ਜਾਣੋ ਸਿੱਖ ਫ਼ੌਜੀਆਂ ਲਈ ਵਿਸ਼ੇਸ਼ ਤੌਰ ''ਤੇ ਤਿਆਰ ਕੀਤੇ ਜਾ ਰਹੇ ਬੈਲਿਸਟਿਕ ਹੈਲਮੇਟ ਦੀ ਖ਼ਾਸੀਅਤ

Wednesday, Feb 08, 2023 - 12:32 PM (IST)

ਜਾਣੋ ਸਿੱਖ ਫ਼ੌਜੀਆਂ ਲਈ ਵਿਸ਼ੇਸ਼ ਤੌਰ ''ਤੇ ਤਿਆਰ ਕੀਤੇ ਜਾ ਰਹੇ ਬੈਲਿਸਟਿਕ ਹੈਲਮੇਟ ਦੀ ਖ਼ਾਸੀਅਤ

ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਸਰਕਾਰ ਨੇ ਸਿੱਖਾਂ ਦੇ ਲੰਮੇ ਵਾਲਾਂ ਅਤੇ ਜੂੜੇ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ ਅਤੇ ਉਨ੍ਹਾਂ ਦੀ ਸੰਭਾਲ ਨੂੰ ਧਿਆਨ ’ਚ ਰੱਖਦਿਆਂ ਵਿਸ਼ੇਸ਼ ਲੜਾਕੂ ਹੈੱਡਗੇਅਰ ਦਾ ਹੁਕਮ ਦਿੱਤਾ ਹੈ। ਪਿਛਲੇ ਇਕ ਮਹੀਨੇ ਤੋਂ ਕੇਂਦਰ ਸਰਕਾਰ ਦੀ ਸਿੱਖ ਫ਼ੌਜੀਆਂ ਲਈ ਬੈਲਿਸਟਿਕ ਹੈਲਮੇਟ ਯੋਜਨਾ ਕਾਫ਼ੀ ਚਰਚਾ ਵਿਚ ਰਹਿਣ ਦੇ ਬਾਵਜੂਦ ਕਿਸੇ ਅਧਿਕਾਰਤ ਐਲਾਨ ਜਾਂ ਅਮਲ ਦੀ ਅਣਹੋਂਦ ਵਿਚ ਇਸ ਵਿਸ਼ੇ ’ਤੇ ਕੁਝ ਵੀ ਕਿਹਾ ਜਾਣਾ ਸੰਭਵ ਨਹੀਂ ਸੀ ਪਰ ਹੁਣ ਇਸ ਮੁੱਦੇ ’ਤੇ ਕੌਮੀ ਘੱਟ-ਗਿਣਤੀ ਕਮਿਸ਼ਨ ਵੱਲੋਂ ਸਿੱਖ ਸੰਸਥਾਵਾਂ ਦੀ ਸੱਦੀ ਗਈ ਮੀਟਿੰਗ ਉਪਰੰਤ ਇਸ ਵਿਸ਼ੇ ’ਤੇ ਵਿਚਾਰ-ਚਰਚਾ ਜ਼ਰੂਰੀ ਹੈ।

ਬੈਲਿਸਟਿਕ ਹੈਲਮੇਟ ਨੂੰ ਲੋਹ ਟੋਪ ਗਰਦਾਨਦਿਆਂ ਵਿਸ਼ਵ ਜੰਗਾਂ ਅਤੇ ਬਾਅਦ ’ਚ ਹੋਈਆਂ ਲੜਾਈਆਂ ਵਿਚ ਸਿੱਖ ਫ਼ੌਜੀਆਂ ਵੱਲੋਂ ਲੋਹ ਟੋਪ ਨਾ ਪਹਿਨਣ ਦੀ ਦਲੀਲ ਤੋਂ ਇਲਾਵਾ ਸਿੱਖੀ ਵਿਚ ਟੋਪੀ ਵਰਜਿਤ ਹੋਣ ਬਾਰੇ ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ’ਚ ਦਰਜ ‘ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਏ ਮਰੈ।’ ਨੂੰ ਆਧਾਰ ਬਣਾ ਕੇ ਕੁਝ ਹਲਕਿਆਂ ਵੱਲੋਂ ਕੀਤੀ ਜਾ ਰਹੀ ਅਾਲੋਚਨਾ ਦੇ ਮੱਦੇਨਜ਼ਰ ਇਹ ਵਿਚਾਰਨ ਦੀ ਲੋੜ ਹੈ ਕਿ, ਕੀ ਇਹ ਉਹੋ ਟੋਪੀ ਹੈ, ਜੋ ਕਿ ਸਿੱਖ ਰਹਿਤ ਮਰਿਅਾਦਾ ਵਿਚ ਵਰਜਿਤ ਹੈ। ਦੂਜੀ ਸੰਸਾਰ ਤੋਂ ਬਾਅਦ ਹੁਣ ਫ਼ੌਜਾਂ ਦੀ ਜੰਗ ਕਲਾ, ਤੌਰ-ਤਰੀਕੇ, ਰਣਨੀਤੀ ਅਤੇ ਫ਼ੌਜੀ ਸਾਜ਼ੋ-ਸਾਮਾਨ ਵਿਚ ਬਹੁਤ ਸਾਰਾ ਬਦਲਾਅ ਅਤੇ ਵਿਕਾਸ ਆ ਚੁੱਕਿਆ ਹੈ। ਹੁਣ ਇਕ ਫ਼ੌਜੀ ਆਪਣੇ ਆਪ ਵਿਚ ਪੂਰਾ ਸਿਸਟਮ ਅਤੇ ਫ਼ੌਜੀ ਸਾਜ਼ੋ-ਸਾਮਾਨ ਨਾਲ ਲੈ ਕੇ ਚਲਦਾ ਹੈ।

ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਸਰਕਾਰ ਨੇ ਸਿੱਖਾਂ ਦੇ ਲੰਮੇ ਵਾਲਾਂ ਅਤੇ ਜੂੜੇ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ ਹੈ ਅਤੇ ਉਨ੍ਹਾਂ ਦੀ ਸੰਭਾਲ ਨੂੰ ਧਿਆਨ ’ਚ ਰੱਖਦਿਆਂ ਵਿਸ਼ੇਸ਼ ਬੈਲਿਸਟਿਕ ਹੈਲਮਟ Kavro SCH 111 T, ਨੂੰ ਸਿਰ ਦੇ ਆਕਾਰ ਦੇ ਮੁਤਾਬਕ ਡਿਜ਼ਾਈਨ ਕੀਤਾ ਹੈ। ਜਿਸ ’ਚ ਵਿਸ਼ਵ ਵਿਆਪੀ ਆਧੁਨਿਕ ਨਵੀਆਂ ਜੰਗ ਤਕਨੀਕਾਂ ਦੀਆਂ ਲੋੜਾਂ ਅਨੁਸਾਰ ਰਾਤ ਸਮੇਂ ਦੇਖਿਆ ਜਾ ਸਕਣ ਵਾਲਾ ਇਨਫਰਾਰੈਡ ਡਿਵਾਈਸ, ਕਮਿਊਨੀਕੇਸ਼ਨ ਭਾਵ ਸੰਚਾਰ ਉਪਕਰਨ ਹੈੱਡਫੋਨ ਅਤੇ ਅੱਜ ਦੀ ਜੰਗੀ ਮਾਹੌਲ ’ਚ ਪ੍ਰਮੁੱਖਤਾ ਹਾਸਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਹੈ।

ਸਿੱਖ ਫ਼ੌਜੀਆਂ ਲਈ ਤਿਆਰ ਕੀਤਾ ਗਿਆ ਇਹ ਇਕ ਫ਼ੌਜੀ ਆਪ੍ਰੇਸ਼ਨ ਹੈੱਡਗੇਅਰ ਹੈ, ਜਿਸ ਨੂੰ ਟੋਪੀ ਜਾਂ ਲੋਹ ਟੋਪ ਕਹਿਣਾ ਗ਼ਲਤ ਹੋਵੇਗਾ। ਭਾਰਤੀ ਫ਼ੌਜ ਦੇ ਸਾਰੇ ਫ਼ੌਜੀਆਂ ਲਈ ਬੈਲਿਸਟਿਕ ਲੜਾਕੂ ਹੈੱਡਗੇਅਰ ਧਾਰਨ ਕਰਨਾ ਲਾਜ਼ਮੀ ਹੋਵੇਗਾ ਜਿਸ ਨੂੰ ਪਹਿਨੇ ਬਿਨਾਂ ਮੈਦਾਨੇ ਜੰਗ ਵਿਚ ਲੜਨ ਦੇ ਯੋਗ ਨਹੀਂ ਹੋਣਗੇ। ਵਿਸ਼ੇਸ਼ ਲੜਾਕੂ ਹੈੱਡਗੇਅਰ ਦੀ ਖ਼ਾਸੀਅਤ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਜੰਗਜੂ ਮਾਹੌਲ ਤੇ ਮੌਸਮ ’ਚ ਫ਼ੌਜੀ ਨੂੰ ਵਧੇਰੇ ਸੁਰੱਖਿਆ ਮੁਹੱਈਅਾ ਕਰਨ ਲਈ ਸਮਰੱਥ ਹੈ। ਹੈੱਡਗੇਅਰ ਰਾਹੀਂ ਇਕ ਫ਼ੌਜੀ ਨੂੰ ਉਹ ਸਾਰੀ ਜ਼ਰੂਰੀ ਜਾਣਕਾਰੀ ਮਿਲਦੀ ਹੈ, ਜੋ ਜੰਗੀ ਮੁਹਾਰਤ ਲਈ ਜ਼ਰੂਰੀ ਹੈ। ਇਹ ਆਧੁਨਿਕ ਫ਼ੌਜੀ ਸਾਜ਼ੋ-ਸਾਮਾਨ ਦਾ ਜ਼ਰੂਰੀ ਹਿੱਸਾ ਹੈ। ਇਸ ਨੂੰ ਆਧੁਨਿਕ ਜੰਗੀ ਯੰਤਰ ਦੇ ਇਕ ਅਹਿਮ ਹਿੱਸੇ ਵਜੋਂ ਕਿਸੇ ਆਪ੍ਰੇਸ਼ਨ ਜਾਂ ਜੰਗ ਸਮੇਂ ਪਹਿਨਿਆ ਜਾਵੇਗਾ, ਆਮ ਰੁਟੀਨ ਵਿਚ ਨਹੀਂ। ਹੁਣ ਤਕ ਹੈੱਡਗੇਅਰ ਦੀ ਵਰਤੋਂ ਟੈਂਕ ਅਤੇ ਲੜਾਕੂ ਹਵਾਈ ਜਹਾਜ਼ਾਂ ਵਿਚ ਸਵਾਰ ਹੋਣ ਸਮੇਂ ਇਕ ਦੂਜੇ ਨਾਲ ਕਮਿਊਨੀਕੇਸ਼ਨ ਲਈ ਛੋਟੀ ਦਸਤਾਰ ਜਾਂ ਪਟਕੇ ਉੱਪਰ ਪਹਿਨ ਕੇ ਕੀਤੀ ਜਾਂਦੀ ਹੈ।

ਸਿੱਖ ਪ੍ਰੰਪਰਾ ’ਚ ਜੰਗ ਸਮੇਂ ਸਿਰ ਦੀ ਸੁਰੱਖਿਆ ਲਈ ਕਵਚ ਦੀ ਆਗਿਆ ਦੇਣ ਦਾ ਹਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਕ੍ਰਿਤ ‘ਸ਼ਸਤਰਨਾਮ ਮਾਲਾ’ ਵਿਚ ਹਮਲਾਵਰ ਹਥਿਆਰਾਂ ਤੋਂ ਇਲਾਵਾ ਸੰਜੋਅ, ਸੰਨਾਹ, ਖੋਲ ਆਦਿ ਸੁਰੱਖਿਆ ਕਵਚਾਂ ਦਾ ਵੀ ਉਲੇਖ ਮਿਲਦਾ ਹੈ। ਫ਼ੌਜੀ ਇਤਿਹਾਸਕਾਰਾਂ ਮੁਤਾਬਕ ਮੱਧਕਾਲੀ ਇਤਿਹਾਸ ਵਿਚ ਸਿੱਖ ਮਿਸਲਾਂ ਵੇਲੇ ਵੀ ਸਿੱਖ ਫ਼ੌਜੀ ਹੈਲਮੇਟ ਪਹਿਨਦੇ ਸਨ। ਬਹੁਤ ਸਾਰੀਆਂ ਪੁਰਾਣੀਆਂ ਤਸਵੀਰਾਂ ਮਿਲਦੀਆਂ ਹਨ, ਜਿਨ੍ਹਾਂ ’ਚ ਜੁਝਾਰੂ ਸਿੱਖ ਸਰਦਾਰ ਦਸਤਾਰ ਦੇ ਹੇਠ ਲੋਹ-ਟੋਪ ਪਹਿਨੇ ਹੋਏ ਹਨ। ਇਨ੍ਹਾਂ ਤਸਵੀਰਾਂ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਇਲਾਵਾ ਸਰਦਾਰ ਹਰੀ ਸਿੰਘ ਨਲਵਾ ਵੀ ਸ਼ਾਮਿਲ ਹਨ । ਇਸੇ ਤਰਾਂ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜੀ ਵਰਦੀ ਦਾ ਇਕ ਲੋਹੇ ਦਾ ਟੋਪ ਜਿਸ ਵਿਚ ਜੂੜੇ ਲਈ ਥਾਂ ਬਣੀ ਹੋਈ ਹੈ, ਕੰਪਨੀ ਕੁਲੈਕਸ਼ਨ ਸਮਿਥਸੋਨੀਅਨ ਮਿਊਜ਼ੀਅਮ ਵਾਸ਼ਿੰਗਟਨ ਵਿਚ ਮੌਜੂਦ ਦੱਸਿਆ ਜਾਂਦਾ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ਸਰਕਾਰ ਦੀ ਸਿੱਖ ਫ਼ੌਜੀਆਂ ਲਈ ਜੰਗਜੂ ਹੈੱਡਗੇਅਰ ਤਜਵੀਜ਼ ਨੂੰ ਸਪਸ਼ਟ ਲਫ਼ਜ਼ਾਂ ਵਿਚ ਅਪ੍ਰਵਾਨ ਕਰਦਿਆਂ ਇਸ ਨੂੰ ਸਿੱਖ ਰਹਿਣੀ ਅਤੇ ਧਾਰਮਿਕ ਪਛਾਣ ’ਤੇ ਹਮਲਾ ਕਰਾਰ ਦੇ ਕੇ ਕਿਸੇ ਵੀ ਸੰਵਾਦ ਤੋਂ ਇਨਕਾਰ ਕਰਨਾ ਹੈ, ਅਜਿਹੀ ਗੱਲਬਾਤ ਪ੍ਰਤੀ ਨਾਂਹ ਦੇ ਇਕ ਨੁਕਾਤੀ ਏਜੰਡੇ ਨੂੰ ਸਹੀ ਸਿੱਧ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਇਤਿਹਾਸ ਦੇ ਹਵਾਲਿਆਂ ਨਾਲ ਜੋ ਦਲੀਲ ਦਿੱਤੀ ਉਹ ਅਧੂਰੀ ਜਾਣਕਾਰੀ ਸੀ। ਸਾਨੂੰ ਸਿੱਖ ਫ਼ੌਜੀਆਂ ਦੇ ਅਨਮੋਲ ਜੀਵਨ ਦੀ ਚਿੰਤਾ ਕਰਨ ਦੀ ਲੋੜ ਹੈ।

ਸਿੱਖ ਫ਼ੌਜੀਆਂ ਲਈ ਆਪ੍ਰੇਸ਼ਨ ਹੈੱਡਗੇਅਰ ਧਾਰਨ ਕਰਨ ਪ੍ਰਤੀ ਆਪਣੇ ਪੱਧਰ ’ਤੇ ਫ਼ੈਸਲਾ ਕਰਨ ਦੀ ਬਜਾਏ ਧਾਰਮਿਕ ਆਗੂਆਂ ਨੂੰ ਸਿੱਖ ਫ਼ੌਜੀਆਂ, ਜੰਗੀ ਮਾਹਿਰਾਂ, ਇਤਿਹਾਸਕਾਰਾਂ ਅਤੇ ਵਿਦਵਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਗੱਲਬਾਤ ਤੋਂ ਬਾਅਦ ਸੋਚ ਸਮਝ ਕੇ ਫ਼ੈਸਲਾ ਲੈਣਾ ਹੋਵੇਗਾ ਕਿ ਸਿੱਖ ਫ਼ੌਜੀਆਂ ਦੀ ਧਾਰਨਾ ਕੀ ਹੈ ਜਾਂ ਸੁਰੱਖਿਆ ਦੇ ਕੀ ਪੁਖ਼ਤਾ ਇੰਤਜ਼ਾਮ ਕੀਤੇ ਜਾ ਸਕਦੇ ਹਨ।

ਪ੍ਰੋ. ਸਰਚਾਂਦ ਸਿੰਘ ਖਿਆਲਾ
 


author

Harnek Seechewal

Content Editor

Related News