ਨਿਊ ਇੰਦਰਾ ਕਾਲੋਨੀ ''ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Saturday, Mar 14, 2026 - 12:36 PM (IST)

ਨਿਊ ਇੰਦਰਾ ਕਾਲੋਨੀ ''ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ (ਪ੍ਰੀਕਸ਼ਿਤ) : ਮਨੀਮਾਜਰਾ ਦੀ ਨਿਊ ਇੰਦਰਾ ਕਾਲੋਨੀ 'ਚ ਨੌਜਵਾਨ ਨੇ ਘਰ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 26 ਸਾਲਾ ਮੋਨੂੰ ਵਜੋਂ ਹੋਈ ਹੈ। ਉਸਦੀ ਪਤਨੀ ਅਤੇ ਪੂਰਾ ਪਰਿਵਾਰ ਉੱਤਰ ਪ੍ਰਦੇਸ਼ 'ਚ ਹੀ ਰਹਿੰਦਾ ਹੈ। ਮ੍ਰਿਤਕ ਮੋਨੂੰ ਚੰਡੀਗੜ੍ਹ ਦੇ ਆਈ. ਟੀ. ਪਾਰਕ 'ਚ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ ਅਤੇ ਇੰਦਰਾ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਇਹ ਘਟਨਾ ਸ਼ੁੱਕਰਵਾਰ ਦੁਪਹਿਰ ਨੂੰ ਉਸ ਸਮੇਂ ਸਾਹਮਣੇ ਆਈ, ਜਦੋਂ ਦਫ਼ਤਰ ਡਿਊਟੀ ’ਤੇ ਨਾ ਆਉਣ ਤੋਂ ਕੰਪਨੀ ਦੇ ਦੋ ਕਰਮਚਾਰੀ ਉਸਦਾ ਹਾਲ-ਚਾਲ ਪੁੱਛਣ ਲਈ ਉਸਦੇ ਘਰ ਗਏ।

ਜਦੋਂ ਵਾਰ-ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਮੋਨੂੰ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਮਕਾਨ ਮਾਲਕ ਨੇ ਪੁਲਸ ਹੈਲਪਲਾਈਨ 112 ’ਤੇ ਫ਼ੋਨ ਕੀਤਾ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਈ। ਅੰਦਰ ਜਾਣ ’ਤੇ ਉਨ੍ਹਾਂ ਨੇ ਮੋਨੂੰ ਨੂੰ ਕੰਧ ਨਾਲ ਬੈਠਾ ਪਾਇਆ ਅਤੇ ਗਲੇ 'ਚ ਤਾਰ ਲਿਪਟੀ ਹੋਈ ਸੀ। ਪੁਲਸ ਨੇ ਉਸਨੂੰ ਤੁਰੰਤ ਸੈਕਟਰ-16 ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
 


author

Babita

Content Editor

Related News