ਕਤਲ ਕੇਸ ’ਚੋਂ 2 ਵਿਅਕਤੀ ਬਾਇੱਜ਼ਤ ਬਰੀ

Thursday, Oct 03, 2024 - 03:56 PM (IST)

ਕਤਲ ਕੇਸ ’ਚੋਂ 2 ਵਿਅਕਤੀ ਬਾਇੱਜ਼ਤ ਬਰੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ. ਬੀ. ਐੱਸ. ਤੇਜੀ ਦੀ ਅਦਾਲਤ ਨੇ ਇਕ ਕਤਲ ਕੇਸ ਦਾ ਫੈਸਲਾ ਸੁਣਾਉਂਦਿਆਂ ਕੇਸ ’ਚ ਨਾਮਜ਼ਦ ਕੀਤੇ ਗਏ ਮੁਹੰਮਦ ਰਾਫੇਦ ਅਤੇ ਗੁਰਿੰਦਰਜੀਤ ਸਿੰਘ ਵਾਸੀ ਕੋਟ ਕਰਮਚੰਦ (ਜ਼ਿਲ੍ਹਾ ਗੁਰਦਾਸਪੁਰ) ਨੂੰ ਬਚਾਅ ਪੱਖ ਦੇ ਵਕੀਲ ਸਤਨਾਮ ਸਿੰਘ ਰਾਹੀ ਦੀਆਂ ਮਜ਼ਬੂਤ ਦਲੀਲਾਂ ’ਤੇ ਸਹਿਮਤ ਹੁੰਦੇ ਹੋਏ ਬਾਇੱਜ਼ਤ ਬਰੀ ਕਰ ਦਿੱਤਾ। ਮਾਮਲੇ ਦੀ ਸ਼ੁਰੂਆਤ 27 ਅਪ੍ਰੈਲ 2021 ਨੂੰ ਹੋਈ, ਜਦੋਂ ਦਿਲਸ਼ਾਦ ਪੁੱਤਰ ਅਬਦੁੱਲ ਰਹਿਮਾਨ ਵਾਸੀ ਮਲੇਰਕੋਟਲਾ ਨੇ ਥਾਣਾ ਤਪਾ ਵਿਖੇ ਬਿਆਨ ਦਰਜ ਕਰਵਾਇਆ ਕਿ ਉਸ ਦੇ ਪਿਤਾ ਅਬਦੁਲ ਰਹਿਮਾਨ, ਜੋ ਪੁਰਾਣੀਆਂ ਬਿਲਡਿੰਗਾਂ ਢਾਹੁਣ ਦੇ ਠੇਕੇ ਲੈਂਦੇ ਸਨ, ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਹੈ।

ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਤਪਾ ’ਚ ਇਕ ਪੁਰਾਣੀ ਬਿਲਡਿੰਗ ਢਾਹੁਣ ਦਾ ਕੰਮ ਸ਼ੁਰੂ ਕੀਤਾ ਸੀ। 25 ਅਪ੍ਰੈਲ 2021 ਨੂੰ, ਉਸ ਦੇ ਚਾਚੇ ਅਸਲਮ ਤੇ ਲਿਆਕਤ ਨੇ ਆ ਕੇ ਦੱਸਿਆ ਕਿ ਉਸ ਦੇ ਪਿਤਾ ਦੀ ਹੱਤਿਆ ਹੋ ਗਈ ਹੈ। ਇਸ ਦੇ ਬਾਅਦ ਦਿਲਸ਼ਾਦ ਆਪਣੇ ਪਰਿਵਾਰ ਦੇ ਲੋਕਾਂ ਨਾਲ ਸਿਵਲ ਹਸਪਤਾਲ ਤਪਾ ਪਹੁੰਚਿਆ, ਜਿੱਥੇ ਉਸਦੇ ਪਿਤਾ ਦੀ ਲਾਸ਼ ਮਿਲੀ। ਮ੍ਰਿਤਕ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਡੂੰਘੇ ਜ਼ਖਮ ਸਨ।

ਇਹ ਖ਼ਬਰ ਵੀ ਪੜ੍ਹੋ - ਖੇਡਦੀ-ਖੇਡਦੀ ਬੱਚੀ ਨਾਲ ਵਾਪਰ ਗਈ ਅਣਹੋਣੀ! ਮਾਂ ਦੀਆਂ ਅੱਖਾਂ ਮੂਹਰੇ ਤੜਫ਼-ਤੜਫ਼ ਕੇ ਨਿਕਲੀ ਜਾਨ

ਮਾਮਲੇ ਦੀ ਸੂਚਨਾ ਮਿਲਣ ’ਤੇ, ਪੁਲਸ ਨੇ 27 ਅਪ੍ਰੈਲ 2021 ਨੂੰ ਮੁਕੱਦਮਾ ਨੰਬਰ 55 ਤਹਿਤ ਕੇਸ ਦਰਜ ਕੀਤਾ। ਪੁਲਸ ਦੀ ਤਫਤੀਸ਼ ਦੌਰਾਨ ਗੁਰਿੰਦਰਜੀਤ ਸਿੰਘ ਅਤੇ ਮੁਹੰਮਦ ਰਾਫੇਦ ਨੂੰ ਨਾਮਜ਼ਦ ਕੀਤਾ ਗਿਆ ਅਤੇ ਮਾਣਯੋਗ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ।

ਅਦਾਲਤ ’ਚ ਚੱਲ ਰਹੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਸਤਨਾਮ ਸਿੰਘ ਰਾਹੀ ਨੇ ਆਪਣੀ ਬਹਿਸ ’ਚ ਕਈ ਮਹੱਤਵਪੂਰਨ ਨੁਕਤੇ ਚੁੱਕੇ। ਉਨ੍ਹਾਂ ਕਿਹਾ ਕਿ ਡਾਕਟਰੀ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਕੱਪੜੇ ਥਾਣੇਦਾਰ ਨੂੰ ਸੌਂਪਣ ਸਮੇਂ ਪਲੰਦਾ ਸੀਲ ਨਹੀਂ ਕੀਤਾ ਗਿਆ ਸੀ, ਜਿਸ ਕਰ ਕੇ ਉਨ੍ਹਾਂ ਕੱਪੜਿਆਂ ਨੂੰ ਮੁਕੱਦਮੇ ’ਚ ਸਬੂਤ ਵਜੋਂ ਮੰਨਿਆ ਨਹੀਂ ਜਾ ਸਕਦਾ। ਪੁਲਸ ਵੱਲੋਂ ਡੀ.ਐੱਨ.ਏ. ਜਾਂਚ ਲਈ ਜੋ ਕੱਪੜੇ ਭੇਜੇ ਗਏ ਸਨ, ਉਨ੍ਹਾਂ ’ਤੇ ਮ੍ਰਿਤਕ ਅਬਦੁਲ ਰਹਿਮਾਨ ਦਾ ਖੂਨ ਨਹੀਂ ਸੀ। ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਤੋਂ ਖੂਨ ਦੇ ਨਮੂਨੇ ਕਿਉਂ ਨਹੀਂ ਲਏ ਗਏ ਜਿਨ੍ਹਾਂ ਨਾਲ ਡੀ.ਐੱਨ.ਏ. ਟੈਸਟ ਦੀ ਰਿਪੋਰਟ ਦਾ ਮਿਲਾਣ ਹੋ ਸਕਦਾ ਸੀ।

ਵਕੀਲ ਨੇ ਇਹ ਵੀ ਦਲੀਲ ਦਿੱਤੀ ਕਿ ਪੁਲਸ ਨੇ ਜਿਨ੍ਹਾਂ ਹਥਿਆਰਾਂ ਦੀ ਬਰਾਮਦਗੀ ਦਿਖਾਈ ਸੀ, ਉਹ ਹਥਿਆਰ ਮ੍ਰਿਤਕ ਦੇ ਸਰੀਰ ’ਤੇ ਮਿਲੇ ਜ਼ਖਮਾਂ ਨਾਲ ਮੇਲ ਨਹੀਂ ਖਾਂਦੇ। ਇਸ ਸਬੰਧ ’ਚ ਪੁਲਸ ਦੇ ਸਬੂਤ ਅਧੂਰੇ ਸਨ। ਅਦਾਲਤ ਨੇ ਇਨ੍ਹਾਂ ਸਭ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਮੁਲਜ਼ਮਾਂ ਨੂੰ ਬਾਇੱਜ਼ਤ ਬਰੀ ਕਰਨ ਦਾ ਫ਼ੈਸਲਾ ਦਿੱਤਾ। ਫ਼ੈਸਲੇ ’ਚ ਮਾਣਯੋਗ ਜੱਜ ਬੀ.ਬੀ.ਐੱਸ. ਤੇਜੀ ਨੇ ਦੋਸ਼ਾਂ ਦੇ ਵਿਰੁੱਧ ਕਸੇ ਵੀ ਮਜ਼ਬੂਤ ਸਬੂਤ ਦੀ ਘਾਟ ਕਾਰਨ ਮੁਹੰਮਦ ਰਾਫੇਦ ਤੇ ਗੁਰਿੰਦਰਜੀਤ ਸਿੰਘ ਨੂੰ ਕਤਲ ਦੇ ਕੇਸ ’ਚੋਂ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News