ਸੜਕ ਪਾਰ ਕਰਦੇ 18 ਸਾਲਾ ਨੌਜਵਾਨ ਨੂੰ ਟਿੱਪਰ ਨੇ ਦਰੜਿਆ, 2 ਦਿਨ ਪਹਿਲਾਂ ਆਇਆ ਸੀ ਰਿਜ਼ਲਟ
Sunday, Apr 21, 2024 - 11:58 PM (IST)
ਲੁਧਿਆਣਾ (ਰਾਜ)– ਚੰਡੀਗੜ੍ਹ ਰੋਡ ’ਤੇ ਦੇਰ ਰਾਤ ਇਕ 10ਵੀਂ ਦੇ ਵਿਦਿਆਰਥੀ ਨੂੰ ਸੜਕ ਪਾਰ ਕਰਦੇ ਸਮੇਂ ਇਕ ਟਿੱਪਰ ਨੇ ਦਰੜ ਦਿੱਤਾ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਚਾਲਕ ਟਿੱਪਰ ਸਮੇਤ ਫਰਾਰ ਹੋ ਗਿਆ। ਸੂਚਨਾ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੇ ਅਧੀਨ ਚੌਕੀ ਜੀਵਨ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਸੁਖਪ੍ਰੀਤ ਸਿੰਘ 18 ਸਾਲ ਦਾ ਸੀ। ਐਤਵਾਰ ਰਾਤ ਨੂੰ ਪੀੜਤ ਪਰਿਵਾਰ ਨੇ ਜਮਾਲਪੁਰ ਚੌਕ ਦੇ ਨੇੜੇ ਧਰਨਾ ਪ੍ਰਦਰਸ਼ਨ ਕੀਤਾ। ਉਥੇ ਇਹ ਸਾਰੀ ਘਟਨਾ ਨੇੜੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਪੁਲਸ ਨੇ ਫੁਟੇਜ ਕਬਜ਼ੇ ’ਚ ਲੈ ਕੇ ਮੁਲਜ਼ਮ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਸੁਖਪ੍ਰੀਤ ਦੇ ਪਿਤਾ ਜਸਬੀਰ ਸਿੰਘ ਨੇ ਕਿਹਾ ਕਿ ਉਸ ਦਾ ਪੁੱਤਰ 10ਵੀਂ ਕਲਾਸ ਦਾ ਵਿਦਿਆਰਥੀ ਸੀ। 2 ਦਿਨ ਪਹਿਲਾਂ ਹੀ ਉਸ ਦਾ ਰਿਜ਼ਲਟ ਆਇਆ ਸੀ ਤੇ ਉਹ ਪਾਸ ਹੋ ਗਿਆ ਸੀ। ਸ਼ਨੀਵਾਰ ਦੀ ਰਾਤ ਨੂੰ ਉਸ ਦਾ ਦੋਸਤ ਘਰ ਆਇਆ ਸੀ ਤੇ ਉਸ ਨੂੰ ਆਪਣੇ ਨਾਲ ਚੰਡੀਗੜ੍ਹ ਰੋਡ ਸਥਿਤ ਇਕ ਪੈਲੇਸ ’ਚ ਲੈ ਗਿਆ ਸੀ, ਜਦੋਂ ਉਹ ਵਾਪਸ ਆਉਣ ਲਈ ਸੜਕ ਕਰਾਸ ਕਰ ਰਿਹਾ ਸੀ ਤਾਂ ਉਸ ਸਮੇਂ ਓਵਰ ਸਪੀਡ ਟਿੱਪਰ ਨੇ ਦਰੜ ਦਿੱਤਾ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਇਮਰਾਨ ਖ਼ਾਨ ਦੀ ਪਤਨੀ ਦੇ ਖਾਣੇ ’ਚ ਮਿਲਾਇਆ ਗਿਆ ‘ਟਾਇਲਟ ਕਲੀਨਰ’! ਅਦਾਲਤ ਨੇ ਦਿੱਤਾ ਇਹ ਹੁਕਮ
ਪਿਤਾ ਦਾ ਕਹਿਣਾ ਹੈ ਕਿ ਜਦੋਂ ਦੇਰ ਰਾਤ ਤੱਕ ਪੁੱਤਰ ਘਰ ਵਾਪਸ ਨਹੀਂ ਆਇਆ ਤੇ ਉਸ ਨੂੰ ਫੋਨ ਕੀਤਾ ਪਰ ਉਸ ਦਾ ਨੰਬਰ ਬੰਦ ਆ ਰਿਹਾ ਸੀ। ਉਨ੍ਹਾਂ ਨੇ ਛੋਟੇ ਪੁੱਤਰ ਨੂੰ ਨਾਲ ਲਿਆ ਤੇ ਪੈਲੇਸ ਪੁੱਜੇ। ਪੈਲੇਸ ’ਚ ਸੁਖਪ੍ਰੀਤ ਦੇ ਦੋਸਤ ਨੂੰ ਕੁਝ ਪੁਲਸ ਕਰਮਚਾਰੀ ਆਪਣੇ ਨਾਲ ਲੈ ਕੇ ਜਾ ਰਹੇ ਸਨ। ਉਨ੍ਹਾਂ ਨੂੰ ਪਹਿਲਾਂ ਲੱਗਾ ਕਿ ਸ਼ਾਇਦ ਕੋਈ ਲੜਾਈ-ਝਗੜਾ ਹੋਇਆ ਹੈ ਪਰ ਜਦੋਂ ਪੁਲਸ ਤੋਂ ਮਾਮਲਾ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਲਾਸ਼ ਸੜਕ ’ਤੇ ਪਈ ਹੈ। ਜੇਕਰ ਕੋਈ ਪਛਾਣਦਾ ਹੈ ਤਾਂ ਉਸ ਦੀ ਸ਼ਨਾਖਤ ਕਰ ਲਵੇ। ਉਦੋਂ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ।
ਉਥੇ ਐਤਵਾਰ ਦੇਰ ਰਾਤ ਨੂੰ ਪੀੜਤ ਪਰਿਵਾਰ ਨੇ ਚੰਡੀਗੜ੍ਹ ਰੋਡ ’ਤੇ ਧਰਨਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮੁਲਜ਼ਮ ਨੂੰ ਫੜ ਕੇ ਉਸ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਪੁਲਸ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਸਮਝਾਇਆ ਤੇ ਸ਼ਾਂਤ ਕਰਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।