ਅਰੁੰਧਤੀ ਪ੍ਰੀ-ਕੁਆਰਟਰ ਫਾਈਨਲ, ਨਰਿੰਦਰ ਓਲੰਪਿਕ ਕੁਆਲੀਫਾਇਰ ’ਚੋਂ ਬਾਹਰ
Wednesday, May 29, 2024 - 06:30 PM (IST)

ਬੈਂਕਾਕ, (ਭਾਸ਼ਾ)- ਮੌਜੂਦਾ ਰਾਸ਼ਟਰੀ ਚੈਂਪੀਅਨ ਅਰੁੰਧਤੀ ਚੌਧਰੀ ਨੇ ਬੁੱਧਵਾਰ ਨੂੰ ਇੱਥੇ ਦੂਜੇ ਮੁੱਕੇਬਾਜ਼ੀ ਵਿਸ਼ਵ ਓਲੰਪਿਕ ਕੁਆਲੀਫਾਇਰ ’ਚ ਆਸਾਨ ਜਿੱਤ ਨਾਲ 66 ਕਿਲੋਗ੍ਰਾਮ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਜਦਕਿ ਏਸ਼ੀਆਈ ਖੇਡਾਂ ਵਿਚ ਭਾਰਤ ਦਾ ਕਾਂਸੀ ਦਾ ਤਗਾਮਾ ਜੇਤੂ ਨਰਿੰਦਰ ਬੇਰਵਾਲ (92 ਕਿਲੋ ਤੋਂ ਵੱਧ) ਹਾਰ ਕੇ ਬਾਹਰ ਹੋ ਗਿਆ।
ਅਰੁੰਧਤੀ ਨੇ ਪੂਏਰਟੋ ਰਿਕੋ ਦੀ ਸਟੈਫਨੀ ਪਿਨੇਰੋ ਨੂੰ ਸਰਬਸੰਮਤੀ ਨਾਲ 5-0 ਨਾਲ ਹਰਾਇਆ ਜਦਕਿ ਨਰਿੰਦਰ ਇਕਵਾਡੋਰ ਦੀ ਗੇਰਲੋਨ ਗਿਲਮਾਰ ਕੋਂਗੋ ਛੱਲਾ ਤੋਂ 2-3 ਨਾਲ ਹਾਰ ਗਿਆ। ਅਰੁੰਧਤੀ ਨੇ ਪਹਿਲੇ ਦੌਰ ’ਚ ਆਪਣੀ ਵਿਰੋਧਣ ਖਿਲਾਫ ਸ਼ਾਨਦਾਰ ਸ਼ੁਰੂਆਤ ਕੀਤੀ ਜਦਕਿ ਦੂਜੇ ਦੌਰ ’ਚ ਉਸ ਨੇ ਥੋੜ੍ਹਾ ਸਾਵਧਾਨੀ ਵਾਲਾ ਰੁਖ ਅਪਣਾਉਂਦੇ ਹੋਏ ਆਪਣੀ ਸਥਿਤੀ ਮਜ਼ਬੂਤ ਕੀਤੀ। ਭਾਰਤੀ ਮੁੱਕੇਬਾਜ਼ ਨੇ ਤੀਜੇ ਦੌਰ ’ਚ ਵੀ ਦਬਦਬਾ ਬਣਾਇਆ ਅਤੇ ਆਸਾਨ ਜਿੱਤ ਦਰਜ ਕੀਤੀ। ਨਰਿੰਦਰ ਨੇ ਵੀ ਵਿਰੋਧੀ ਮੁੱਕੇਬਾਜ਼ ਨੂੰ ਸਖਤ ਟੱਕਰ ਦਿੱਤੀ ਪਰ ਉਹ ਅਗਲੇ ਦੌਰ ਵਿਚ ਥਾਂ ਬਣਾਉਣ ਲਈ ਕਾਫੀ ਨਹੀਂ ਸੀ। 2022 ਦੀਆਂ ਏਸ਼ੀਅਨ ਖੇਡਾਂ ਦੇ ਕਾਂਸੀ ਤਮਗਾ ਜੇਤੂ ਨਰਿੰਦਰ ਦੀ ਪਹਿਲੇ ਗੇੜ ਵਿਚ ਹੌਲੀ ਸ਼ੁਰੂਆਤ ਸੀ ਕਿਉਂਕਿ ਉਹ ਪਿੱਛੇ ਹੋ ਗਿਆ ਸੀ ਅਤੇ ਗਰਲੋਨ ਨੂੰ ਪਾਰ ਕਰਨ ਵਿਚ ਅਸਮਰੱਥ ਸੀ। ਉਸਨੇ ਦੂਜੇ ਅਤੇ ਤੀਜੇ ਦੌਰ ਵਿਚ ਆਪਣੇ ਪ੍ਰਦਰਸ਼ਨ ਨਾਲ ਪੰਜ ’ਚੋਂ ਤਿੰਨ ਜੱਜਾਂ ਨੂੰ ਪ੍ਰਭਾਵਿਤ ਕੀਤਾ ਪਰ ਇਹ ਉਸਨੂੰ ਜਿੱਤ ਦਿਵਾਉਣ ਲਈ ਇਹ ਕਾਫੀ ਨਹੀਂ ਸੀ।