ਅਧੂਰੀ ਨੀਂਦ ਸਰੀਰ ਹੀ ਨਹੀਂ, ਦਿਮਾਗ ਲਈ ਵੀ ਖਤਰਨਾਕ

06/30/2019 5:44:49 AM

ਜੇ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਇਹ ਤੁਹਾਡੇ ਦਿਮਾਗ ਲਈ ਖਤਰਨਾਕ ਹੈ। ਅਧੂਰੀ ਨੀਂਦ ਸਰੀਰ ਹੀ ਨਹੀਂ, ਦਿਮਾਗ ਦੀ ਸਿਹਤ ਲਈ ਵੀ ਖਤਰਾ ਹੋ ਸਕਦੀ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਐਰੀਜ਼ੋਨਾ ਦੇ ਡੀ. ਰੈਮਸੇ ਨੇ ਕਿਹਾ ਕਿ ਕਾਲਜ ਜਾਣ ਵਾਲੀਆਂ ਵਿਦਿਆਰਥਣਾਂ 'ਤੇ ਅਧੂਰੀ ਨੀਂਦ ਨਾਲ ਪੈਣ ਵਾਲਾ ਅਸਰ ਅਸਲ 'ਚ ਹੈਰਾਨ ਕਰਨ ਵਾਲਾ ਹੈ। ਅਧੂਰੀ ਨੀਂਦ ਦੇ ਨਾਲ ਬੀਤੀ ਹਰ ਰਾਤ ਦਿਮਾਗੀ ਸਿਹਤ 'ਤੇ ਮਾੜੇ ਅਸਰ ਦਾ ਖਦਸ਼ਾ ਵਧਾ ਦਿੰਦੀ ਹੈ।
ਇਸ ਖੋਜ ਦੇ ਅਨੁਸਾਰ ਲੋੜੀਂਦੀ ਨੀਂਦ ਨਾ ਲੈਣ ਵਾਲੇ ਵਿਦਿਆਰਥੀਆਂ ਅਤੇ ਐਥਲੀਟਾਂ 'ਚ ਐਂਜਾਇਟੀ (ਚਿੰਤਾ), ਖ਼ੁਦ ਨੂੰ ਨੁਕਸਾਨ ਪਹੁੰਚਾਉਣ ਅਤੇ ਖ਼ੁਦਕੁਸ਼ੀ ਕਰਨ ਵਰਗੇ ਵਿਚਾਰ ਪੈਦਾ ਹੋ ਸਕਦੇ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਨੀਂਦ ਪੂਰੀ ਨਾ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਵੀ ਅਸਰ ਪੈਂਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਨੀਂਦ ਲੈਣ। ਯੂਨੀਵਰਸਿਟੀ ਨੇ ਆਪਣੇ ਇਸ ਅਧਿਐਨ 'ਚ 1,10,496 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਸੀ, ਜਿਨ੍ਹਾਂ 'ਚੋਂ 8462 ਐਥਲੀਟ ਵੀ ਸਨ।
ਇਸ ਖੋਜ 'ਚ ਪਾਇਆ ਗਿਆ ਕਿ ਨੀਂਦ ਪੂਰੀ ਨਾ ਹੋਣ ਨਾਲ ਮੂਡ ਖਰਾਬ ਹੋਣ ਦਾ ਖਦਸ਼ਾ 21 ਫੀਸਦੀ, ਨਿਰਾਸ਼ਾ ਅਤੇ ਗੁੱਸੇ ਦਾ ਖਦਸ਼ਾ 24 ਫੀਸਦੀ, ਚਿੰਤਾ ਵਧਣ ਅਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਦਾ ਖਦਸ਼ਾ 25 ਫੀਸਦੀ ਅਤੇ ਆਤਮ-ਹੱਤਿਆ ਦਾ ਵਿਚਾਰ ਆਉਣ ਦਾ ਖਦਸ਼ਾ 28 ਫੀਸਦੀ ਤਕ ਵਧ ਜਾਂਦਾ ਹੈ। ਡਾ. ਗੌਰਵ ਗੁਪਤਾ ਦਾ ਕਹਿਣਾ ਹੈ ਕਿ ਜੇ ਤੁਸੀਂ ਲੋੜੀਂਦੀ ਨੀਂਦ ਨਹੀਂ ਲੈਂਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਸਕਦੀਆਂ ਹਨ।


KamalJeet Singh

Content Editor

Related News