AUS ਬੱਲੇਬਾਜ਼ਾਂ ਨੇ 30 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੀਤਾ ਅਜਿਹਾ ਇਤਿਹਾਸਕ ਕਾਰਨਾਮਾ

Sunday, Nov 01, 2020 - 08:28 PM (IST)

ਨਵੀਂ ਦਿੱਲੀ- ਕ੍ਰਿਕਟ ਦੇ ਇਤਿਹਾਸ 'ਚ ਇਕ ਵੱਡਾ ਰਿਕਾਰਡ ਟੁੱਟ ਗਿਆ ਹੈ। ਆਸਟਰੇਲੀਆ ਦੇ ਘਰੇਲੂ ਕ੍ਰਿਕਟ ਸ਼ੇਫੀਲਡ ਸ਼ੀਲਡ 'ਚ ਇਹ ਕਾਰਨਾਮਾ ਕੀਤਾ ਗਿਆ ਹੈ। ਸ਼ੇਫੀਲਡ ਸ਼ੀਲਡ ਟੂਰਨਾਮੈਂਟ 'ਚ ਵਿਕਟੋਰੀਆ ਦੇ ਲਈ ਮਾਰਕਸ ਹੈਰਿਸ ਅਤੇ ਵਿਲ ਪੁਕੋਵਸਕੀ ਨੇ ਦੱਖਣੀ ਆਸਟਰੇਲੀਆ ਵਿਰੁੱਧ ਮੈਚ ਦੇ ਦੌਰਾਨ ਪਹਿਲੇ ਵਿਕਟ ਦੇ ਲਈ 486 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਇਸ ਟੂਰਨਾਮੈਂਟ 'ਚ ਕਿਸੇ ਵੀ ਵਿਕਟ ਦੇ ਲਈ ਸਭ ਤੋਂ ਵੱਡੀ ਸਾਂਝੇਦਾਰੀ ਕਰਨ ਦਾ ਰਿਕਾਰਡ ਹੈ। ਮਾਰਕਸ ਹੈਰਿਸ ਅਤੇ ਵਿਲ ਪੁਕੋਵਸਕੀ ਨੇ ਅਜਿਹਾ ਕਰ ਮਾਰਕ ਵਾਅ ਅਤੇ ਸਟੀਵ ਵਾਅ ਦੀ ਜੋੜੀ ਵਲੋਂ ਬਣਾਇਆ ਗਿਆ 30 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਦੋਵਾਂ ਸਾਬਕਾ ਆਸਟਰੇਲੀਆਈ ਦਿੱਗਜਾਂ ਨੇ ਸਾਲ 1990 'ਚ ਨਿਊ ਸਾਊਥ ਵੇਲਸ ਵਲੋਂ ਖੇਡਦੇ ਹੋਏ ਵੈਸਟਰਨ ਆਸਟਰੇਲੀਆ ਵਿਰੁੱਧ 5ਵੇਂ ਵਿਕਟ ਦੇ ਲਈ 464 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ ਸੀ। ਦੱਸ ਦੇਈਏ ਕਿ ਸਾਊਥ ਆਸਟਰੇਲੀਆ ਵਿਰੁੱਧ ਮੈਚ ਦੇ ਦੌਰਾਨ ਮਾਰਕਸ ਹੈਰਿਸ ਨੇ 399 ਗੇਂਦਾਂ 'ਤੇ 239 ਦੌੜਾਂ ਬਣਾਈਆਂ ਤਾਂ ਉੱਥੇ ਹੀ ਪੁਕੋਵਸਕੀ ਨੇ 255 ਦੌੜਾਂ ਦੀ ਮੈਰਾਥਨ ਪਾਰੀ ਖੇਡ ਕੇ ਇਸ ਰਿਕਾਰਡ ਨੂੰ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ।


ਇਸ ਮੈਚ 'ਚ ਸਾਊਥ ਆਸਟਰੇਲੀਆ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕੀਤੀ। ਵਿਕਟੋਰੀਆ ਦੇ ਗੇਂਦਬਾਜ਼ਾਂ ਨੇ ਕਮਾਲ ਕਰਦੇ ਹੋਏ ਸਿਰਫ 200 ਦੌੜਾਂ 'ਤੇ ਹੀ ਢੇਰ ਕਰ ਦਿੱਤਾ। ਇਸ ਤੋਂ ਬਾਅਦ ਜਦੋ ਵਿਕਟੋਰੀਆ ਦੀ ਟੀਮ ਬੱਲੇਬਾਜ਼ੀ ਕਰਨ ਆਈ ਤਾਂ ਮਾਰਕਸ ਹੈਰਿਸ ਤੇ ਵਿਲ ਨੇ ਮਿਲ ਕੇ ਮੈਰਾਥਨ ਪਾਰੀ ਦੀ ਸ਼ੁਰੂਆਤ ਕੀਤੀ। ਦੋਵਾਂ ਬੱਲੇਬਾਜ਼ਾਂ ਨੇ ਆਪਣੀ ਬੱਲੇਬਾਜ਼ੀ ਨਾਲ ਕ੍ਰਿਕਟ ਦੇ ਇਤਿਹਾਸ 'ਚ ਇਕ ਨਵਾਂ ਕਾਰਨਾਮਾ ਕਰ ਦਿਖਾਇਆ ਹੈ। ਮਾਰਕਸ ਨੇ 239 ਦੌੜਾਂ ਦੀ ਪਾਰੀ 'ਚ 28 ਚੌਕੇ ਅਤੇ 1 ਛੱਕਾ ਲਗਾਇਆ ਤਾਂ ਪੁਕੋਵਸਕੀ ਨੇ 255 ਦੌੜਾਂ ਦੀ ਪਾਰੀ 'ਚ 27 ਚੌਕੇ ਤੇ 1 ਛੱਕਾ ਲਗਾਇਆ। 
ਕ੍ਰਿਕਟ ਇਤਿਹਾਸ ਦੀ ਸਭ ਤੋਂ ਵੱਡੀ ਸਾਂਝੇਦਾਰੀ ਦੇ ਬਾਰੇ 'ਚ ਗੱਲ ਕਰੀਏ ਤਾਂ ਇਹ ਰਿਕਾਰਡ ਸ਼੍ਰੀਲੰਕਾ ਦੇ ਬੱਲੇਬਾਜ਼ ਕੁਮਾਰ ਸੰਗਾਕਾਰ ਤੇ ਮਹੇਲਾ ਜੈਵਰਧਨੇ ਦੇ ਨਾਂ ਹੈ। ਦੋਵਾਂ ਨੇ ਮਿਲ ਕੇ ਦੱਖਣੀ ਅਫਰੀਕਾ ਵਿਰੁੱਧ ਸਾਲ 2006 'ਚ ਤੀਜੇ ਵਿਕਟ ਦੇ ਲਈ 624 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।


Gurdeep Singh

Content Editor

Related News