ਅਕਾਲੀ ਲੀਡਰਾਂ ਦੀ ਲੜਾਈ ਤਖਤਾਂ ਦੇ ਜਥੇਦਾਰਾਂ ਤੱਕ ਆਈ

Monday, Jun 02, 2025 - 05:28 PM (IST)

ਅਕਾਲੀ ਲੀਡਰਾਂ ਦੀ ਲੜਾਈ ਤਖਤਾਂ ਦੇ ਜਥੇਦਾਰਾਂ ਤੱਕ ਆਈ

ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਲੀਡਰਾਂ ਦੀ ਆਪਸੀ ਲੜਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਲੜਾਈ ਦੇ ਕਾਰਨ ਅਕਾਲੀ ਦਲ ਦੋਫਾੜ ਹੋਇਆ ਅਤੇ ਤਖ਼ਤਾਂ ਦੇ ਕਈ ਜਥੇਦਾਰਾਂ ਨੂੰ ਇਸ ਲੜਾਈ ਦੀ ਭੇਟ ਚੜ੍ਹ ਕੇ ਸਿੱਖ ਸਮਾਜ ਦੇ ਸਭ ਤੋਂ ਵੱਡੇ ਅਹੁਦੇ ਛੱਡਣੇ ਪਏ ਪਰ ਗੱਲ ਇੱਥੇ ਹੀ ਨਹੀਂ ਰੁਕੀ ਤੇ ਹੁਣ ਇਹ ਲੜਾਈ ਤਖਤਾਂ ਦੇ ਜਥੇਦਾਰਾਂ ਦੀ ਆਪਸੀ ਲੜਾਈ ਬਣ ਗਈ ਹੈ।

ਇਸੇ ਕੜੀ ਅਧੀਨ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਨੇ 4 ਗ੍ਰੰਥੀ ਸਿੰਘਾਂ ਨਾਲ ਇਕੱਤਰਤਾ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀਂ ਥਾਪੇ ਸ੍ਰੀ ਅਕਾਲ ਤਖ਼ਤ ਅਤੇ ਤਖ਼ਤ ਸ੍ਰੀ ਦਮਦਮਾ ਸਹਿਬ ਦੇ ਜਥੇਦਾਰਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਸੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਪੱਸ਼ਟੀਕਰਨ ਦੇਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ ਅਤੇ ਇਸ ਫੈਸਲੇ ਨੇ ਸਿੱਖ ਪੰਥ ਦੀ ਲੀਡਰਸ਼ਿਪ ਵਿਚ ਪਈ ਫੁੱਟ ਨੂੰ ਹੋਰ ਵੀ ਡੂੰਘਾ ਕਰ ਦਿੱਤਾ ਹੈ।

ਅਕਾਲੀ ਲੀਡਰਸ਼ਿਪ ਵਿਚ ਫੁੱਟ ਦਾ ਇਤਹਾਸ ਭਾਵੇਂ ਬਹੁਤ ਪੁਰਾਣਾ ਹੈ ਪਰ ਤਖ਼ਤਾਂ ਦੇ ਜਥੇਦਾਰਾਂ ਬਾਰੇ ਅਜਿਹਾ ਦੇਖਣ ਸੁਣਨ ਦੇ ਮੌਕੇ ਘੱਟ ਹੀ ਸਾਹਮਣੇ ਆਏ ਹਨ। ਪਹਿਲੀ ਵਾਰ ਅਜਿਹਾ ਮੌਕਾ ਸਨ 2008 ਦੇ ਜਨਵਰੀ ਮਹੀਨੇ ’ਚ ਸਾਹਮਣੇ ਆਇਆ ਸੀ ਜਦੋਂ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਨੇ ਇਹ ਦਾਅਵਾ ਠੋਕ ਦਿੱਤਾ ਸੀ ਕਿ ਤਖ਼ਤ ਪਟਨਾ ਸਾਹਿਬ ਸ੍ਰੀ ਅਕਾਲ ਤਖ਼ਤ ਤੋਂ ਵੱਡਾ ਰੁਤਬਾ ਰੱਖਦਾ ਹੈ ।

ਪਟਨਾ ਸਾਹਿਬ ਦੇ ਜਥੇਦਾਰ ਨੇ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਿੰਦਰ ਸਿੰਘ ਰੋਮਾਣਾ ਨੂੰ ਪੰਥ ’ਚੋਂ ਛੇਕਣ ਦਾ ਹੁਕਮ ਸੁਣਾ ਦਿੱਤਾ ਸੀ ਪਰ ਅਕਾਲ ਤਖ਼ਤ ਵੱਲੋਂ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਸੀ।

ਪਟਨਾ ਸਾਹਿਬ ਦੇ ਜਥੇਦਾਰ ਦੇ ਇਸ ਫੈਸਲੇ ਤੋਂ ਨਾਰਾਜ਼ ਹੋ ਕੇ ਅਕਾਲ ਤਖ਼ਤ ਸਾਹਿਬ ਵਲੋਂ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੂੰ ਅਕਾਲ ਤਖ਼ਤ ਵੱਲੋਂ ਬੁਲਾਈਆਂ ਜਾਣ ਵਾਲੀਆਂ ਇਕੱਤਰਤਾਵਾਂ ਵਿਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਸੀ ਅਤੇ 6 ਜੂਨ 2008 ਨੂੰ ਅਕਾਲ ਤਖ਼ਤ ’ਤੇ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਨਹੀਂ ਸੀ ਕੀਤਾ ਗਿਆ ਤਾਂ ਜਥੇਦਾਰ ਇਕਬਾਲ ਸਿੰਘ ਨੇ 10 ਜੂਨ ਨੂੰ ਆਪਣੀ ਅਗਵਾਈ ਵਿਚ ਪਟਨਾ ਸਾਹਿਬ ਦੇ 4 ਗ੍ਰੰਥੀ ਸਿੰਘਾਂ ਨਾਲ ਇਕੱਤਰਤਾ ਕਰ ਕੇ ਤਿੰਨ ਤਖਤਾਂ ਦੇ ਜਥੇਦਾਰ ਜਿਨ੍ਹਾਂ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਤਰਲੋਚਨ ਸਿੰਘ ਅਤੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਮਹਾਨ ਦੋਸ਼ੀ ਕਰਾਰ ਦੇ ਦਿੱਤਾ। ਪਟਨਾ ਸਾਹਿਬ ਦੇ ਜਥੇਦਾਰਾ ਇਸ ਗੱਲੋਂ ਵੀ ਨਾਰਾਜ਼ ਸਨ ਕਿ ਅਕਾਲ ਤਖ਼ਤ ਵੱਲੋਂ ਸਾਬਕਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕਣ ਦਾ ਫ਼ੈਸਲਾ 10 ਮਈ ਨੂੰ ਰੱਦ ਕਰ ਦਿੱਤਾ ਗਿਆ ਸੀ।

ਪਰ ਹੈਰਾਨੀ ਵਾਲੀ ਗੱਲ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਮਹਾਨ ਦੋਸ਼ੀ ਕਰਾਰ ਦੇਣ ਵਾਲੇ ਗਿਆਨੀ ਇਕਬਾਲ ਸਿੰਘ ਓਸੇ ਜਥੇਦਾਰ ਗੁਰਬਚਨ ਸਿੰਘ ਦੇ ਅਗਸਤ 2008 ਵਿਚ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕਰਨ ਵਾਲੇ ਸਮਾਗਮ ਵਿਚ ਸ਼ਮੂਲੀਅਤ ਹੀ ਨਹੀਂ ਕਰਦੇ ਬਲਕਿ ਗਿਆਨੀ ਗੁਰਬਚਨ ਸਿੰਘ ਨੂੰ ਦਸਤਾਰ ਵੀ ਭੇਟ ਕਰਦੇ ਹਨ ਪਰ ਇਹ ਗੱਲ ਕਦੇ ਵੀ ਸਾਹਮਣੇ ਨਹੀਂ ਆਈ ਕਿ ਮਹਾਨ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਨ੍ਹਾਂ ਨੂੰ ਕਦੋਂ ਦੋਸ਼ ਮੁੱਕਤ ਕੀਤਾ ਗਿਆ। ਬਾਅਦ ਵਿਚ ਇਹ ਦੋਨੋਂ ਜਥੇਦਾਰ ਰਲ ਕੇ ਮੀਟਿੰਗਾਂ ਕਰਦੇ ਰਹੇ ਅਤੇ ਹੁਕਮਨਾਮੇ ਜਾਰੀ ਕਰਦੇ ਰਹੇ ਜਿਨ੍ਹਾਂ ਵਿਚ ਸਭ ਤੋਂ ਵੱਧ ਵਿਵਾਦਪੂਰਨ ਹੁਕਮਨਾਮਾ ਡੇਰਾ ਸਿਰਸਾ ਮੁਖੀ ਨੂੰ ਮੁਆਫ਼ ਕਰਨ ਵਾਲਾ ਵੀ ਸ਼ਾਮਲ ਹੈ।

ਜੇਕਰ ਧਿਆਨ ਨਾਲ ਵਾਚਿਆ ਜਾਵੇ ਤਾਂ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਜਥੇਦਾਰਾਂ ਤੱਕ ਇਹ ਲੜਾਈ ਪਹੁੰਚੀ ਹੈ ਤਾਂ ਇਸ ਦੇ ਪਿੱਛੇ ਅਕਾਲੀ ਲੀਡਰਾਂ ਦੀ ਲੜਾਈ ਹੀ ਹੈ। ਕਿਉਂਕਿ ਜਦੋਂ ਤੋਂ ਪਿਛਲੀ ਦੋ ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਜਿਸ ਤਰ੍ਹਾਂ ਅਕਾਲ ਤਖ਼ਤ ਦੇ ਜਥੇਦਾਰ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਦੇ ਜਥੇਦਾਰਾਂ ਨੂੰ ਅਹੁਦੇ ਤੋਂ ਫਾਰਗ ਕਰ ਕੇ ਨਵੇਂ ਜਥੇਦਾਰ ਨਿਯੁਕਤ ਕੀਤੇ ਗਏ ਅਤੇ ਨਵੇਂ ਜਥੇਦਾਰਾਂ ਵੱਲੋਂ ਹੁਣ ਕਾਹਲੀ ਨਾਲ ਜਥੇਦਾਰ ਰਣਜੀਤ ਸਿੰਘ ਗੌਹਰ ਜਿਹੜੇ ਕਿ ਫਾਰਗ ਕੀਤੇ ਗਏ ਜਥੇਦਾਰਾਂ ਦੇ ਖਿਲਾਫ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਸਨ ਨੂੰ ਦੋਸ਼ ਮੁਕਤ ਕਰ ਕੇ ਅਹੁਦੇ ’ਤੇ ਬਹਾਲ ਕਰ ਦਿੱਤਾ ਗਿਆ ਹੈ ਅਤੇ ਪਟਨਾ ਸਾਹਿਬ ਦੇ ਮੌਜੂਦਾ ਜਥੇਦਾਰ ਭਾਈ ਬਲਦੇਵ ਸਿੰਘ ਨੂੰ ਧਾਰਮਿਕ ਪਰਿਪੱਕਤਾ ਦੇ ਮਾਮਲੇ ’ਚ ਦੋਸ਼ੀ ਮੰਨ ਕੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ । ਇਨ੍ਹਾਂ ਫੈਸਲਿਆਂ ਦੇ ਵਿਰੋਧ ਕਾਰਨ ਇਕ ਵਾਰ ਫਿਰ ਜਥੇਦਾਰਾਂ ਵਿਚਕਾਰ ਨਵਾਂ ਝਗੜਾ ਖੜ੍ਹਾ ਹੋ ਗਿਆ ਹੈ।

ਇਹ ਸਭ ਕੁਝ ਸ਼ੁਰੂ ਹੋਣਾ ਸਿੱਖ ਕੌਮ ਲਈ ਮੰਦਭਾਗਾ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਅਜੇ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਦੋਵੇਂ ਨਵੇਂ ਜਥੇਦਾਰਾਂ ਦੀ ਸਰਬ ਸੰਗਤ ਵੱਲੋਂ ਪ੍ਰਵਾਨਗੀ ’ਤੇ ਹੀ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਹੈ। ਇਸ ਨਵੀਂ ਉਲਝਣ ਨਾਲ ਹੋਰ ਵੀ ਖਟਾਸ ਪੈਦਾ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ।

ਪਰ ਇਸੇ ਦਰਮਿਆਨ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੰਭੀਰਤਾ ਵਾਲਾ ਬਿਆਨ ਦਿੱਤਾ ਹੈ ਤੇ ਐਲਾਨ ਕੀਤਾ ਹੈ ਕਿ ਉਹ ਇਸ ਮਸਲੇ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਦਾ ਇਕ ਵਫਦ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਗੁਰਚਰਨ ਸਿੰਘ ਗਰੇਵਾਲ ਅਤੇ ਗੁਰਬਚਨ ਸਿੰਘ ਕਰਮੂੰਵਾਲਾ ਦੇ ਨਾਲ ਜਸਵਿੰਦਰ ਸਿੰਘ ਜੱਸੀ ਬਤੌਰ ਕੋਆਰਡੀਨੇਟਰ ਹੋਣਗੇ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਜਣਗੇ।

ਸ਼੍ਰੋਮਣੀ ਕਮੇਟੀ ਇਸ ਮਸਲੇ ਨੂੰ ਕਿੰਨੀ ਗੰਭੀਰਤਾ ਨਾਲ ਦੇਖ ਰਹੀ ਹੈ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਇਸ ਕਮੇਟੀ ਦੇ ਸਾਰੇ ਦੇ ਸਾਰੇ ਮੈਂਬਰ ਵੀਰਵਾਰ ਸਵੇਰੇ ਹੀ ਪਟਨਾ ਸਾਹਿਬ ਪਹੁੰਚ ਗਏ ਸਨ। ਇਸ ਕਮੇਟੀ ਨੇ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਇਕ ਮੀਟਿੰਗ ਕਰ ਕੇ ਮਸਲੇ ’ਤੇ ਵਿਚਾਰ ਵਟਾਂਦਰਾ ਕੀਤਾ ਹੈ। ਇਸ ਕਮੇਟੀ ਵੱਲੋਂ ਅਗਲੇ ਹਫਤੇ ਆਪਣੀ ਰਿਪੋਰਟ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੇਸ਼ ਕਰਨ ਦੀ ਉਮੀਦ ਹੈ। ਹਾਲਾਂਕਿ ਅਜੇ ਇਹ ਮਸਲਾ ਸੁਲਝਿਆ ਨਹੀਂ ਲੱਗਦਾ ਪਰ ਹੁਣ ਤਖ਼ਤਾਂ ਦੇ ਜਥੇਦਾਰਾਂ ਵਿਚ ਆਪਸੀ ਸਹਿਮਤੀ ਦਾ ਮਾਹੌਲ ਪੈਦਾ ਕਰਨਾ ਸ਼੍ਰੋਮਣੀ ਕਮੇਟੀ ਦੀ ਵੱਡੀ ਜ਼ਿੰਮੇਵਾਰੀ ਵਜੋਂ ਦੇਖਿਆ ਜਾ ਰਿਹਾ ਹੈ।

-ਇਕਬਾਲ ਸਿੰਘ ਚੰਨੀ


author

Harpreet SIngh

Content Editor

Related News