ਭੋਗ ''ਤੇ ਵਿਸ਼ੇਸ਼ : ਮਿਲਾਪੜੇ ਸੁਭਾਅ ਅਤੇ ਮਾਣਮੱਤੀ ਸ਼ਖਸ਼ੀਅਤ ਦੇ ਮਾਲਕ ਸਨ- ਕਸ਼ਮੀਰ ਸਿੰਘ ਘਨੌਲੀ
Friday, Jun 13, 2025 - 05:49 PM (IST)

ਸ ਕਸ਼ਮੀਰ ਸਿੰਘ ਸਪੁੱਤਰ ਗਿਆਨੀ ਸਰਦਾਰ ਅਮਰ ਸਿੰਘ ਘਨੌਲੀ-ਰੋਪੜ ਅਤੇ ਮਾਤਾ ਦਰਸ਼ਨ ਕੌਰ ਮੁੰਦਰਾ (ਬੜੀ ਹਵੇਲੀ-ਰੋਪੜ) ਦਾ ਜਨਮ 17 ਭਾਦੋਂ 1947 ਨੂੰ ਚੂਹੜਕਣਾ ਮੰਡੀ ਨੇੜੇ ਸ਼ੇਖੂਪੁਰਾ ਪਾਕਿਸਤਾਨ ਵਿਖੇ ਹੋਇਆ। ਪਿਤਾ ਦਾ ਟਰੱਕ ਦਾ ਕਾਰੋਬਾਰ ਹੋਣ ਕਾਰਣ ਲਾਹੌਰ ਤੋਂ ਰੂਪਨਗਰ ਆਣ ਜਾਣ ਲੱਗਿਆ ਰਹਿੰਦਾ ਸੀ। ਅਣਭੋਲ ਜਿਹੇ ਬਚਪਨ ਨਾਲ ਉਹ ਆਂਢ-ਗੁਆਂਢ ਦਾ ਮੋਹ ਖਿਚੀ ਰੱਖਦੇ ਸਨ, ਐਲੀਮੈਂਟਰੀ ਸਕੂਲ ਘਨੌਲੀ (ਓਦੋਂ ਜਿਲਾ ਅੰਬਾਲਾ ਹੁੰਦਾ ਸੀ) ਤੋਂ ਅੱਠਵੀਂ ਤੱਕ ਵਿਦਿਆ ਹਾਸਲ ਕੀਤੀ।
ਦੋ ਵੱਡੀਆਂ ਭੈਣਾਂ ਕਮਰ ਕੌਰ ਭਾਗੋਵਾਲ (ਕੁਰਾਲੀ-ਰੋਪੜ) ਅਤੇ ਪਰੇਮ ਕੌਰ ਭਲਿਆਣ (ਬੇਲਾ-ਰੋਪੜ) ਦੋ ਛੋਟੀਆਂ ਭੈਣਾਂ ਸੁਰਿੰਦਰ ਕੌਰ ਮੁਗਲੇਵਾਲ (ਮਾਛੀਵਾੜਾ) ਤੇ ਸਵਰਨਜੀਤ ਕੌਰ ਹਾਫਿਜਾਬਾਦ (ਬੇਲਾ-ਰੋਪੜ) ਅਤੇ ਇਕਬਾਲ ਸਿੰਘ ਛੋਟੇ ਭਰਾ ਸਨ। ਜਾਣ ਪਿਛੋਂ ਧਰਮ ਪਤਨੀ ਪਰਕਾਸ਼ ਕੌਰ ਗਹੁਣੀਆ (ਘਨੌਲੀ-ਰੋਪੜ) ਅਤੇ ਤਿੰਨ ਸਪੁੱਤਰ ਬਲਵਿੰਦਰ ਸਿੰਘ,ਬਲਵੀਰ ਸਿੰਘ ਅਤੇ ਅਰਵਿੰਦਰ ਸਿੰਘ (ਗਾਇਕ ਹੈਪੀ ਲੈਰਾ) ਨੂੰ ਪਿੱਛੇ ਇਟਲੀ ਛੱਡ ਗਏ ਹਨ ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ ਈਰਾਨ ਨੂੰ ਚਿਤਾਵਨੀ, ਡੀਲ ਨਾ ਕੀਤੀ ਤਾਂ....
ਕੁਦਰਤੀ ਰੱਬ ਵਲੋਂ ਹੀ ਗੁਣਾਂ ਭਰਪੂਰ ਗੱਲ-ਬਾਤ ਦਾ ਸਲੀਕਾ ਆਪਸੀ ਮਿਲਵਰਤਣ ਵਾਲਾ ਸੁਭਾਅ ਪਹਿਲੀ ਮਿਲਣੀ ਵਿੱਚ ਹੀ ਦੂਜੇ ਸ਼ਖਸ ਨੂੰ ਮੋਹ ਲੈਂਦੇ ਸਨ। ਪਰਿਵਾਰ ਦੀ ਜ਼ਿੰਮੇਵਾਰੀ ਨੂੰ ਸਮਝਦੇ ਸਕੂਲ ਤੋਂ ਬਾਅਦ 1964 ਚ ਉਸਤਾਦ ਕਰਮ ਸਿੰਘ ਰਤਨਪੁਰਾ/ਨੂੰਹੋ ਪਾਸ ਐਰੋ ਟੈਕਸੀ ਸਟੈਂਡ ਲਾਜਪਤਨਗਰ ਦਿੱਲੀ ਕਲਿੰਡਰੀ ਕਰਕੇ ਟੈਕਸੀ ਡਰਾਇਵਰ ਬਣੇ। ਫਿਰ ਪੰਜਾਬ ਆ ਕੇ ਸ਼ੇਖੂਪੁਰਾ ਟਰਾਂਸਪੋਰਟ ਲੁਧਿਆਣਾ ਬਾਅਦ 'ਚ ਨੈਸ਼ਨਲ ਬੱਸ ਸਰਵਿਸ ਲੁਧਿਆਣਾ ਤੇ ਰਾਏਕੋਟ ਤੋਂ ਲੁਧਿਆਣਾ ਤੋਂ ਰੋਪੜ ਰੂਟ ਤੇ ਡਰਾਇਵਰ ਰਹੇ। ਬਾਅਦ 'ਚ 1977 ਦੇ ਲਾਗੇ ਪੰਜਾਬ ਰੋੜਵੇਜ ਚੰਡੀਗੜ/ਨਵਾਂ ਸ਼ਹਿਰ ਵਿੱਚ ਭਰਤੀ ਹੋ ਕੇ 2006 ਵਿੱਚ ਪੰਜਾਬ ਰੋੜਵੇਜ ਨੰਗਲ-ਰੋਪੜ ਤੋਂ ਰਟਾਇਰ ਹੋਏ। ਕਾਫੀ ਸਮਾਂ ਨਹਿਰੂ ਸਟੇਡੀਅਮ ਰੂਪਨਗਰ ਲਾਗੇ ਨਵਾਂ ਬੱਸ ਅੱਡਾ 'ਤੇ ਬਤੌਰ ਅੱਡਾ ਇੰਚਾਰਜ ਵੀ ਡਿਊਟੀ ਕੀਤੀ।
ਹਰ ਵੇਲੇ ਲੋਕਾਂ ਦੇ ਮਸੀਹਾ ਬਣ ਵਧੇਰੇ ਵਾਕਫਿਅਤ ਹੋਣ ਦੇ ਨਾਤੇ ਪਹਿਲ ਦੇ ਅਧਾਰ ਤੇ ਕੰਮ ਕਰਾ ਕੇ ਹੀ ਸਾਹ ਲੈਂਦੇ ਸਨ। ਗੀਤ ਸੰਗੀਤ ਦੇ ਸ਼ੌਕੀਨ ਧਾਰਮਿਕ ਅਤੇ ਸੱਭਿਆਚਾਰ ਕਲਾਕਾਰਾਂ ਨਾਲ ਨਿੱਜੀ ਵਾਹ-ਵਾਸਤਾ ਰੱਖਦੇ ਸਨ। ਆਹਲਾ ਦਰਜੇ ਦੇ ਅਫਸਰਾਂ ਸਮੇਤ ਇਲਾਕੇ ਦੇ ਰਾਜਨੀਤੀਕ ਲੋਕਾਂ ਨਾਲ ਵੀ ਪਿਆਰੀ ਨੇੜਤਾ ਸੀ। ਅੱਜ ਕੱਲ ਪੋਤੇ ਪੋਤੀਆਂ ਪਰਿਵਾਰ ਸਮੇਤ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਹੀ ਰਹਿ ਰਹੇ ਸਨ ਅਤੇ ਖੁਸ਼ੀ ਖੁਸ਼ੀ ਜੀਵਨ ਬਤੀਤ ਕਰ ਰਹੇ ਸਨ। ਅਚਨਚੇਤ 3 ਜੂਨ, 2025 ਨੂੰ ਤੜਕਸਾਰ ਆਪਣੇ ਪਰਾਣ ਤਿਆਗ ਸਵਰਗਵਾਸ ਹੋ ਗਏ। 14 ਜੂਨ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਰਮਾ ਵਿਖੇ ਸਹਿਜ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਹੋਵੇਗੀ।
ਟੇਕ ਚੰਦ ਜਗਤਪੁਰ
ਪੱਤਰਕਾਰ ਇਟਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8