵਿਕਟਾਂ ਡਿੱਗ ਗਈਆਂ। ਹਾਲਾਂਕਿ ਇਸ ਤੋਂ ਬਾਅਦ ਕਪਤਾਨ ਐਲਿਸ ਪੈਰੀ ਤੇ ਐਮਾ ਲੈਂਬ ਵਿਚਾਲੇ ਸਾਂਝੇਦਾਰੀ ਬਣ ਗਈ ਪਰ ਜੈਸ ਜਾਨਾਸਨ ਨੇ ਪੈਰੀ ਨੂੰ ਲਿਚਫੀਲਡ ਦੇ ਹੱਥੋਂ ਕੈਚ ਆਊਟ ਕਰਵਾਇਆ ਤੇ ਦੀਪਤੀ ਨੇ ਸੰਘਰਸ਼ ਕਰ ਰਹੀਆਂ ਅਨਰੀ ਡਕਰਸਨ ਦਾ ਸ਼ਿਕਾਰ ਕਰਦੇ ਹੋਏ ਫੀਨਿਕਸ ਦੀ ਅੱਧੀ ਟੀਮ ਨੂੰ 89 ਦੇ ਸਕੋਰ ’ਤੇ ਪੈਵੇਲੀਅਨ ਪਰਤਾ ਦਿੱਤਾ। ਲੈਂਬ ਅਜੇ ਵੀ ਇਕ ਪਾਸੇ ਡਟੀ ਹੋਈ ਸੀ ਤੇ ਉਸ ਦੇ ਉੱਪਰ ਫੀਨਿਕਸ ਦੀ ਪਾਰੀ ਨੂੰ ਚੰਗਾ ਅੰਜ਼ਾਮ ਦੇਣ ਦੀ ਜ਼ਿੰਮੇਵਾਰੀ ਸੀ ਪਰ ਦੂਜੇ ਪਾਸੇ ਕੋਈ ਵੀ ਬੱਲੇਬਾਜ਼ ਲੈਂਬ ਦਾ ਜ਼ਿਆਦਾ ਸਾਥ ਨਹੀਂ ਦੇ ਸਕੀ। ਐਨਾਬੈਲ ਸੁਦਰਲੈਂਡ ਨੇ ਜੇਮਿਮਾ ਸਪੈਂਸ ਦਾ ਸ਼ਿਕਾਰ ਕੀਤਾ ਤੇ ਦੀਪਤੀ ਨੇ ਫਾਤਿਮਾ ਸਨਾ ਤੇ ਅਲਾਨਾ ਕਿੰਗ ਨੂੰ ਪੈਵੇਲੀਅਨ ਪਰਤਾਇਆ। ਹਾਲਾਂਕਿ ਲੈਂਬ ਫੀਨਿਕਸ ਦੇ ਸਕੋਰ ਨੂੰ 100 ਦੇ ਪਾਰ ਲੈ ਗਈ ਪਰ 47 ਦੇ ਨਿੱਜੀ ਸਕੋਰ ’ਚ ਉਹ ਰਨ ਆਊਟ ਹੋ ਗਈ ਤੇ ਅੰਤ ’ਚ ਫੀਨਿਕਸ ਨੇ 9 ਵਿਕਟਾਂ ਦੇ ਨੁਕਸਾਨ ’ਤੇ 107 ਦੌੜਾਂ ਬਣਾ ਲਈਆਂ।

ਟੀਚਾ ਓਨਾ ਵੱਡਾ ਨਹੀਂ ਸੀ ਪਰ ਸਨਾ ਨੇ ਬ੍ਰਾਇਓਨੀ ਸਮਿਥ ਦੇ ਰੂਪ ’ਚ ਸਨਰਾਈਜ਼ਰਜ਼ ਨੂੰ 24 ਦੇ ਸਕੋਰ ’ਤੇ ਪਹਿਲਾ ਝਟਕਾ ਦਿੱਤਾ। ਹਾਲਾਂਕਿ ਗੇਂਦਬਾਜ਼ੀ ’ਚ ਇਹ ਫੀਨਿਕਸ ਲਈ ਇਕਲੌਤਾ ਖੁਸ਼ੀ ਦਾ ਪਲ ਸਾਬਤ ਹੋਇਆ ਤੇ ਇਸ ਤੋਂ ਬਾਅਦ ਲਿਚਫੀਲਡ ਨੇ ਲੌਰੇਨ ਵਿਨਫੀਲਡ ਹਿੱਲ ਦੇ ਨਾਲ ਮਿਲ ਕੇ ਸਨਰਾਈਜ਼ਰਜ਼ ਨੂੰ ਤੀਜੀ ਜਿੱਤ ਦਿਵਾ ਕੇ ਹੀ ਦਮ ਲਿਆ। ਲਿਚਫੀਲਡ ਨੇ 33 ਗੇਂਦਾਂ ’ਚ 71 ਦੌੜਾਂ ਦੀ ਆਪਣੀ ਅਜੇਤੂ ਪਾਰੀ ’ਚ 13 ਚੌਕੇ ਤੇ 1 ਛੱਕਾ ਲਾਇਆ।

ਇਸ ਜਿੱਤ ਨਾਲ ਸਨਰਾਈਜ਼ਰਜ਼ ਅੰਕ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਈ। ਇਸ ਸਮੇਂ ਵੈਲਸ਼ ਫਾਇਰ ਦੇ ਨਾਲ ਉਹ 6 ਮੁਕਾਬਲਿਆਂ ’ਚੋਂ 3 ਜਿੱਤਾਂ ਤੇ 3 ਹਾਰਾਂ ਨਾਲ 12 ਅੰਕ ਲੈ ਕੇ ਬਰਾਬਰੀ ’ਤੇ ਹੈ ਪਰ ਸਨਰਾਈਜ਼ਰਜ਼ ਦੀ ਨੈੱਟ ਰਨ ਰੇਟ ਫਾਇਰ ਦੀ ਤੁਲਨਾ ’ਚ ਬਿਹਤਰ ਹੈ।


author

Tarsem Singh

Content Editor

Related News