ਦਰਿਆ ਨੇੜਿਓਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼, ਕਤਲ ਦਾ ਸ਼ੱਕ

Tuesday, Jan 14, 2025 - 04:19 PM (IST)

ਦਰਿਆ ਨੇੜਿਓਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼, ਕਤਲ ਦਾ ਸ਼ੱਕ

ਫਿਰੋਜ਼ਪੁਰ (ਮਲਹੋਤਰਾ) : ਬੀ. ਡੀ. ਪੀ. ਓ. ਦਫ਼ਤਰ 'ਚ ਮਨਰੇਗਾ ਸਕੀਮ ਅਧੀਨ ਭਰਤੀ ਗ੍ਰਾਮ ਸੇਵਕ ਦੀ ਲਾਸ਼ ਸਤਲੁਜ ਦਰਿਆ ਕਿਨਾਰੇ ਮਿਲੀ ਹੈ। ਉਕਤ ਨੌਜਵਾਨ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਸੀ। ਥਾਣਾ ਸਦਰ ਦੇ ਐੱਸ. ਆਈ. ਤਰਸੇਮ ਸ਼ਰਮਾ ਨੇ ਦੱਸਿਆ ਕਿ ਮਨੀਸ਼ ਕੁਮਾਰ ਵਾਸੀ ਭਗਤ ਸਿੰਘ ਕਾਲੋਨੀ ਨੇ ਬਿਆਨ ਦਿੱਤੇ ਸਨ ਕਿ ਉਸਦਾ ਚਚੇਰਾ ਭਰਾ ਪ੍ਰਦੀਪ ਕੁਮਾਰ ਬੀ. ਡੀ. ਪੀ. ਓ. ਦਫ਼ਤਰ 'ਚ ਗ੍ਰਾਮ ਸੇਵਕ ਲੱਗਾ ਹੋਇਆ ਹੈ। 10 ਜਨਵਰੀ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਘਰੋਂ ਮੋਟਰਸਾਈਕਲ ਲੈ ਕੇ ਡਿਊਟੀ 'ਤੇ ਗਿਆ ਪਰ ਦੇਰ ਰਾਤ ਤੱਕ ਵਾਪਸ ਨਹੀਂ ਪਰਤਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਪ੍ਰਦੀਪ ਕੁਮਾਰ ਦੀ ਕਾਫੀ ਭਾਲ ਕੀਤੀ।

11 ਜਨਵਰੀ ਨੂੰ ਉਸ ਨੂੰ ਪਤਾ ਲੱਗਾ ਕਿ ਥਾਣਾ ਸਦਰ ਪੁਲਸ ਨੂੰ ਪਿੰਡ ਅਲੀਕੇ ਦੇ ਬੰਨ੍ਹ ਦੇ ਕੋਲ ਕਿਸੇ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਨੂੰ ਪਛਾਣ ਦੇ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਉਸ ਨੇ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉਕਤ ਲਾਸ਼ ਉਸਦੇ ਲਾਪਤਾ ਚਚੇਰੇ ਭਰਾ ਦੀ ਸੀ। ਉਸ ਨੇ ਸ਼ੱਕ ਜਤਾਇਆ ਕਿ ਪ੍ਰਦੀਪ ਕੁਮਾਰ ਦਾ ਕਿਸੇ ਅਣਪਛਾਤੇ ਦੋਸ਼ੀਆਂ ਨੇ ਕਤਲ ਕਰਕੇ ਲਾਸ਼ ਦਰਿਆ ਕਿਨਾਰੇ ਸੁੱਟ ਦਿੱਤੀ ਹੈ। ਐੱਸ. ਆਈ. ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ।


author

Babita

Content Editor

Related News