ਅਰੂੰਧਤੀ ਨੇ BFI ਚੋਣ ਨੀਤੀ ਨੂੰ ਦਿੱਲੀ ਹਾਈ ਕੋਰਟ ''ਚ ਦਿੱਤੀ ਚੁਣੌਤੀ

11/10/2021 12:33:30 PM

ਨਵੀਂ ਦਿੱਲੀ- ਰਾਸ਼ਟਰੀ ਚੈਂਪੀਅਨ ਅਰੂੰਧਤੀ ਚੌਧਰੀ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਲਈ ਬਿਨਾ ਟ੍ਰਾਇਲ ਦੇ ਓਲੰਪਿਕ ਕਾਂਸੀ ਤਮਗ਼ਾ ਜੇਤੂ ਲਵਲੀਨਾ ਬੋਰਗੋਹੇਨ ਦੀ ਚੋਣ ਕਰਨ ਲਈ ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਦੇ ਫ਼ੈਸਲੇ ਦੇ ਖ਼ਿਲਾਫ਼ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਸਾਬਕਾ ਯੁਵਾ ਚੈਂਪੀਅਨ ਅਰੂੰਧਤੀ ਚਾਹੁੰਦੀ ਹੈ ਕਿ 70 ਕਿਲੋਗ੍ਰਾਮ ਵਰਗ ਲਈ ਟ੍ਰਾਇਲ ਹੋਣ ਜਿਸ ਦੇ ਲਈ ਓਲੰਪਿਕ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਲਵਲੀਨਾ ਨੂੰ ਸਿੱਧੇ ਚੁਣਿਆ ਗਿਆ ਹੈ। ਬਾਕੀ ਸਾਰੇ 11 ਵਜ਼ਨ ਵਰਗਾਂ 'ਚ ਰਾਸ਼ਟਰੀ ਚੈਂਪੀਅਨ ਭਾਰਤ ਦੀ ਨੁਮਾਇੰਦਗੀ ਕਰਨਗੇ।

19 ਸਾਲਾ ਇਸ ਮੁੱਕੇਬਾਜ਼ ਦੀ ਪਟੀਸ਼ਨ ਬੁੱਧਵਾਰ ਨੂੰ ਸੁਣਵਾਈ ਲਈ ਸੂਚੀਬੱਧ ਕੀਤੀ ਗਈ ਹੈ ਤੇ ਬੀ. ਐੱਫ. ਆਈ. ਦੇ ਚੋਟੀ ਦੇ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮਹਾਸੰਘ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗਾ। ਇਸਤਾਂਬੁਲ 'ਚ 4 ਤੋਂ 18 ਦਸੰਬਰ ਤਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਨੂੰ ਤੁਰਕੀ 'ਚ ਕੋਵਿਡ-19 ਦੇ ਮਾਮਲਿਆਂ ਦੇ ਵਧਣ ਕਾਰਨ ਅਗਲੇ ਸਾਲ ਤਕ ਮੁਲਤਵੀ ਕਰਨ ਦੀ ਤਿਆਰੀ ਲਗਭਗ ਪੂਰੀ ਹੈ। ਕੌਮਾਂਤਰੀ ਮੁੱਕੇਬਾਜ਼ੀ ਸੰਘ ਵਲੋਂ ਇਸ ਹਫ਼ਤੇ ਟੂਰਨਾਮੈਂਟ ਨੂੰ ਮੁਲਤਵੀ ਕਰਨ ਦੇ ਰਸਮੀ ਐਲਾਨ ਦੇ ਬਾਅਦ ਪ੍ਰਤੀਯੋਗਿਤਾ ਦੇ ਲਈ ਨਵੀਂ ਚੋਣ ਕਮੇਟੀ ਤਿਆਰ ਕੀਤੀ ਜਾ ਸਕਦੀ ਹੈ। 


Tarsem Singh

Content Editor

Related News