ਨੈਤਿਕਤਾ ਤੋਂ ਪੱਛੜਦੇ ਅੱਜ ਦੇ ਬੱਚੇ

Friday, Dec 15, 2023 - 03:33 PM (IST)

ਅੱਜ ਬੱਚਿਆਂ ਦੇ ਅੰਦਰ ਨੈਤਿਕ ਸਿੱਖਿਆ ਦਮ ਤੋੜ ਰਹੀ ਹੈ। ਅੱਜ ਸਕੂਲ ’ਚ ਜੇ ਸਾਡਾ ਬੱਚਾ ਚਿੰਤਾਗ੍ਰਸਤ ਹੈ, ਅੱਕ ਜਾਣ ਦਾ ਸ਼ਿਕਾਰ ਹੈ, ਹਮਲਾਵਰ ਬਣ ਰਿਹਾ ਹੈ ਜਾਂ ਉਸ ਦਾ ਵਿੱਦਿਅਕ ਪ੍ਰਦਰਸ਼ਨ ਕਮਜ਼ੋਰ ਪੈਂਦਾ ਦਿਸ ਰਿਹਾ ਹੈ ਤਾਂ ਸਾਨੂੰ ਆਪਣੇ ਬੱਚੇ ਦੀ ਅਜਿਹੀ ਸਥਿਤੀ ਦਾ ਸਨਮਾਨ ਕਰਦੇ ਹੋਏ ਉਸ ਨਾਲ ਇਕ ਦੋਸਤ ਵਾਂਗ ਗੱਲ ਕਰਨੀ ਚਾਹੀਦੀ ਹੈ ਅਤੇ ਉਸ ਦੀ ਮਦਦ ਕਰਨੀ ਚਾਹੀਦੀ ਹੈ। ਅੱਜ ਇਨ੍ਹਾਂ ਬਦਲਦੇ ਹਾਲਾਤ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਸਿਲੇਬਸ ਨਾਲ ਜੁੜੇ ਬੱਚੇ ਅਤੇ ਉਨ੍ਹਾਂ ਦੇ ਮਨੋਭਾਵ ਸਿੱਖਿਆ ਵਿਵਸਥਾ ’ਚੋਂ ਗਾਇਬ ਹੋ ਰਹੇ ਹਨ।

ਅੱਜ ਜਮਾਤ ਹੈ, ਸਿਲੇਬਸ ਹੈ, ਘਰ ਦਾ ਕੰਮ ਹੈ, ਪ੍ਰੀਖਿਆ ਅਤੇ ਉਸ ਦਾ ਤਣਾਅ ਹੈ, ਨਾਲ ਪ੍ਰੀਖਿਆ ਦੇ ਨਤੀਜੇ ਨਾਲ ਜੁੜੀਆਂ ਮਾਪਿਆਂ ਦੀਆਂ ਆਸਾਂ ਵੀ ਹਨ ਪਰ ਕੀ ਕਦੀ ਇਹ ਸੋਚਿਆ ਗਿਆ ਹੈ ਕਿ ਇਹ ਮੁਕੰਮਲ ਸਿੱਖਿਆ ਦਾ ਢਾਂਚਾ ਜਿਸ ਲਈ ਬਣਿਆ ਹੈ, ਉਸ ਦੀ ਮਨੋਭਾਵਨਾ ਦੀ ਵੀ ਇਸ ਸਿੱਖਿਆ ਵਿਵਸਥਾ ’ਚ ਕੋਈ ਥਾਂ ਹੈ? ਸੱਚ ਤਾਂ ਇਹ ਹੈ ਕਿ ਮੌਜੂਦਾ ਵਿੱਦਿਅਕ ਢਾਂਚੇ ਦੀ ਚਕਾਚੌਂਧ ’ਚ ਮਾਂ-ਬਾਪ ਅਤੇ ਬੱਚੇ ਅਜਿਹੇ ਉਲਝ ਗਏ ਹਨ ਕਿ ਉਹ ਇਹ ਭੁੱਲ ਹੀ ਗਏ ਹਨ ਕਿ ਕਿਤਾਬੀ ਦੁਨੀਆ ਦੇ ਇਲਾਵਾ ਭਾਵਨਾਵਾਂ ਦੀ ਵੀ ਇਕ ਸਤਰੰਗੀ ਦੁਨੀਆ ਹੁੰਦੀ ਹੈ।

ਅੱਜ ਦਾ ਬੱਚਾ ਛੋਟੀ ਜਿਹੀ ਉਮਰ ਤੋਂ ਹੀ ਗੈਰ-ਰਸਮੀ ਪੜ੍ਹਾਈ ਦੇ ਪੰਜ ਪੜਾਵਾਂ ਭਾਵ ਪ੍ਰੀ-ਨਰਸਰੀ, ਨਰਸਰੀ, ਕੇ.ਜੀ. (ਕਿੰਡਰਗਾਰਟਨ), ਐੱਲ. ਕੇ. ਜੀ., ਯੂ. ਕੇ. ਜੀ. ਵਰਗੇ ਪੱਧਰਾਂ ਨਾਲ ਜੂਝ ਰਿਹਾ ਹੈ। ਦੇਖਿਆ ਜਾਵੇ ਤਾਂ ਗੈਰ-ਰਸਮੀ ਸਿੱਖਿਆ ਦਾ ਇਹ ਰੁਝਾਨ ਪੱਛਮ ਤੋਂ ਆਇਆ ਹੈ। ਹਕੀਕਤ ਇਹ ਹੈ ਕਿ ਪ੍ਰੀ-ਨਰਸਰੀ ਤੋਂ ਯੂ. ਕੇ. ਜੀ. ਤੱਕ ਦੀ ਸਿੱਖਿਆ ਦੀ ਇਹ ਵਿਵਸਥਾ ਇਕ ਤਰ੍ਹਾਂ ਨਾਲ ਬੱਚੇ ਨੂੰ ਪਰਿਵਾਰ ਵੱਲੋਂ ਦਿੱਤੀ ਜਾਣ ਵਾਲੀ ਸਿੱਖਿਆ ਵਿਵਸਥਾ ਸੀ।

ਦਰਅਸਲ ਇਸ ਸਿੱਖਿਆ ਦਾ ਭੈੜਾ ਅਸਰ 18ਵੀਂ ਸ਼ਤਾਬਦੀ ’ਚ ਉਦਯੋਗਿਕ ਵਿਵਸਥਾ ਤੋਂ ਪੈਦਾ ਹੋਈ ‘ਫੈਕਟਰੀ ਵਿਵਸਥਾ’ ਦੇ ਆਉਣ ਤੋਂ ਸ਼ੁਰੂ ਹੋਇਆ ਸੀ ਅਤੇ ਇੰਗਲੈਂਡ, ਜਰਮਨੀ, ਕੈਨੇਡਾ ਵਰਗੇ ਦੇਸ਼ ਇਸ ਦੇ ਮੁੱਖ ਕੇਂਦਰ ਰਹੇ। ਇਸ ਨਾਲ ਜੁੜਿਆ ਇਤਿਹਾਸ ਇਹ ਵੀ ਦੱਸਦਾ ਹੈ ਕਿ ਅਜਿਹੇ ਮਾਤਾ-ਪਿਤਾ ਜੋ ਫੈਕਟਰੀਆਂ ’ਚ ਕੰਮ ਕਰ ਰਹੇ ਸਨ, ਉਨ੍ਹਾਂ ਦੇ ਪਰਿਵਾਰ ਬਿਲਕੁਲ ਇਕੱਲੇ ਸਨ। ਅਜਿਹੇ ਪਰਿਵਾਰਾਂ ’ਚ ਜੰਮੇ ਬੱਚਿਆਂ ਲਈ ਨਾ ਤਾਂ ਪਾਲਣ-ਪੋਸ਼ਣ ਅਤੇ ਨਾ ਹੀ ਮੁੱਢਲੀ ਸਿੱਖਿਆ ਦਾ ਕੋਈ ਪ੍ਰਬੰਧ ਸੀ।

ਇਸੇ ਤਰ੍ਹਾਂ ਦੇ ਇਕੱਲੇ ਪਰਿਵਾਰਾਂ ਦੇ ਬੱਚਿਆਂ ਦੇ ਸਰੀਰਕ ਵਿਕਾਸ, ਖੇਡਣ-ਮੱਲ੍ਹਣ, ਦਿਮਾਗੀ ਵਿਕਾਸ ਦੇ ਨਾਲ ਉਨ੍ਹਾਂ ਦੇ ਸਰੀਰ ਨੂੰ ਗਤੀਸ਼ੀਲ ਬਣਾਉਣ ਅਤੇ ਉਨ੍ਹਾਂ ਨੂੰ ਗੈਰ-ਰਸਮੀ ਪਰਿਵਾਰਕ ਮਾਹੌਲ ਦੇਣ ਲਈ ਇਸ ਤਰ੍ਹਾਂ ਦੀ ਸਿੱਖਿਆ ਦਾ ਪ੍ਰਬੰਧ ਉੱਥੋਂ ਦੇ ਉਦਯੋਗਪਤੀਆਂ ਨੇ ਕੀਤਾ ਸੀ। ਉਹ ਇਸ ਲਈ ਤਾਂ ਕਿ ਅਜਿਹੇ ਕੰਮਕਾਜੀ ਪਰਿਵਾਰਾਂ ਦੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ’ਚ ਪਰਿਵਾਰ ਵਰਗਾ ਮਾਹੌਲ ਮਿਲ ਸਕੇ ਅਤੇ ਇਹ ਕਾਮੇ ਬੱਚਿਆਂ ਵੱਲੋਂ ਬੇਫਿਕਰ ਹੋ ਕੇ ਆਪਣਾ ਕਾਰਜ ਕਰ ਸਕਣ।

ਬਦਕਿਸਮਤੀ ਦੀ ਗੱਲ ਹੈ ਕਿ ਭਾਰਤ ਵਰਗੇ ਦੇਸ਼ ’ਚ ਵੀ ਹੁਣ ਸਾਂਝਾ ਪਰਿਵਾਰ ਵਿਵਸਥਾ ਤੇਜ਼ੀ ਨਾਲ ਕੱਲੇ-ਕਾਰੇ ਪਰਿਵਾਰ ’ਚ ਬਦਲਦੀ ਜਾ ਰਹੀ ਹੈ। ਅਜਿਹੇ ’ਚ ਇਨ੍ਹਾਂ ਪਰਿਵਾਰਾਂ ਕੋਲ ਬੱਚਿਆਂ ਨੂੰ ਇਨ੍ਹਾਂ ਪ੍ਰੀ -ਸਕੂਲਾਂ ’ਚ ਪੜ੍ਹਾਉਣ ਦੇ ਇਲਾਵਾ ਕੋਈ ਚਾਰਾ ਨਹੀਂ ਰਹਿੰਦਾ ਅਤੇ ਅਜਿਹੀ ਵਿਵਸਥਾ ਬੱਚਿਆਂ ਨੂੰ ਕਿਤਾਬੀ ਦੁਨੀਆ ਤੋਂ ਵੱਖਰਾ ਰੱਖ ਕੇ ਉਨ੍ਹਾਂ ਨੂੰ ਦੋਸਤ ਬਣਾਉਣ, ਵੱਡਿਆਂ ਤੋਂ ਦੂਰ ਰਹਿਣ, ਆਪਸੀ ਗਿਲੇ-ਸ਼ਿਕਵੇ ਨੂੰ ਰਸਮੀ ਆਧਾਰ ’ਤੇ ਦੂਰ ਕਰਨ, ਆਪਣੀਆਂ ਭਾਵਨਾਵਾਂ ਦਾ ਸੰਚਾਰ ਕਰਨ ਦੇ ਨਾਲ-ਨਾਲ ਆਪਣੇ ਬਾਰੇ ’ਚ ਫੈਸਲਾ ਕਰਨਾ ਸਿਖਾਉਣ ਦਾ ਵਾਅਦਾ ਤਾਂ ਕਰਦੇ ਹਨ ਪਰ ਅਸਲ ’ਚ ਅਜਿਹਾ ਦਿਖਾਈ ਦਿੰਦਾ ਨਹੀਂ ਹੈ।

ਅੰਕੜਿਆਂ ਅਨੁਸਾਰ ਪੱਛਮ ਦੇ ਕਈ ਦੇਸ਼ਾਂ ’ਚ ਆਬਾਦੀ ਵਾਧਾ ਲਗਭਗ ਜ਼ੀਰੋ ਹੋ ਗਿਆ ਹੈ। ਇਸ ਦਾ ਭੈੜਾ ਅਸਰ ਇਹ ਹੋਇਆ ਕਿ ਉੱਥੇ ਨੌਜਵਾਨਾਂ ਦੇ ਮੁਕਾਬਲੇ ਬਜ਼ੁਰਗਾਂ ਦੀ ਗਿਣਤੀ ਵਧਣ ਲੱਗੀ ਅਤੇ ਸੀਨੀਅਰ ਨਾਗਰਿਕਾਂ ਨੂੰ ਬਿਰਧ ਆਸ਼ਰਮ ’ਚ ਜਾਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਲਿਹਾਜ਼ਾ ਬੱਚਿਆਂ ਦੇ ਸਮਾਜੀਕਰਨ ਅਤੇ ਉਨ੍ਹਾਂ ਦੁਨਿਆਵੀ ਜ਼ਿੰਦਗੀ ਨਾਲ ਰੂ-ਬ-ਰੂ ਕਰਾਉਣ ਵਾਲਾ ਅਤੇ ਉਨ੍ਹਾਂ ਦੇ ਮਨੋਭਾਵਾਂ ਨੂੰ ਸਮਝਣ ਵਾਲਾ ਕੋਈ ਬਚਿਆ ਹੀ ਨਹੀਂ। ਇਸ ਸਮਾਜਿਕ ਟੁੱਟ-ਭੱਜ ਦਾ ਫਾਇਦਾ ਇਸ ਅੰਗ੍ਰੇਜ਼ੀ ਸਿੱਖਿਆ ਨੇ ਖੂਬ ਉਠਾਇਆ।

ਸੱਚ ਇਹ ਹੈ ਕਿ ਅੱਜ ਇਕਹਿਰੇ ਪਰਿਵਾਰਾਂ ’ਚ ਕੋਈ ਵੱਡਾ-ਬਜ਼ੁਰਗ ਨਾ ਹੋਣ ਕਾਰਨ ਬੱਚਿਆਂ ਨੂੰ ਸ਼ੁਰੂਆਤੀ ਜ਼ਿੰਦਗੀ ਦਾ ਗਿਆਨ ਨਾ ਮਿਲਣ ਦੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਇਸ ਨਾਲ ਜੁੜਿਆ ਕੌ਼ੜਾ ਸੱਚ ਇਹ ਵੀ ਹੈ ਕਿ ਪਰਿਵਾਰਾਂ ਦੇ ਇਕੱਲੇ ਹੋਣ ਤੇ ਉੱਚ-ਦਰਮਿਆਨੇ ਵਰਗ ਦੀ ਆਮਦਨੀ ’ਚ ਤੇਜ਼ ਵਾਧਾ ਹੋਣ ਕਾਰਨ ਇਹ ਸਾਰੇ ਸਕੂਲ ਬਾਜ਼ਾਰ ਦੀ ਤਰਜ਼ ’ਤੇ ਅਜਿਹੇ ਪਰਿਵਾਰਾਂ ਕੋਲੋਂ ਗੈਰ-ਰਸਮੀ ਸਿੱਖਿਆ ਦੇਣ ਬਦਲੇ ਭਾਰੀ ਕੀਮਤ ਵਸੂਲਣ ਨੂੰ ਕਾਹਲੇ ਹਨ। ਮੌਜੂਦਾ ਸਿੱਖਿਆ ਵਿਵਸਥਾ ’ਚ ਬੱਚੇ ਦੇ ਸੁਭਾਅ ਜਾਂ ਉਸ ਦੀਆਂ ਅੰਦਰੂਨੀ ਮਨੋਭਾਵਨਾਵਾਂ ਨੂੰ ਜਾਣੇ ਬਿਨਾਂ ਇਸ ਤੋਤਾ ਰਟਣ ਸਿੱਖਿਆ ਦੇ ਤੌਰ ’ਤੇ ਬਾਲਕਾਂ ਦੀ ਸ਼ਖ਼ਸੀਅਤ ਕਈ ਵਿਗਾੜਾਂ ਨਾਲ ਭਰ ਰਹੀ ਹੈ।

ਇਸ ਲਈ ਅੱਜ ਇਸ ਚੌਮੁਖੀ ਵਿਸ਼ਵ ਪੱਧਰੀ ਮੁਕਾਬਲੇ ਦੇ ਮਾਹੌਲ ’ਚ ਬੱਚਿਆਂ ਦੇ ਮੌਜੂਦਾ ਵਿੱਦਿਅਕ ਸਿਲੇਬਸ ’ਚ ਉਨ੍ਹਾਂ ਦੇ ਮਨੋਭਾਵੀ ਹੁਨਰ ਵਿਕਾਸ ਭਾਵ ਉਨ੍ਹਾਂ ਦੀ ਚਿੰਤਾ, ਨਿਰਾਸ਼ਾ, ਵਿਰੋਧ, ਤਣਾਅ ਅਤੇ ਵਿੱਦਿਅਕ ਉਦਾਸੀਨਤਾ ਦਾ ਧਿਆਨ ਕਾਗਜ਼ੀ ਵਿਵਸਥਾ ਦੇ ਨਾਲ-ਨਾਲ ਧਰਾਤਲ ’ਤੇ ਵੀ ਰੱਖਿਆ ਜਾਣਾ ਚਾਹੀਦਾ ਹੈ। ਹਾਲਾਂਕਿ ਦੇਸ਼ ’ਚ ਸਿੱਖਿਆ ਦੀ ਸੂਰਤ ’ਚ ਸੁਧਾਰ ਲਈ ਲੰਬੇ ਸਮੇਂ ਤੋਂ ਕਈ ਯਤਨ ਚੱਲ ਰਹੇ ਹਨ। ਕਈ ਠੋਸ ਪ੍ਰੋਗਰਾਮ ਵੀ ਲਾਗੂ ਕੀਤੇ ਗਏ ਪਰ ਹਕੀਕਤ ਇਹ ਹੈ ਕਿ ਸਭ ਤੋਂ ਬਿਹਤਰ ਸੋਮਿਆਂ ਵਾਲੇ ਸੂਬਿਆਂ ’ਚ ਵੀ ਆਸ ਦੇ ਮੁਤਾਬਕ ਨਤੀਜੇ ਹਾਸਲ ਨਹੀਂ ਕੀਤੇ ਜਾ ਸਕੇ ਹਨ। ਦਰਅਸਲ, ਕਿਸੇ ਪ੍ਰੋਗਰਾਮ ’ਚ ਸੰਚਾਲਿਤ ਕਰਨ ਦੇ ਸਮਾਨਾਂਤਰ ਗੁਣਵੱਤਾ ਦੇ ਪੱਧਰ ’ਤੇ ਲਗਾਤਾਰ ਬਿਹਤਰੀ ਲਿਆਉਣਾ ਇਕ ਲਾਜ਼ਮੀ ਕਸੌਟੀ ਹੋਣੀ ਚਾਹੀਦੀ ਹੈ। ਦੇਸ਼ ਦੀ ਸਕੂਲੀ ਸਿੱਖਿਆ ਵਿਵਸਥਾ ਦੀ ਤਸਵੀਰ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਆਉਣ ਵਾਲੀਆਂ ਰਿਪੋਰਟਾਂ ’ਚ ਇਹੀ ਤੱਥ ਸਾਹਮਣੇ ਆਉਂਦਾ ਰਿਹਾ ਹੈ ਕਿ 5ਵੀਂ, ਛੇਵੀਂ ਜਾਂ ਉਸ ਤੋਂ ਉਪਰ ਦੀਆਂ ਜਮਾਤਾਂ ’ਚ ਪੜ੍ਹਨ ਵਾਲੇ ਬੱਚੇ ਵੀ ਦੂਜੀ ਜਾਂ ਤੀਜੀ ਜਮਾਤ ਦੀਆਂ ਕਿਤਾਬਾਂ ਠੀਕ ਤਰ੍ਹਾਂ ਨਹੀਂ ਪੜ੍ਹ-ਸਮਝ ਸਕਦੇ।

ਲੋੜ ਇਸ ਗੱਲ ਦੀ ਹੈ ਕਿ ਹੇਠਲੀਆਂ ਜਮਾਤਾਂ ਦੇ ਬੱਚਿਆਂ ਦਰਮਿਆਨ ਸਿੱਖਣ ਦੀ ਪ੍ਰਕਿਰਿਆ ਨੂੰ ਜ਼ਿਆਦਾ ਸੰਗਠਿਤ ਢੰਗ ਨਾਲ ਸੰਚਾਲਿਤ ਕੀਤਾ ਜਾਵੇ ਅਤੇ ਉਸ ’ਚ ਨਵੀਨਤਾ ਨੂੰ ਹੁਲਾਰਾ ਦਿੱਤਾ ਜਾਵੇ ਤਾਂ ਕਿ ਸਿੱਖਿਆ ’ਚ ਗੁਣਵੱਤਾ ਯਕੀਨੀ ਬਣਾਈ ਜਾ ਸਕੇ। ਨਹੀਂ ਤਾਂ ਸਿੱਖਣ-ਸਮਝਣ ਤੋਂ ਵਾਂਝੇ ਸਕੂਲੀ ਬੱਚਿਆਂ ਨਾਲ ਸਮੁੱਚੀ ਸਿੱਖਿਆ ਵਿਵਸਥਾ ਦਾ ਇਕ ਅਧੂਰਾ ਮੰਚ ਹੀ ਤਿਆਰ ਹੋਵੇਗਾ।

ਪ੍ਰਿੰ. ਡਾ. ਮੋਹਨ ਲਾਲ ਸ਼ਰਮਾ


Rakesh

Content Editor

Related News