ਸਹੁਰੇ ਘਰ ਰਹਿੰਦੇ ਨੌਜਵਾਨ ਨੇ ਸ਼ੱਕੀ ਹਾਲਾਤ ''ਚ ਲਿਆ ਫਾਹਾ

02/23/2021 11:32:52 AM

ਸਮਾਣਾ (ਦਰਦ, ਅਸ਼ੋਕ) : ਸਦਰ ਥਾਣੇ ਅਧੀਨ ਪੈਂਦੇ ਪਿੰਡ ਮਰੋੜੀ 'ਚ ਸਹੁਰੇ ਪਿੰਡ ਰਹਿੰਦੇ 30 ਸਾਲਾ ਨੌਜਵਾਨ ਵੱਲੋਂ ਸ਼ੱਕੀ ਹਾਲਾਤ 'ਚ ਫਾਹਾ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਪਹੁੰਚੇ ਮ੍ਰਿਤਕ ਗੁਰਚਰਨ ਸਿੰਘ ਵਾਸੀ ਪਿੰਡ ਭੂਤਗੜ੍ਹ ਹਾਲ ਆਬਾਦ ਪਿੰਡ ਮਰੋੜੀ ਦੇ ਭਰਾ ਜਸਵੀਰ ਸਿੰਘ ਨੇ ਦੱਸਿਆ ਕਿ 10 ਸਾਲ ਪਹਿਲਾਂ ਉਸ ਦੇ ਭਰਾ ਦਾ ਵਿਆਹ ਪਿੰਡ ਮਰੋੜੀ ਵਾਸੀ ਸਰਬਜੀਤ ਕੌਰ ਨਾਲ ਹੋਇਆ ਸੀ।

ਚਾਲ-ਚੱਲਣ ਪ੍ਰਤੀ ਸ਼ੱਕ ਹੋਣ ਕਾਰਨ ਉਨ੍ਹਾਂ ਦਾ ਆਪਸ 'ਚ ਝਗੜਾ ਰਹਿੰਦਾ ਸੀ। ਇਸ ਦੌਰਾਨ 3-4 ਸਾਲ ਪਹਿਲਾਂ ਉਸ ਦੀ ਭਰਜਾਈ ਸਰਬਜੀਤ ਕੌਰ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਪੇਕੇ ਪਿੰਡ ਮਰੋੜੀ ਆ ਕੇ ਰਹਿਣ ਲੱਗੀ। ਕਰੀਬ 4 ਮਹੀਨੇ ਪਹਿਲਾਂ ਹੀ ਉਸ ਦਾ ਭਰਾ ਵੀ ਪਤਨੀ ਅਤੇ ਬੱਚਿਆਂ ਨਾਲ ਸਹੁਰੇ ਘਰ ਪਿੰਡ ਮਰੋੜੀ ਆ ਕੇ ਰਹਿਣ ਲੱਗਾ। ਐਤਵਾਰ ਸਵੇਰੇ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਭਰਾ ਗੁਰਚਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪਰਿਵਾਰ ਸਣੇ ਪਿੰਡ ਮਰੋੜੀ ਪਹੁੰਚਣ 'ਤੇ ਉਸ ਨੇ ਆਪਣੇ ਭਰਾ ਗੁਰਚਰਨ ਸਿੰਘ ਦੇ ਗਲੇ 'ਤੇ ਰੱਸੀ ਦੇ ਨਿਸ਼ਾਨ ਪਾਏ ਜਾਣ 'ਤੇ ਸ਼ੱਕ ਤਹਿਤ ਆਪਣੀ ਭਰਜਾਈ ਤੋਂ ਪੁੱਛਗਿੱਛ ਕੀਤੀ।

ਉਸ ਨੇ ਗੁਰਚਰਨ ਸਿੰਘ ਵੱਲੋਂ ਘਰ ਦੇ ਅੰਦਰ ਲੱਗੇ ਨਿੰਮ ਦੇ ਦਰੱਖਤ ਨਾਲ ਫਾਹਾ ਲਾਉਣ ਦੀ ਗੱਲ ਆਖੀ। ਇਸ ਤੋਂ ਬਾਅਦ ਆਪਣੇ ਭਰਾ ਦਾ ਕਤਲ ਕੀਤੇ ਜਾਣ ਦਾ ਸ਼ੱਕ ਹੋਣ 'ਤੇ ਸਦਰ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਜਾਂਚ ਅਧਿਕਾਰੀ ਮਵੀਕਲਾਂ ਪੁਲਸ ਚੌਂਕੀ ਇੰਚਾਰਜ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਾ. ਹਰਪ੍ਰੀਤ ਸਿੰਘ, ਡਾ. ਰਮਨਦੀਪ ਸਣੇ 3 ਡਾਕਟਰਾਂ ਦਾ ਪੈਨਲ ਬਣਾ ਕੇ ਮ੍ਰਿਤਕ ਦਾ ਪੋਸਟਮਾਰਟ ਕਰਵਾ ਕੇ ਉਸ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ।
 


Babita

Content Editor

Related News