ਐਟਲੇਟਿਕੋ ਮੈਡ੍ਰਿਡ ਨੇ ਗੇਟਾਫੇ ਨੂੰ 2-0 ਨਾਲ ਹਰਾਇਆ

Monday, Jan 08, 2018 - 02:16 AM (IST)

ਮੈਡ੍ਰਿਡ— ਡਿਆਗੋ ਕੋਸਟਾ ਤੇ ਐਂਜਲ ਕੋਰੀਅਰ ਦੇ ਗੋਲ ਦੇ ਦਮ 'ਤੇ ਐਟਲੇਟਿਕੋ ਮੈਡ੍ਰਿਡ ਨੇ ਅੱਜ ਇਥੇ ਲਾ ਲਿਗਾ ਦੇ ਮੈਚ 'ਚ ਗੇਟਾਫੇ ਨੂੰ 2-0 ਨਾਲ ਹਰਾਇਆ। ਇਕ ਹੋਰ ਮੈਚ 'ਚ ਸੇਵਿਲਾ ਨੂੰ ਸਥਾਨਕ ਬਦਲਵੇਂ ਵਿਰੋਧੀ ਰਿਆਲ ਬੇਟਿਸ ਤੋਂ 3-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਹ ਅੰਕ ਸੂਚੀ 'ਚ ਰੀਅਲ ਮੈਡ੍ਰਿਡ ਤੋਂ ਅੱਗੇ ਜਾਣ ਤੋਂ ਖੁੰਝ ਗਿਆ। ਮੈਚ ਦੇ 18ਵੇਂ ਮਿੰਟ ਵਿਚ ਐਂਜਲ ਕੋਰੀਆ ਨੇ ਗੋਲ ਕਰ ਕੇ ਐਟਲੇਟਿਕੋ ਨੂੰ 1-0 ਨਾਲ ਬੜ੍ਹਤ ਦਿਵਾਈ। 
ਬਾਰਸੀਲੋਨਾ ਛੱਡ ਕੇ ਐਟਲੇਟਿਕੋ ਨਾਲ ਜੁੜੇ ਕੋਸਟਾ ਨੇ ਟੀਮ ਲਈ ਆਪਣੇ ਪਹਿਲੇ ਮੈਚ ਵਿਚ ਗੋਲ ਕੀਤਾ। ਉਸ ਨੂੰ 62ਵੇਂ ਮਿੰਟ ਵਿਚ ਫਾਊਲ ਕਰਨ 'ਤੇ ਪੀਲਾ ਕਾਰਡ ਦਿਖਾਇਆ ਗਿਆ। ਛੇ ਮਿੰਟ ਬਾਅਦ ਉਸ ਦੇ ਗੋਲ ਨਾਲ ਟੀਮ 2-0 ਨਾਲ ਅੱਗੇ ਹੋ ਗਈ। ਗੋਲ ਕਰਨ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ ਉਹ ਪ੍ਰਸ਼ੰਸਕਾਂ ਕੋਲ ਪਹੁੰਚ ਗਿਆ, ਜਿਸ ਨਾਲ ਰੈਫਰੀ ਨੇ ਉਸ ਨੂੰ ਦੂਜਾ ਪੀਲਾ ਕਾਰਡ ਦਿੱਤਾ ਤੇ ਉਹ ਮੈਚ ਤੋਂ ਬਾਹਰ ਹੋ ਗਿਆ।
ਇਸ ਜਿੱਤ ਨਾਲ ਐਟਲੇਟਿਕੋ ਦੀ ਟੀਮ ਅੰਕ ਸੂਚੀ 'ਚ ਬਾਰਸੀਲੋਨਾ ਤੋਂ ਬਾਅਦ ਦੂਜੇ ਸਥਾਨ 'ਤੇ ਆ ਗਈ ਹੈ। ਦੋਵਾਂ ਟੀਮਾਂ ਵਿਚਾਲੇ ਛੇ ਅੰਕਾਂ ਦਾ ਫਰਕ ਹੈ। ਐਟਲੇਟਿਕੋ ਤੋਂ ਦੋ ਅੰਕ ਪਿੱਛੇ ਤੀਜੇ ਸਥਾਨ 'ਤੇ ਵੇਲੇਂਸੀਆ ਦੀ ਟੀਮ ਹੈ, ਜਿਸ ਦੇ 37 ਅੰਕ ਹਨ, ਜਿਸ ਨੇ ਗਿਰੋਨਾ ਨੂੰ 2-1 ਨਾਲ ਹਰਾਇਆ। ਸੇਵਿਲਾ ਦੀ ਟੀਮ 30 ਅੰਕਾਂ ਨਾਲ ਅੰਕ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ, ਜਿਹੜੀ ਰੀਅਲ ਮੈਡ੍ਰਿਡ ਤੋਂ ਇਕ ਅੰਕ ਘੱਟ ਹੈ। ਸੇਵਿਲਾ 'ਤੇ ਜਿੱਤ ਦੇ ਦਮ 'ਤੇ ਰੀਅਲ ਬੇਟਿਸ ਛੇ ਸਥਾਨਾਂ ਦੇ ਸੁਧਾਰ ਨਾਲ 27 ਅੰਕਾਂ ਨਾਲ ਅੱਠਵੇਂ ਸਥਾਨ 'ਤੇ ਆ ਗਿਆ ਹੈ।


Related News