34 ਸਾਲ ਪਹਿਲਾਂ ਅੱਜ ਹੀ ਦੇ ਦਿਨ ਪਹਿਲੀ ਵਾਰ ਭਾਰਤ ਨੇ ਜਿੱਤਿਆ ਸੀ ਵਰਲਡ ਕੱਪ

06/25/2017 12:11:34 PM

ਨਵੀਂ ਦਿੱਲੀ— 34 ਸਾਲ ਪਹਿਲਾਂ ਅੱਜ ਦੇ ਹੀ ਦਿਨ ਭਾਰਤ ਲਾਰਡਸ 'ਚ ਵਰਲਡ ਕੱਪ ਚੈਂਪੀਅਨ ਬਣਿਆ ਸੀ। 25 ਜੂਨ 1983 ਦਾ ਦਿਨ ਭਾਰਤੀ ਖੇਡਾਂ ਦੇ ਇਤਿਹਾਸ 'ਚ ਕਦੀ ਨਾ ਭੁਲਣ ਵਾਲਾ ਦਿਨ ਹੈ। ਵੈਸਟਇੰਡੀਜ਼ 'ਤੇ ਭਾਰਤ ਨੇ ਫਾਈਨਲ 'ਚ 43 ਦੌੜਾਂ ਨਾਲ ਹੈਰਾਨੀਜਨਕ ਜਿੱਤ ਦਰਜ ਕਰ ਕੇ ਪਹਿਲੀ ਵਾਰ ਵਰਲਡ ਕੱਪ 'ਤੇ ਕਬਜ਼ਾ ਜਮਾਇਆ ਸੀ। ਪੂਰੇ ਟੂਰਨਾਮੈਂਟ 'ਚ ਭਾਰਤੀ ਟੀਮ ਨੇ ਉਮੀਦਾਂ ਦੇ ਉਲਟ ਹੈਰਾਨ ਕਰਨ ਵਾਲਾ ਪ੍ਰਦਰਸ਼ਨ ਕਰ ਕੇ ਆਸਟਰੇਲੀਆ, ਇੰਗਲੈਂਡ ਅਤੇ ਵੈਸਟਇੰਡੀਜ਼ ਜਿਹੀਆਂ ਦਿੱਗਜ ਟੀਮਾਂ ਨੂੰ ਧੂੜ ਚਟਾਉਂਦੇ ਹੋਏ ਵਿਸ਼ਵ ਚੈਂਪੀਅਨ ਬਣ ਕੇ ਦਿਖਾਇਆ ਸੀ।

ਵੈਸਟਇੰਡੀਜ਼ ਦੇ ਚੈਂਪੀਅਨ ਬਣਨ ਦੀ ਹੈਟ੍ਰਿਕ ਦਾ ਸੁਪਨਾ ਤੋੜਿਆ
ਫਾਈਨਲ 'ਚ ਇਕ ਪਾਸੇ ਸੀ ਦੋ ਵਾਰ ਖਿਤਾਬ ਜਿੱਤਣ ਵਾਲੀ ਵੈਸਟਇੰਡੀਜ਼ ਦੀ ਟੀਮ, ਤਾਂ ਦੂਜੇ ਪਾਸੇ ਸੀ ਪਿਛਲੇ ਦੋਹਾਂ ਵਿਸ਼ਵ ਕੱਪ 'ਚ ਖਰਾਬ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ। ਵੈਸਟਇੰਡੀਜ਼ ਨੇ ਭਾਰਤ ਨੂੰ 183 ਦੌੜਾਂ 'ਤੇ ਸਮੇਟ ਦਿੱਤਾ। ਵੈਸਟਇੰਡੀਜ਼ ਲਈ ਇਹ ਕੋਈ ਵੱਡਾ ਟੀਚਾ ਨਹੀਂ ਸੀ। ਪਰ ਬਲਵਿੰਦਰ ਸਿੰਘ ਸੰਧੂ ਨੇ ਗਾਰਡਨ ਗ੍ਰੀਨਿਜ ਨੂੰ ਸਿਰਫ ਇਕ ਦੌੜ 'ਤੇ ਬੋਲਡ ਕਰਕੇ ਭਾਰਤ ਨੂੰ ਜ਼ਬਰਦਸਤ ਸਫਲਦਾ ਦਿਵਾਈ। ਹਾਲਾਂਕਿ ਇਸ ਦੇ ਬਾਅਦ ਵਿਵੀਅਨ ਰਿਚਰਡਸ ਨੇ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ 33 ਦੌੜਾਂ ਬਣਾ ਦਿੱਤੀਆਂ।

ਕਪਤਾਨ ਕਪਿਲ ਨੇ ਫੜਿਆ ਸੀ ਰਿਚਰਡਸ ਦਾ ਸ਼ਾਨਦਾਰ ਕੈਚ
ਇਸ ਦੌਰਾਨ ਰਿਚਰਡਸ ਨੇ ਮਦਨ ਲਾਲ ਦੀ ਗੇਂਦ 'ਤੇ ਅਚਾਨਕ ਮਿਡ ਵਿਕਟ ਵੱਲ ਇਕ ਉੱਚਾ ਸ਼ਾਟ ਖੇਡਿਆ। ਕਪਿਲ ਨੇ ਆਪਣੇ ਪਿੱਛੇ ਵੱਲ ਲੰਬੀ ਦੌੜ ਲਗਾਉਂਦੇ ਹੋਏ ਇਹ ਸ਼ਾਨਦਾਰ ਕੈਚ ਫੜਿਆ ਸੀ। ਰਿਚਰਡਸ ਦਾ ਆਊਟ ਹੋਣਾ ਸੀ ਕਿ ਵੈਸਟ ਇੰਡੀਜ਼ ਦੀ ਪਾਰੀ ਖਿਲਰ ਗਈ। ਆਖਰਕਾਰ ਪੂਰੀ ਟੀਮ 140 ਦੌੜਾਂ 'ਤੇ ਸਿਮਟ ਗਈ। ਮਦਨ ਲਾਲ ਨੇ 31 ਦੌੜਾਂ 'ਤੇ 3 ਵਿਕਟਾਂ, ਮੋਹਿੰਦਰ ਅਮਰਨਾਥ ਨੇ 12 ਦੌੜਾਂ 'ਤੇ 3 ਵਿਕਟਾਂ ਅਤੇ ਸੰਧੂ ਨੇ 32 ਦੌੜਾਂ 'ਤੇ 2 ਵਿਕਟਾਂ ਲੈ ਕੇ ਲਾਇਡ ਦੇ ਦਿੱਗਜਾ ਨੂੰ ਢਹਿ ਢੇਰੀ ਕਰ ਦਿੱਤਾ। ਅਮਰਨਾਥ ਸੈਮੀਫਾਈਨਲ ਦੇ ਬਾਅਦ ਫਾਈਨਲ 'ਚ ਵੀ ਆਪਣੇ ਆਲਰਾਊਂਡ ਪ੍ਰਦਰਸ਼ਨ ਨਾਲ ਮੈਨ ਆਫ ਦਿ ਮੈਚ ਰਹੇ।


Related News