''ਮੇਰਾ ਸਿਲੈਕਸ਼ਨ ਨਹੀਂ ਹੋ ਸਕਿਆ...'', ਮਹਿਲਾ ਕ੍ਰਿਕਟਰ ਨੇ ਮੌਤ ਨੂੰ ਲਗਾ ਲਿਆ ਗਲੇ

Thursday, Jul 30, 2026 - 10:05 PM (IST)

''ਮੇਰਾ ਸਿਲੈਕਸ਼ਨ ਨਹੀਂ ਹੋ ਸਕਿਆ...'', ਮਹਿਲਾ ਕ੍ਰਿਕਟਰ ਨੇ ਮੌਤ ਨੂੰ ਲਗਾ ਲਿਆ ਗਲੇ

ਨਾਗਪੁਰ : ਨਾਗਪੁਰ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕ੍ਰਿਕਟ ਦੀ ਦੁਨੀਆ ਵਿੱਚ ਆਪਣਾ ਨਾਮ ਰੌਸ਼ਨ ਕਰਨ ਦਾ ਸੁਪਨਾ ਦੇਖ ਰਹੀ ਇੱਕ 17 ਸਾਲਾ ਮਹਿਲਾ ਕ੍ਰਿਕਟਰ ਨੇ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਵਿਦਰਭ ਕ੍ਰਿਕਟ ਐਸੋਸੀਏਸ਼ਨ (VCA) ਦੀ ਚੋਣ ਪ੍ਰਕਿਰਿਆ ਵਿੱਚ ਨਾਮ ਨਾ ਆਉਣ ਕਾਰਨ ਡੂੰਘੇ ਮਾਨਸਿਕ ਤਣਾਅ ਵਿੱਚ ਸੀ।

ਮ੍ਰਿਤਕਾ ਦੀ ਪਛਾਣ ਅਦਿਤੀ ਮੋਰੇਸ਼ਵਰ ਚੌਕਾਂਡੇ (17) ਵਜੋਂ ਹੋਈ ਹੈ। ਪੁਲਸ ਨੂੰ ਘਟਨਾ ਸਥਾਨ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸਨੇ ਆਪਣੀ ਨਿਰਾਸ਼ਾ ਜ਼ਾਹਰ ਕਰਦਿਆਂ ਲਿਖਿਆ ਹੈ, "ਮੇਰਾ ਸਿਲੈਕਸ਼ਨ ਨਹੀਂ ਹੋ ਸਕਿਆ...",। ਅਦਿਤੀ ਮੂਲ ਰੂਪ ਵਿੱਚ ਮਹਾਰਾਸ਼ਟਰ ਦੇ ਅਕੋਲਾ ਦੀ ਰਹਿਣ ਵਾਲੀ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਆਪਣੀ ਮਾਂ ਨਾਲ ਨਾਗਪੁਰ ਦੇ ਲਕਸ਼ਮੀਨਗਰ ਸਥਿਤ ਇੱਕ ਅਪਾਰਟਮੈਂਟ ਵਿੱਚ ਰਹਿ ਰਹੀ ਸੀ।

ਅਦਿਤੀ ਨਾਗਪੁਰ ਦੀ ਸੁਰਵੇ ਕ੍ਰਿਕਟ ਅਕੈਡਮੀ ਵਿੱਚ ਸਖ਼ਤ ਮਿਹਨਤ ਕਰ ਰਹੀ ਸੀ ਅਤੇ ਉਸਦਾ ਸੁਪਨਾ ਵੱਡੇ ਪੱਧਰ 'ਤੇ ਕ੍ਰਿਕਟ ਖੇਡਣਾ ਸੀ। ਜ਼ਿਕਰਯੋਗ ਹੈ ਕਿ ਉਸਦਾ ਭਰਾ ਵੀ ਇੱਕ ਕ੍ਰਿਕਟ ਖਿਡਾਰੀ ਹੈ। ਇਹ ਘਟਨਾ ਬੁੱਧਵਾਰ ਸਵੇਰੇ ਕਰੀਬ 5:30 ਵਜੇ ਵਾਪਰੀ, ਜਿਸ ਨੇ ਪੂਰੇ ਖੇਡ ਜਗਤ ਅਤੇ ਸ਼ਹਿਰ ਨੂੰ ਸਦਮੇ ਵਿੱਚ ਪਾ ਦਿੱਤਾ ਹੈ।

ਬਜਾਜ ਨਗਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣੇ ਦੇ ਸੀਨੀਅਰ ਇੰਸਪੈਕਟਰ ਚੇਤਨ ਚੌਹਾਨ ਨੇ ਦੱਸਿਆ ਕਿ ਪੁਲਸ ਨੇ ਅਚਾਨਕ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦੀ ਪੁਸ਼ਟੀ ਕੀਤੀ ਜਾਵੇਗੀ।

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਮਾਨਸਿਕ ਤਣਾਅ ਜਾਂ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ, ਤਾਂ ਕਿਰਪਾ ਕਰਕੇ ਇਕੱਲੇ ਨਾ ਰਹੋ। ਤੁਸੀਂ ਰਾਸ਼ਟਰੀ ਮਾਨਸਿਕ ਸਿਹਤ ਹੈਲਪਲਾਈਨ 'ਟੈਲੀ-ਮਾਨਸ' (Tele-MANAS) ਦੇ ਟੋਲ-ਫ੍ਰੀ ਨੰਬਰ 14416 ਜਾਂ 1800 891 4416 'ਤੇ ਸੰਪਰਕ ਕਰਕੇ ਮਾਹਿਰਾਂ ਦੀ ਮਦਦ ਲੈ ਸਕਦੇ ਹੋ।
 


author

Inder Prajapati

Content Editor

Related News