ਭਵਾਨੀਗੜ੍ਹ ਇਲਾਕੇ ''ਚ ਲੁੱਟਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਮੁਲਜ਼ਮ ਕਾਬੂ
Thursday, Sep 25, 2025 - 02:15 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਐੱਸ.ਐੱਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਭਵਾਨੀਗੜ੍ਹ ਅਧੀਨ ਖੇਤਰ 'ਚ ਲੁੱਟਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮੁਕੱਦਮਾ ਟਰੇਸ ਕਰਕੇ ਲੁੱਟ ਕੀਤੇ 1,69,500 ਰੁਪਏ,1 ਮੋਟਰਸਾਇਕਲ, 36.25 ਗ੍ਰਾਮ ਹੈਰੋਇਨ ਅਤੇ ਲੁੱਟ ਕੀਤੀ ਰਕਮ ਵਿਚੋਂ ਖਰੀਦ ਕੀਤਾ ਆਈਫੋਨ ਪਰੋ ਬਰਾਮਦ ਕਰਕੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।
ਇਸ ਸਬੰਧੀ ਚਾਹਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 1 ਸਤੰਬਰ ਦੀ ਰਾਤ ਨੂੰ 3 ਅਣਪਛਾਤੀ ਡਾ. ਵਿਕਰਮਪਾਲ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਕੁਆਟਰ ਨੰ:1 ਸਿਵਲ ਹਸਪਤਾਲ ਭਵਾਨੀਗੜ੍ਹ ਦੇ ਘਰੋਂ ਲੁੱਟ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਭੱਜ ਗਏ ਸਨ। ਜਿਸ ਸਬੰਧੀ ਪੁਲਸ ਨੇ ਥਾਣਾ ਭਵਾਨੀਗੜ੍ਹ ਵਿਖੇ ਨਾਮਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਐੱਸ.ਪੀ (ਇਨਵੈਸਟੀਗੇਸ਼ਨ) ਸੰਗਰੂਰ ਦਵਿੰਦਰ ਅੱਤਰੀ ਦੀ ਅਗਵਾਈ ਹੇਠ ਦਲਜੀਤ ਸਿੰਘ ਵਿਰਕ, ਐੱਸ.ਪੀ (ਡਿਟੈਕਟਿਵ) ਸੰਗਰੂਰ, ਰਾਹੁਲ ਕੌਸ਼ਲ ਡੀਐੱਸਪੀ ਸਬ ਡਵੀਜਨ ਭਵਾਨੀਗੜ੍ਹ, ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਤੇ ਥਾਣੇਦਾਰ ਅਵਤਾਰ ਸਿੰਘ ਮੁੱਖ ਅਫਸਰ ਥਾਣਾ ਭਵਾਨੀਗੜ੍ਹ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ ਮੁਕੱਦਮਾ ਟਰੇਸ ਕਰਕੇ 5 ਸਤੰਬਰ ਨੂੰ ਮੁਲਜ਼ਮ ਧਰਮਪ੍ਰੀਤ ਸਿੰਘ ਵਾਸੀ ਕਾਕੂਵਾਲਾ ਅਲਤੇ ਕੁਲਵਿੰਦਰ ਸਿੰਘ ਵਾਸੀ ਦੀਵਾਨਗੜ੍ਹ ਕੈਂਪਰ ਥਾਣਾ ਦਿੜਬਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 1,69,500 ਰੁਪਏ ਨਗਦ, ਲੁੱਟ ਕੀਤੀ ਰਕਮ ਵਿਚੋਂ ਖਰੀਦ ਕੀਤਾ ਆਈ ਫੋਨ ਪਰੋ, ਵਾਰਦਾਤ ਸਮੇਂ ਵਰਤੇ ਹਥਿਆਰ ਤੇ ਸਪਲੈਂਡਰ ਮੋਟਰਸਾਇਕਲ ਅਤੇ 36.25 ਗ੍ਰਾਮ ਹੈਰੋਇਨ ਬਰਾਮਦ ਕਰਵਾਈ ਗਈ ਤੇ ਮੁਕੱਦਮਾ ਵਿਚ ਜੁਰਮ ਦਾ ਵਾਧਾ ਕੀਤਾ ਗਿਆ। ਪੁਲਸ ਨੇ ਮਾਮਲੇ ਵਿਚ ਤੀਜੇ ਮੁਲਜ਼ਮ ਜਗਜੀਤ ਸਿੰਘ ਉਰਫ ਜੱਗੀ ਵਾਸੀ ਕਾਕੂਵਾਲਾ ਨੂੰ ਵੀ ਗ੍ਰਿਫਤਾਰ ਕੀਤਾ। ਪੁਲਸ ਅਨੁਸਾਰ ਮੁਕੱਦਮਾ ਦੀ ਤਫਤੀਸ਼ ਜਾਰੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।