ਸਬ-ਡਵੀਜ਼ਨ ਮਹਿਲ ਕਲਾਂ ਨੂੰ ਆਪਣੀ ਇਮਾਰਤ ਦਾ ਇੰਤਜ਼ਾਰ, 13 ਸਾਲ ਬਾਅਦ ਵੀ ਸੁਪਨਾ ਅਧੂਰਾ
Sunday, Sep 28, 2025 - 04:37 PM (IST)

ਮਹਿਲ ਕਲਾਂ (ਹਮੀਦੀ) – ਜ਼ਿਲ੍ਹਾ ਬਰਨਾਲਾ ਅਧੀਨ ਆਉਣ ਵਾਲੇ ਸਬ ਡਵੀਜ਼ਨ ਮਹਿਲ ਕਲਾਂ ਨੂੰ ਬਣੇ 13 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਇਸ ਦੀ ਆਪਣੀ ਇਮਾਰਤ ਨਹੀਂ ਬਣ ਸਕੀ। ਨਤੀਜੇ ਵਜੋਂ, ਦਫ਼ਤਰਾਂ ਨੂੰ ਨਰੇਗਾ ਭਵਨ ਅਤੇ ਬੀ.ਡੀ.ਪੀ.ਓ. ਦਫ਼ਤਰ ਅੰਦਰ ਤੰਗ ਹਾਲਾਤਾਂ ਵਿੱਚ ਚਲਾਉਣਾ ਪੈ ਰਿਹਾ ਹੈ, ਜਿਸ ਕਾਰਨ ਐੱਸ.ਡੀ.ਐੱਮ., ਤਹਿਸੀਲਦਾਰ, ਨਾਇਬ ਤਹਿਸੀਲਦਾਰ ਤੇ ਹੋਰ ਸਟਾਫ ਤੋਂ ਇਲਾਵਾ ਕੰਮ ਕਰਾਉਣ ਆਉਣ ਵਾਲੇ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2012 ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਮਹਿਲ ਕਲਾਂ ਨੂੰ ਤਹਿਸੀਲ ਦਾ ਦਰਜਾ ਦਿੱਤਾ ਸੀ। ਬਾਅਦ ਵਿੱਚ 2022 ਵਿੱਚ ਕਾਂਗਰਸ ਸਰਕਾਰ ਨੇ ਇਸਨੂੰ ਸਬ ਡਿਵੀਜ਼ਨ ਵਜੋਂ ਅਪਗ੍ਰੇਡ ਕੀਤਾ। ਹਾਲਾਂਕਿ, ‘ਆਪ’ ਸਰਕਾਰ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਸਿਫਾਰਿਸ਼ ‘ਤੇ ਐੱਸ.ਡੀ.ਐੱਮ. ਅਤੇ ਹੋਰ ਸਟਾਫ ਦੀ ਨਿਯੁਕਤੀ ਤਾਂ ਹੋ ਗਈ, ਪਰ ਆਪਣੀ ਇਮਾਰਤ ਦੀ ਉਸਾਰੀ ਅਜੇ ਵੀ ਕਾਗਜ਼ਾਂ ਤੱਕ ਹੀ ਸੀਮਤ ਹੈ। ਇਸ ਵੇਲੇ ਸਬ ਤਹਿਸੀਲ ਦਾ ਦਫਤਰ ਨਰੇਗਾ ਭਵਨ ਵਿੱਚ ਤੇ ਐੱਸ.ਡੀ.ਐੱਮ. ਦਾ ਦਫਤਰ ਬੀ.ਡੀ.ਪੀ.ਓ. ਦੀ ਕੋਠੀ ਵਿਚ ਚੱਲ ਰਿਹਾ ਹੈ। ਸਟਾਫ ਲਈ ਬੈਠਣ ਅਤੇ ਰਿਕਾਰਡ ਸੰਭਾਲਣ ਲਈ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਕਾਰਜਕੁਸ਼ਲਤਾ ਪ੍ਰਭਾਵਿਤ ਹੋ ਰਹੀ ਹੈ। ਬੀਡੀਪੀਓ ਸੁਖਜਿੰਦਰ ਸਿੰਘ ਨੂੰ ਖੁਦ ਵੀ ਕਿਰਾਏ ਦੇ ਮਕਾਨ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਐਕਸ਼ਨ! ਇਨ੍ਹਾਂ ਅਫ਼ਸਰਾਂ ਨੂੰ ਕਰ'ਤਾ Suspend
ਜ਼ਿਕਰਯੋਗ ਹੈ ਕਿ ਪਿੰਡ ਗੰਗੋਹਰ ਦੀ ਪੰਚਾਇਤ ਵੱਲੋਂ ਲੁਧਿਆਣਾ–ਬਰਨਾਲਾ ਮੁੱਖ ਮਾਰਗ ‘ਤੇ ਸਥਿਤ ਬੰਦ ਟੋਲ ਪਲਾਜ਼ੇ ਦੇ ਨੇੜੇ ਢਾਈ ਏਕੜ ਜ਼ਮੀਨ ਸਬ ਡਿਵੀਜ਼ਨ ਮਹਿਲ ਕਲਾਂ ਦੀ ਇਮਾਰਤ ਬਣਾਉਣ ਲਈ ਜ਼ਿਲ੍ਹਾ ਮਾਲ ਵਿਭਾਗ ਨੂੰ ਦਿੱਤੀ ਜਾ ਚੁੱਕੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਣਤੀ ਕਰਕੇ ਨਕਸ਼ਾ ਵੀ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ, ਪਰ ਅਜੇ ਤੱਕ ਫੰਡ ਜਾਰੀ ਨਾ ਹੋਣ ਕਾਰਨ ਉਸਾਰੀ ਰੁਕੀ ਹੋਈ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਹਿਲ ਕਲਾਂ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ, ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਆੜਤੀਏ ਸਰਬਜੀਤ ਸਿੰਘ ਸਰਬੀ, ਜਿਲ੍ਹਾ ਮੀਤ ਪ੍ਰਧਾਨ ਉਜਾਗਰ ਸਿੰਘ ਦਿਓਲ ਛਾਪਾ, ਕਾਂਗਰਸ ਦੇ ਸੀਨੀਅਰ ਆਗੂ ਬੰਨੀ ਖਹਿਰਾ, ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਅਜੀਤ ਸਿੰਘ ਸੰਧੂ ਕੁਤਬਾ, ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ ਅਤੇ ਕਾਂਗਰਸ ਦੇ ਹਲਕਾ ਧੂਰੀ ਤੋਂ ਕੋਆਰਡੀਨੇਟਰ ਗੁਰਮੇਲ ਸਿੰਘ ਮੌੜ, ਆਦਿ ਨੇ ਸਾਂਝੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਫੰਡ ਜਾਰੀ ਕਰਕੇ ਇਮਾਰਤ ਦੀ ਉਸਾਰੀ ਸ਼ੁਰੂ ਕਰਨੀ ਚਾਹੀਦੀ ਹੈ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਪੀਲ ਕੀਤੀ ਕਿ ਸਬ ਡਿਵੀਜ਼ਨ ਮਹਿਲ ਕਲਾਂ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਜਲਦ ਕਾਰਵਾਈ ਕੀਤੀ ਜਾਵੇ। ਇਮਾਰਤ ਬਣਨ ਨਾਲ ਸਾਰੇ ਦਫ਼ਤਰ ਇਕੋ ਕੰਪਲੈਕਸ ਵਿੱਚ ਹੋ ਜਾਣਗੇ ਅਤੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਇਕੱਠੇ ਤੇ ਆਸਾਨ ਤਰੀਕੇ ਨਾਲ ਮਿਲਣਗੀਆਂ। ਡਿਵੀਜ਼ਨ ਦੇ ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ ਕਿ ਜ਼ਮੀਨ ਪਹਿਲਾਂ ਹੀ ਮਾਲ ਵਿਭਾਗ ਦੇ ਨਾਂ ਤਬਦੀਲ ਕੀਤੀ ਜਾ ਚੁੱਕੀ ਹੈ ਤੇ ਨਕਸ਼ਾ ਸਰਕਾਰ ਕੋਲ ਪਹੁੰਚ ਚੁੱਕਾ ਹੈ। ਹੁਣ ਸਿਰਫ਼ ਫੰਡ ਜਾਰੀ ਹੋਣ ਦੀ ਦੇਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8