ਬਿ੍ਟੇਨ ''ਚ ਕ੍ਰਿਸਮਸ ਮੌਕੇ ਮਹਾਰਾਣੀ ਦਾ ਭਾਸ਼ਣ ਇਕ ''ਲਾਜ਼ਮੀ ਰਵਾਇਤ''
Sunday, Dec 25, 2016 - 07:53 AM (IST)
ਪੁਰਾਣੀ ਤੋਂ ਪੁਰਾਣੀ ਕ੍ਰਿਸਮਸ, ਜੋ ਮੈਨੂੰ ਯਾਦ ਹੈ, ਮੈਂ 3 ਸਾਲ ਦੀ ਉਮਰ ਵਿਚ ਮਨਾਈ ਸੀ | ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਕਿਸ ਤਰ੍ਹਾਂ ਮੰਮੀ ਨੇ ਸ਼ਾਨਦਾਰ ਢੰਗ ਨਾਲ ਪੈਕ ਕੀਤੇ ਇਕ ਤੋਹਫੇ ਵੱਲ ਉਂਗਲ ਕਰਦਿਆਂ ਕਿਹਾ ਸੀ ਕਿ ਇਹ ਮੈਨੂੰ ਅਗਲੇ ਦਿਨ ਦਿੱਤਾ ਜਾਵੇਗਾ | ਫਿਰ ਵੀ ਮੈਨੂੰ ਨਾ ਤਾਂ ਤੋਹਫਾ ਹਾਸਿਲ ਕਰਨ ਦੀ ਕੋਈ ਗੱਲ ਯਾਦ ਹੈ ਅਤੇ ਨਾ ਹੀ ਇਹ ਪਤਾ ਹੈ ਕਿ ਪੈਕੇਟ ਵਿਚ ਕੀ ਸੀ ਪਰ ਤੋਹਫਾ ਲੈਣ ਦੀ ਉਮੀਦ ਦੀ ਖੁਸ਼ੀ ਅੱਜ ਵੀ ਮੇਰੇ ਅੰਗ-ਸੰਗ ਹੈ ਅਤੇ ਮੈਂ ਅਕਸਰ ਸੋਚਦਾ ਹਾਂ ਕਿ ਕੀ ਉਹ ਲਾਲਚ ਦੀ ਅਗਾਊਾ ਸੂਚਨਾ ਸੀ?
ਜਿਹੜੇ ਵਰਿ੍ਹਆਂ ਦੌਰਾਨ ਮੈਂ ਇੰਗਲੈਂਡ ਵਿਚ ਸੀ, ਉਦੋਂ ਕ੍ਰਿਸਮਸ ਮੌਕੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਨੂੰ ਪੇਟੂਆਂ (ਭੁੱਖਿਆਂ) ਵਾਂਗ ਨਿਗਲਣ ਦਾ ਮੌਕਾ ਹੁੰਦਾ ਸੀ—ਆਪਣੀ ਸਰੀਰਕ ਸਮਰੱਥਾ ਨਾਲੋਂ ਕਿਤੇ ਜ਼ਿਆਦਾ ਪੈੱਗ ਲਾਉਣ ਦੇ ਮੌਕੇ | ਕ੍ਰਿਸਮਸ ਲੰਚ ਨੂੰ ਸਹੀ ਅਰਥਾਂ ਵਿਚ ਸਪੈਸ਼ਲ ਬਣਾਉਣ ਲਈ ਮੈਂ ਪਤਾ ਨਹੀਂ ਕਿੰਨੀਆਂ ਚੀਜ਼ਾਂ ਖਰੀਦਦਾ ਸੀ |
ਜਿੰਨੀ ਵਾਰ ਵੀ ਮੈਨੂੰ ਦੁਕਾਨ ''ਤੇ ਜਾਣ ਦਾ ਮੌਕਾ ਮਿਲਦਾ, ਖਰੀਦਦਾਰੀ ਦੀ ਸੂਚੀ ਲੰਮੀ ਹੁੰਦੀ ਜਾਂਦੀ ਸੀ, ਫਿਰ ਵੀ ਹਰੇਕ ਚੀਜ਼ ਅਜ਼ਮਾਉਣ ਦੀ ਜਗਿਆਸਾ ਨੂੰ ਕਦੇ ਦਬਾਅ ਨਹੀਂ ਸਕਿਆ | ਮੈਂ ਲਗਾਤਾਰ ਖਾਂਦਾ ਰਹਿੰਦਾ, ਜੇ ਕਿਤੇ ਰੁਕ ਜਾਂਦਾ ਤਾਂ ਮੰੂਹ ''ਚੋਂ ਲਾਰਾਂ ਟਪਕਾਉਣ ਲਈ ਹਮੇਸ਼ਾ ਹੀ ਕੁਝ ਨਾ ਕੁਝ ਹੋਰ ਪਕਵਾਨ ਮੌਜੂਦ ਹੁੰਦੇ ਸਨ, ਜੋ ਇਹ ਸੱਦਾ ਦੇ ਰਹੇ ਲਗਦੇ ਸਨ ਕਿ ''''ਖਾਓ, ਹੋਰ ਖਾਓ, ਕ੍ਰਿਸਮਸ ਹੈ |''''ਭਾਰਤ ਵਿਚ ਵਿਆਹਾਂ ਵਾਂਗ ਕ੍ਰਿਸਮਸ ਵੀ ਅਜਿਹਾ ਮੌਕਾ ਹੁੰਦਾ ਹੈ, ਜਦੋਂ ਝਿਜਕ ਤੇ ਸਬਰ ਖੰਭ ਲਗਾ ਕੇ ਉੱਡ ਜਾਂਦੇ ਹਨ | ਮੇਰੀ ਆਵਾਜ਼ ਵਿਚ ਕੋਈ ਲੈਅਬੱਧਤਾ ਜਾਂ ਮਿਠਾਸ ਨਹੀਂ | ਇਸੇ ਕਾਰਨ ਮੈਂ ਗੁਸਲਖਾਨੇ ਤੋਂ ਬਾਹਰ ਨਹੀਂ ਗਾਉਂਦਾ ਪਰ ਕ੍ਰਿਸਮਸ ਦੀਆਂ ਤਿਆਰੀਆਂ ਦੌਰਾਨ ਮੈਂ ਪ੍ਰਵਾਹ ਕੀਤੇ ਬਿਨਾਂ ਕਿ ਮੇਰੀ ਆਵਾਜ਼ ਕਿਹੋ ਜਿਹੀ ਹੈ, ਬਹੁਤ ਉੱਚੀ ਆਵਾਜ਼ ਵਿਚ ਗਲਾ ਪਾੜ-ਪਾੜ ਕੇ ਕ੍ਰਿਸਮਸ ਦੇ ਭਜਨ ਗਾਉਂਦਾ | ਇਸ ਸਮੂਹ ਗਾਨ ਵਿਚ ਜਾਦੂ ਹੀ ਕੁਝ ਅਜਿਹਾ ਹੁੰਦਾ ਹੈ ਕਿ ਤੁਸੀਂ ਦੂਜਿਆਂ ਨਾਲ ਗਾਏ ਬਿਨਾਂ ਰਹਿ ਹੀ ਨਹੀਂ ਸਕਦੇ |
ਬਿ੍ਟੇਨ ''ਚ ਕ੍ਰਿਸਮਸ ਇਕ ਅਜਿਹਾ ਸਮਾਂ ਹੈ, ਜੋ ਅਕਸਰ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਬਿਤਾਇਆ ਜਾਂਦਾ ਹੈ | ਭਾਰਤ ਵਿਚ ਇਹ ਪਾਰਟੀ ਆਯੋਜਿਤ ਕਰਨ ਦਾ ਦਿਨ ਹੁੰਦਾ ਹੈ | ਦਿੱਲੀ ਵਿਚ ਤਾਂ ''ਬਿਸੇਲਜ਼'' ''ਚ ਬ੍ਰੇਕਫਾਸਟ ਕਰਨਾ ਇਕ ਤਰ੍ਹਾਂ ਦਾ ਰਿਵਾਜ ਹੀ ਬਣ ਚੁੱਕਾ ਹੈ | ਇਹ ਤੜਕੇ ਫੈਂਟੇ ਹੋਏ ਆਂਡਿਆਂ, ਬੇਕ ਕੀਤੀਆਂ ਫਲੀਆਂ ਅਤੇ ਹੈਮ (ਸੂਅਰ ਦਾ ਮਾਸ), ਸਟੋਲੇਨ ਅਤੇ ਕੜਕ ਕੌਫੀ ਨਾਲ ਸ਼ੁਰੂ ਹੁੰਦਾ ਹੈ |
ਫਿਰ ਗੱਪਸ਼ਪ ਤੇ ਦੋਸਤੀ ਗੂੜ੍ਹੀ ਕਰਨ ਲਈ ਹਮ-ਪਿਆਲਾ ਹੋਣ ਦਾ ਦੌਰ ਸ਼ੁਰੂ ਹੋ ਜਾਂਦਾ ਹੈ | ਜਿਹੜੇ ਲੋਕਾਂ ਨੂੰ ਤੁਸੀਂ ਸਾਲ ਭਰ ਨਹੀਂ ਮਿਲ ਸਕੇ ਹੁੰਦੇ, ਉਨ੍ਹਾਂ ਨਾਲੋਂ ਦੂਰੀਆਂ ਘਟਾਉਣ ਦਾ ਇਹ ਅਲੌਕਿਕ ਮੌਕਾ ਹੁੰਦਾ ਹੈ |
ਇੰਗਲੈਂਡ ਵਿਚ ਇਸ ਮੌਕੇ ਮਹਾਰਾਣੀ ਦਾ ਭਾਸ਼ਣ ਤਾਂ ਇਕ ਲਾਜ਼ਮੀ ਰਵਾਇਤ ਹੈ | ਇਹ ਸਿਰਫ 5 ਮਿੰਟਾਂ ਦਾ ਸੰਖੇਪ ਜਿਹਾ ਸਵਾਗਤੀ ਭਾਸ਼ਣ ਹੁੰਦਾ ਹੈ, ਜੋ ਸਾਰੇ ਟੀ. ਵੀ. ਚੈਨਲਾਂ ਵਲੋਂ ਪ੍ਰਸਾਰਿਤ ਕੀਤਾ ਜਾਂਦਾ ਹੈ ਪਰ ਕਦੇ-ਕਦੇ ਇਹ ਪ੍ਰਸਾਰਣ ਦੁਪਹਿਰ ਤੋਂ ਬਾਅਦ ਹੁੰਦਾ ਹੈ, ਜਦੋਂ ਲੋਕ ਵੱਖ-ਵੱਖ ਤਰ੍ਹਾਂ ਦੇ ਪਕਵਾਨ ਪੇਟ ਵਿਚ ਤੰੁਨ ਕੇ ਟੀ. ਵੀ. ਸਾਹਮਣੇ ਸੋਫੇ ''ਤੇ ਆਰਾਮ ਕਰ ਰਹੇ ਹੁੰਦੇ ਹਨ | ਕਿਸੇ ਨੂੰ ਬਾਅਦ ਵਿਚ ਇਹ ਚੇਤਾ ਵੀ ਨਹੀਂ ਹੁੰਦਾ ਕਿ ਮਹਾਰਾਣੀ ਨੇ ਕੀ ਕਿਹਾ ਸੀ?
ਇਹ ਭਾਸ਼ਣ ਹਰ ਸਾਲ ਲਗਭਗ ਇਕੋ ਜਿਹਾ ਹੁੰਦਾ ਹੈ | ਇਸ ਦੇ ਬਾਵਜੂਦ ਇਸ ਨੂੰ ਸੁਣਨਾ ਚੰਗਾ ਲਗਦਾ ਹੈ, ਹਾਲਾਂਕਿ ਬਾਅਦ ਵਿਚ ਬੇਸ਼ੱਕ ਤੁਸੀਂ ਮਹਾਰਾਣੀ ਦੇ ਉਚਾਰਣ ਦੀ ਨਕਲ ਕਰੋ ਜਾਂ ਉਨ੍ਹਾਂ ਦੇ ਹਾਵ-ਭਾਵ ਬਾਰੇ ਚੁਟਕਲੇਬਾਜ਼ੀ ਕਰੋ | ਈਮਾਨਦਾਰੀ ਨਾਲ ਕਹਿੰਦਾ ਹਾਂ ਕਿ ਇਹ ਵੀ ਇਕ ਤਰ੍ਹਾਂ ਨਾਲ ਲੋਕਾਂ ਦੇ ਉਨ੍ਹਾਂ ਪ੍ਰਤੀ ਪਿਆਰ ਦਾ ਪ੍ਰਗਟਾਵਾ ਹੈ |
ਬਰਤਾਨਵੀ ਲੋਕ ਇਸ ਹਕੀਕਤ ਨੂੰ ਸਮਝਦੇ ਹਨ ਪਰ ਜ਼ਰਾ ਭਾਰਤ ਵਿਚ ਇਸ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕਰਕੇ ਤਾਂ ਦੇਖੋ, ਤੁਹਾਨੂੰ ਪਤਾ ਲਗ ਜਾਵੇਗਾ ਕਿ ਸਾਡੇ ਸਿਆਸਤਦਾਨਾਂ ''ਚੋਂ ''ਸੈਂਸ ਆਫ ਹਿਊਮਰ'' ਨਾਂ ਦੀ ਚੀਜ਼ ਕਿਸ ਹੱਦ ਤਕ ਗਾਇਬ ਹੈ | ਬਰਤਾਨਵੀ ਲੋਕ ਜਿਸ ਚੀਜ਼ ਨੂੰ ''ਹਾਜ਼ਿਰ-ਜੁਆਬੀ'' ਮੰਨਦੇ ਹਨ, ਉਸ ਨੂੰ ਭਾਰਤ ਵਿਚ ਦੇਸ਼ ਵਿਰੋਧੀ ਸਮਝਿਆ ਜਾਂਦਾ ਹੈ | ਬਿ੍ਟਿਸ਼ ਕ੍ਰਿਸਮਸ ਸਿਨੇਮਾਘਰਾਂ ਜਾਂ ਟੀ. ਵੀ. ਸਾਹਮਣੇ ਖਤਮ ਹੁੰਦੀ ਹੈ ਅਤੇ ਸਾਲ ਦੇ ਇਸ ਮੌਕੇ ''ਤੇ ਦਰਸ਼ਕ ਗਿਣਤੀ ਦੀ ਰੇਟਿੰਗ ਬਹੁਤ ਜ਼ਿਆਦਾ ਹੁੰਦੀ ਹੈ | ਚੈਨਲਾਂ ਦਰਮਿਆਨ ਗਲਾਵੱਢ ਮੁਕਾਬਲੇਬਾਜ਼ੀ ਹੁੰਦੀ ਹੈ ਤੇ ਤੁਸੀਂ ਇਹ ਅਗਾਊਾ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਸਾਡੇ ਅੱਗੇ ਕੀ ਪੇਸ਼ ਕਰਨ ਜਾ ਰਹੇ ਹਨ ਪਰ ਕੀ ਤੁਸੀਂ ਦੀਵਾਲੀ ਵਾਲੀ ਰਾਤ ਨੂੰ ਟੀ. ਵੀ. ਦੇਖਣ ਦੀ ਕਲਪਨਾ ਕਰ ਸਕਦੇ ਹੋ?
ਬਿ੍ਟੇਨ ''ਚ ਕ੍ਰਿਸਮਸ ਅਜਿਹਾ ਮੌਕਾ ਹੁੰਦਾ ਹੈ, ਜਦੋਂ ਤੁਹਾਡੀ ਅੰਤਰ-ਆਤਮਾ ਝਿੰਜੋੜੀ ਜਾਂਦੀ ਹੈ | ਇਥੋਪੀਆਈ ਭੁੱਖਮਰੀ ਬਾਰੇ ਬੀ. ਬੀ. ਸੀ. ਦੀ ਇਕ ਰਿਪੋਰਟ ਦਾ ਪ੍ਰਸਾਰਣ ਕ੍ਰਿਸਮਸ ਤੋਂ ਐਨ ਪਹਿਲਾਂ ਹੋਇਆ ਸੀ ਤੇ ਇਸ ਵਿਚ ਬਿ੍ਟੇਨ ਦੇ ਲੋਕਾਂ ਨੂੰ ਇਸ ਸਮੱਸਿਆ ਦੀ ਭਿਆਨਕਤਾ ਦਾ ਅਹਿਸਾਸ ਕਰਵਾਇਆ ਸੀ ਤੇ ਉਨ੍ਹਾਂ ਨੇ ਮਹਿਸੂਸ ਕੀਤਾ ਸੀ ਕਿ ਜਦ ਦੁਨੀਆ ਵਿਚ ਬੱਚੇ ਭੁੱਖਮਰੀ ਨਾਲ ਮਰ ਰਹੇ ਹੋਣ ਤਾਂ ਉਨ੍ਹਾਂ ਦਾ ਸ਼ਾਨਦਾਰ ਦਾਅਵਤਾਂ ਉਡਾਉਣਾ ਕਿਥੋਂ ਤਕ ਜਾਇਜ਼ ਹੈ?
(karanthapar@itvindia.net)
