‘ਸੈਲਫ ਗੋਲ’ ਕਰਨ ’ਤੇ ਤੁਲੀ ਹੋਈ ਹੈ ਕਾਂਗਰਸ

Thursday, May 02, 2019 - 06:22 AM (IST)

ਵਿਪਿਨ ਪੱਬੀ

ਅਜਿਹਾ ਲੱਗਦਾ ਹੈ ਕਿ ਲਗਭਗ 60 ਸਾਲ ਦੇਸ਼ ’ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਹੁਣ ‘ਇੱਛਾ-ਮੌਤ’ ਚਾਹੁੰਦੀ ਹੈ। ਹੁਣੇ ਜਿਹੇ ਪਾਰਟੀ ਨੇ ਜਿਸ ਤਰ੍ਹਾਂ ‘ਸੈਲਫ ਗੋਲ’ ਕੀਤੇ ਹਨ, ਉਸ ਨਾਲ ਭਾਜਪਾ ਤਾਂ ਖੁਸ਼ ਹੋ ਹੀ ਰਹੀ ਹੋਵੇਗੀ ਪਰ ਕਾਂਗਰਸ ਦੇ ਸਮਰਥਕਾਂ ਨੂੰ ਜ਼ਰੂਰ ਦੁੱਖ ਹੋ ਰਿਹਾ ਹੋਵੇਗਾ। ਕਾਂਗਰਸ ਦੀਆਂ ਵੱਡੀਆਂ ਗਲਤੀਆਂ ’ਚੋਂ ਇਕ ਤਾਜ਼ਾ ਗਲਤੀ ਇਹ ਰਹੀ ਕਿ ਉਸ ਨੇ ਲੋਕਾਂ ਨੂੰ ਇਸ ਗੱਲ ’ਤੇ ਸ਼ਸ਼ੋਪੰਜ ’ਚ ਪਾਈ ਰੱਖਿਆ ਕਿ ਗਾਂਧੀ ਪਰਿਵਾਰ ਦੀ ਪ੍ਰਿਯੰਕਾ ਗਾਂਧੀ ਵਢੇਰਾ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਲੋਕ ਸਭਾ ਦੀ ਚੋਣ ਲੜੇਗੀ ਜਾਂ ਨਹੀਂ। ਪਾਰਟੀ ਨੇ ਇਕ ਮਹੀਨੇ ਤਕ ਇਸ ਮਾਮਲੇ ’ਚ ਰਾਜ਼ ਬਰਕਰਾਰ ਰੱਖਿਆ। ਇਥੋਂ ਤਕ ਕਿ ਪ੍ਰਿਯੰਕਾ ਗਾਂਧੀ ਨੇ ਇਸ ਮਾਮਲੇ ਨੂੰ ਹੋਰ ਹਵਾ ਦਿੱਤੀ, ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹ ਆਪਣੀ ਮਾਂ ਸੋਨੀਆ ਗਾਂਧੀ ਦੇ ਲੋਕ ਸਭਾ ਹਲਕੇ ਰਾਇਬਰੇਲੀ ਤੋਂ ਚੋਣ ਲੜੇਗੀ। ਇਥੇ ਪ੍ਰਿਯੰਕਾ ਨੇ ਉਲਟਾ ਸਵਾਲ ਦਾਗ ਦਿੱਤਾ- ‘ਵਾਰਾਨਸੀ ਤੋਂ ਕਿਉਂ ਨਹੀਂ?’ ਇਸ ਨਾਲ ਇਕ ਚਰਚਾ ਸ਼ੁਰੂ ਹੋ ਗਈ ਅਤੇ ਇਹ ਅੰਦਾਜ਼ਾ ਲਾਇਆ ਜਾਣ ਲੱਗਾ ਕਿ ਪ੍ਰਿਯੰਕਾ ਗਾਂਧੀ ਚੋਣ ਲੜ ਕੇ ਮੋਦੀ ਨੂੰ ਚੰਗੀ ਟੱਕਰ ਦੇ ਸਕਦੀ ਹੈ। ਹਾਲਾਂਕਿ ਬਹੁਤ ਘੱਟ ਲੋਕ ਇਹ ਉਮੀਦ ਰੱਖਦੇ ਹੋਣਗੇ ਕਿ ਮੋਦੀ ਹਾਰ ਸਕਦੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ’ਚ ਮੋਦੀ ਨੇ ਆਪਣੇ ਗ੍ਰਹਿ ਸੂਬੇ ਗੁਜਰਾਤ ਦੀ ਵਡੋਦਰਾ ਤੇ ਯੂ. ਪੀ. ਦੀ ਵਾਰਾਨਸੀ ਸੀਟ ਤੋਂ ਚੋਣਾਂ ਲੜੀਆਂ ਸਨ ਤੇ ਦੋਵੇਂ ਜਗ੍ਹਾ ਉਹ ਕਾਫੀ ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਬਾਅਦ ’ਚ ਉਨ੍ਹਾਂ ਨੇ ਵਡੋਦਰਾ ਵਾਲੀ ਸੀਟ ਛੱਡ ਦਿੱਤੀ ਸੀ ਪਰ ਇਸ ਵਾਰ ਉਹ ਸਿਰਫ ਵਾਰਾਨਸੀ ਤੋਂ ਚੋਣ ਲੜ ਰਹੇ ਹਨ। ਪ੍ਰਿਯੰਕਾ ਗਾਂਧੀ ਵਲੋਂ ਦਿੱਤੇ ਗਏ ਸੰਕੇਤ ਦੇ ਸਿੱਟੇ ਵਜੋਂ ਲੋਕ ਸਖਤ ਮੁਕਾਬਲੇ ਦੀ ਉਮੀਦ ਕਰ ਰਹੇ ਸਨ। ਜੇ ਪ੍ਰਿਯੰਕਾ ਚੋਣਾਂ ’ਚ ਹਾਰ ਵੀ ਜਾਂਦੀ ਤਾਂ ਉਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਣਾ ਸੀ ਪਰ ਦੇਸ਼ ਦੀ ਨਜ਼ਰ ਇਸ ਲੋਕ ਸਭਾ ਹਲਕੇ ’ਤੇ ਜ਼ਰੂਰ ਰਹਿੰਦੀ ਤੇ ਮੋਦੀ ਨੂੰ ਵੀ ਇਸ ਲੋਕ ਸਭਾ ਹਲਕੇ ਨੂੰ ਜ਼ਿਆਦਾ ਸਮਾਂ ਦੇਣਾ ਪੈਂਦਾ। ਜੇ ਅਣਕਿਆਸੇ ਤੌਰ ’ਤੇ ਮੋਦੀ ਇਥੋਂ ਪ੍ਰਿਯੰਕਾ ਹੱਥੋਂ ਹਾਰ ਜਾਂਦੇ ਤਾਂ ਇਹ ਭਾਜਪਾ ਲਈ ਇਕ ਵੱਡਾ ਝਟਕਾ ਹੁੰਦਾ। ਇਸ ਦੇ ਬਾਵਜੂਦ ਪ੍ਰਿਯੰਕਾ ਇਸ ਸੀਟ ’ਤੇ ਚੋਣ ਲੜਨ ਤੋਂ ਪਿੱਛੇ ਹਟ ਗਈ, ਜਿਸ ਨਾਲ ਪਾਰਟੀ ਵਰਕਰਾਂ ’ਚ ਗਲਤ ਸੰਦੇਸ਼ ਗਿਆ। ਉਨ੍ਹਾਂ ਦੀ ਇਹ ਦਲੀਲ ਵੀ ਬੇਬੁਨਿਆਦ ਹੈ ਕਿ ਉਨ੍ਹਾਂ ਦੇ ਚੋਣ ਨਾ ਲੜਨ ਦਾ ਫੈਸਲਾ ਪਾਰਟੀ ਵਲੋਂ ਲਿਆ ਗਿਆ ਕਿਉਂਕਿ ਜੇ ਪ੍ਰਿਯੰਕਾ ਚੋਣ ਲੜਦੀ ਤਾਂ ਉਸ ਨੂੰ ਵਾਰਾਨਸੀ ’ਚ ਜ਼ਿਆਦਾ ਸਮਾਂ ਰੁਕਣਾ ਪੈਂਦਾ ਅਤੇ ਬਾਕੀ ਜਿਹੜੇ 40 ਲੋਕ ਸਭਾ ਹਲਕਿਆਂ ਦੀ ਜ਼ਿੰਮੇਵਾਰੀ ਪ੍ਰਿਯੰਕਾ ’ਤੇ ਹੈ, ਉਥੇ ਉਸ ਨੂੰ ਪ੍ਰਚਾਰ ਕਰਨ ਦਾ ਮੌਕਾ ਨਾ ਮਿਲਦਾ। ਯਕੀਨੀ ਤੌਰ ’ਤੇ ਪ੍ਰਿਯੰਕਾ ਗਾਂਧੀ ਅਤੇ ਪਾਰਟੀ ਆਗੂ ਇਹ ਗੱਲ ਉਦੋਂ ਵੀ ਜਾਣਦੇ ਸਨ, ਜਦੋਂ ਉਨ੍ਹਾਂ ਨੇ ਪ੍ਰਿਯੰਕਾ ਦੇ ਚੋਣ ਲੜਨ ਸਬੰਧੀ ਅੰਦਾਜ਼ਿਆਂ ਨੂੰ ਹਵਾ ਦਿੱਤੀ ਸੀ। ਉਸ ਦੇ ਫੈਸਲੇ ਨੇ ਇਹ ਸੰਕੇਤ ਦਿੱਤਾ ਹੈ ਕਿ ਕਾਂਗਰਸ ’ਚ ਭਾਜਪਾ ਨਾਲ ਲੜਨ ਦਾ ਮਾਦਾ ਨਹੀਂ ਹੈ। ਕਾਂਗਰਸ ਨੇ ਸਿਰਫ ਇਹੋ ਗਲਤੀ ਨਹੀਂ ਕੀਤੀ ਸਗੋਂ ਅਜਿਹੀਆਂ ਹੋਰ ਵੀ ਨਾਦਾਨੀਆਂ ਕੀਤੀਆਂ ਹਨ। ਇਕ ਹੋਰ ਮਾਮਲੇ ’ਚ ਪਾਰਟੀ ਅਤੇ ਇਸ ਦੇ ਨੇਤਾਵਾਂ ਨੇ ਸੁਪਰੀਮ ਕੋਰਟ ਦੇ ਉਲੰਘਣਾ ਨੋਟਿਸ ਨਾਲ ਠੀਕ ਤਰ੍ਹਾਂ ਨਾ ਨਜਿੱਠ ਕੇ ਖੁਦ ਨੂੰ ਤੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਵਲੋਂ ‘ਚੌਕੀਦਾਰ ਚੋਰ ਹੈ’ ਕਹੇ ਜਾਣ ’ਤੇ ਸਖਤ ਨੋਟਿਸ ਲਿਆ ਸੀ।

ਕਾਂਗਰਸ ਦੀ ਥੂ-ਥੂ

ਆਪਣੇ ਬਿਆਨ, ਜੋ ਰਾਹੁਲ ਦੇ ਕਹਿਣ ਮੁਤਾਬਕ ਉਨ੍ਹਾਂ ਨੇ ਜੋਸ਼ ’ਚ ਆ ਕੇ ਦੇ ਦਿੱਤਾ ਸੀ, ਨੂੰ ਖੁਦ ਰਾਹੁਲ ਤੇ ਉਨ੍ਹਾਂ ਦੇ ਸਲਾਹਕਾਰ ਸਹੀ ਠਹਿਰਾਉਣ ’ਚ ਲੱਗੇ ਰਹੇ। ਜੂਨੀਅਰ ਵਕੀਲ ਵੀ ਇਹ ਗੱਲ ਜਾਣਦੇ ਹਨ ਕਿ ਅਦਾਲਤ ਦੀ ਤੌਹੀਨ ਦੇ ਮਾਮਲਿਆਂ ’ਚ ਅਦਾਲਤਾਂ ਕਾਫੀ ਸਖਤ ਹੁੰਦੀਆਂ ਹਨ ਅਤੇ ਉਹ ਬਿਨਾਂ ਸ਼ਰਤ ਮੁਆਫੀ ਦੀ ਉਮੀਦ ਰੱਖਦੀਆਂ ਹਨ। ਕਾਂਗਰਸ ਕੋਲ ਅਭਿਸ਼ੇਕ ਮਨੂੰ ਸਿੰਘਵੀ ਅਤੇ ਕਪਿਲ ਸਿੱਬਲ ਵਰਗੇ ਵਕੀਲ ਹੋਣ ਦੇ ਬਾਵਜੂਦ ਰਾਹੁਲ ਸ਼ਰਤਾਂ ਸਮੇਤ ਅਫਸੋਸ ਪ੍ਰਗਟਾਉਂਦੇ ਰਹੇ। ਇਹ ਕਿੰਨੀ ਖਰਾਬ ਸਥਿਤੀ ਹੈ ਕਿ ਕਾਂਗਰਸ ਪ੍ਰਧਾਨ ਨੂੰ ਆਪਣਾ ਹਲਫਨਾਮਾ ਤਿੰਨ ਵਾਰ ‘ਰਿਵਾਈਜ਼’ ਕਰਨਾ ਪਿਆ।

ਗੱਠਜੋੜ ’ਚ ਅਸਫਲਤਾ

ਇਨ੍ਹਾਂ ਗਲਤੀਆਂ ਤੋਂ ਇਲਾਵਾ ਅਜਿਹਾ ਲੱਗਦਾ ਹੈ ਕਿ ਕਾਂਗਰਸ ਅੰਦਰ ਜਿੱਤ ਦੀ ਭੁੱਖ ਅਤੇ ਉਚਿਤ ਰਣਨੀਤੀ ਦੀ ਘਾਟ ਹੈ। ਮਹਾਗੱਠਜੋੜ ਲਈ ਗੰਭੀਰ ਯਤਨ ਨਾ ਕਰ ਕੇ ਉਸ ਨੇ ਭਾਜਪਾ ਨਾਲ ਸਖਤ ਮੁਕਾਬਲੇ ਦਾ ਮੌਕਾ ਗੁਆ ਲਿਆ। ਉਸ ਨੂੰ ਯੂ. ਪੀ. ’ਚ ਸਪਾ ਅਤੇ ਬਸਪਾ ਨਾਲ ਗੱਠਜੋੜ ਲਈ ਪਹਿਲ ਕਰਨੀ ਚਾਹੀਦੀ ਸੀ। ਇਸੇ ਤਰ੍ਹਾਂ ਕਾਂਗਰਸ ਨੇ ਹੋਰਨਾਂ ਪਾਰਟੀਆਂ ਨਾਲ ਵੀ ਗੱਠਜੋੜ ਲਈ ਪਹਿਲ ਨਹੀਂ ਕੀਤੀ। ਲੰਮੀ ਗੱਲਬਾਤ ਦੇ ਬਾਵਜੂਦ ਕਾਂਗਰਸ ਪਾਰਟੀ ਦਿੱਲੀ ’ਚ ‘ਆਪ’ ਨਾਲ ਵੀ ਕਿਸੇ ਤਰ੍ਹਾਂ ਦਾ ਸਮਝੌਤਾ ਕਰਨ ’ਚ ਅਸਫਲ ਰਹੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਟੀ. ਵੀ. ਸਕਰੀਨ ਤੋਂ ਵੀ ਗਾਇਬ ਹਨ ਅਤੇ 2014 ਦੀਆਂ ਚੋਣਾਂ ਦੌਰਾਨ ਅਰਣਵ ਗੋਸਵਾਮੀ ਨੂੰ ਦਿੱਤੀ ਇੰਟਰਵਿਊ ਤੋਂ ਇਲਾਵਾ ਉਨ੍ਹਾਂ ਨੇ ਕੋਈ ਹੋਰ ਵੱਡੀ ਇੰਟਰਵਿਊ ਨਹੀਂ ਦਿੱਤੀ ਹੈ। ਉਦੋਂ ਵੀ ਕਿਸੇ ਆਦਮੀ ਨੇ ਉਨ੍ਹਾਂ ਨੂੰ ਇੰਟਰਵਿਊ ਦੇਣ ਦੀ ਗਲਤ ਸਲਾਹ ਦਿੱਤੀ ਸੀ, ਜਿਸ ਦੇ ਸਿਆਸੀ ਵਿਚਾਰ ਜਗ-ਜ਼ਾਹਿਰ ਸਨ ਤੇ ਹੁਣ ਉਹ ਆਦਮੀ ਮੋਦੀ ਦਾ ਸਿੱਧਾ ਸਮਰਥਕ ਹੈ। ਇਸ ਦੇ ਉਲਟ ਭਾਜਪਾ ਨੇ ਟੀ. ਵੀ. ਸਕਰੀਨ ਅਤੇ ਬਾਕੀ ਮੀਡੀਆ ’ਤੇ ਆਪਣੀ ਮੌਜੂਦਗੀ ਬਣਾਈ ਰੱਖਣ ਲਈ ਕਈ ਪ੍ਰਬੰਧ ਕੀਤੇ ਹੋਏ ਹਨ। ਇਨ੍ਹਾਂ ’ਚ ਮਸ਼ਹੂਰ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਅਤੇ ਦੋਸਤਾਨਾ ਮੀਡੀਆ ਨੂੰ ਮੋਦੀ ਵਲੋਂ ਦਿੱਤੀਆਂ ਗਈਆਂ ਚੋਣਵੀਆਂ ਇੰਟਰਵਿਊਜ਼ ਵੀ ਸ਼ਾਮਲ ਹਨ, ਜੋ ਸ਼ਾਇਦ ਇਸ ਸ਼ਰਤ ਨਾਲ ਦਿੱਤੀਆਂ ਗਈਆਂ ਸਨ ਕਿ ਪਰੇਸ਼ਾਨ ਕਰਨ ਵਾਲੇ ਸਵਾਲ ਨਾ ਪੁੱਛੇ ਜਾਣ। ਇਹ ਸ਼ਾਇਦ ਕਾਫੀ ਨਹੀਂ ਸੀ, ਇਸ ਲਈ ਭਾਜਪਾ ਇਕ ਪੂਰੀ ਤਰ੍ਹਾਂ ਨਾਲ ਸਮਰਪਿਤ ਟੀ. ਵੀ. ਚੈਨਲ ‘ਨਮੋ ਟੀ. ਵੀ.’ ਲੈ ਕੇ ਆਈ। ਇਸ ’ਚ ਕੋਈ ਸ਼ੱਕ ਨਹੀਂ ਕਿ ਸੁਰਖੀਆਂ ’ਚ ਬਣੇ ਰਹਿਣ ਲਈ ਭਾਜਪਾ ਤੇ ਮੋਦੀ ਵਲੋਂ ਲੋੜ ਤੋਂ ਵੱਧ ਜ਼ੋਰ ਲਾਇਆ ਜਾ ਰਿਹਾ ਹੈ ਪਰ ਧਾਰਨਾ ਦੀ ਖੇਡ (ਪ੍ਰਸੈਪਸ਼ਨ ਗੇਮ) ’ਚ ਕਾਂਗਰਸ ਤੇ ਰਾਹੁਲ ਗਾਂਧੀ ਪੂਰੀ ਤਰ੍ਹਾਂ ਪੱਛੜ ਗਏ ਹਨ।


Bharat Thapa

Content Editor

Related News