ਖੁਦ ਨੂੰ ਯੂਥ ਕਾਂਗਰਸ ਦਾ ਸਕੱਤਰ ਦੱਸਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

Thursday, Feb 15, 2018 - 07:00 PM (IST)

ਗੁਰਦਾਸਪੁਰ (ਵਿਨੋਦ) : ਸਿਟੀ ਪੁਲਸ ਗੁਰਦਾਸਪੁਰ ਨੇ ਇਕ ਅਜਿਹੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਖੁਦ ਨੂੰ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਕਮੇਟੀ ਦਾ ਸਕੱਤਰ ਦੱਸ ਕੇ ਗੰਨਮੇਨ ਲੈਣ ਦੀ ਮੰਗ ਕਰ ਰਿਹਾ ਸੀ ਅਤੇ ਇਸ ਚੱਕਰ ਵਿਚ ਡੀ.ਐੱਸ.ਪੀ ਗੁਰਬੰਸ ਸਿੰਘ ਬੈਂਸ ਦੇ ਰੀਡਰ ਨਾਲ ਹੱਥੋ-ਪਾਈ 'ਤੇ ਉਤਰ ਆਇਆ ਅਤੇ ਵਰਦੀ ਤੱਕ ਪਾੜ ਦਿੱਤੀ।
ਇਸ ਸੰਬੰਧੀ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਨਿਵਾਸੀ ਪਿੰਡ ਕੈਲੇਕਲਾਂ ਨਾਮਕ ਨੌਜਵਾਨ ਡੀ.ਐੱਸ.ਪੀ ਗੁਰਬੰਸ ਸਿੰਘ ਬੈਂਸ ਦੇ ਦਫ਼ਤਰ ਪਹੁੰਚਿਆ ਅਤੇ ਉਥੇ ਡੀ.ਐੱਸ.ਪੀ ਦੇ ਰੀਡਰ ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੂੰ ਕਹਿਣ ਲੱਗਾ ਕਿ ਮੈਂ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦਾ ਸਕੱਤਰ ਹਾਂ। ਮੈਂ ਏ.ਡੀ.ਜੀ.ਪੀ ਸੁਰੱਖਿਆ ਪੰਜਾਬ ਨੂੰ ਗੰਨਮੈਨ ਦੇਣ ਲਈ ਅਪਲਾਈ ਕੀਤੀ ਸੀ। ਜਿਸ ਸੰਬੰਧੀ ਘੁੰਮਣਕਲਾਂ ਪੁਲਸ ਸਟੇਸ਼ਨ ਤੋਂ ਉਹ ਪੱਤਰ ਜਾਂਚ ਲਈ ਤੁਹਾਡੇ ਕੋਲ ਆ ਚੁੱਕਿਆ ਹੈ, ਜਿਸ 'ਤੇ ਰੀਡਰ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਗਜ਼ ਵਿਭਾਗ ਦਾ ਅੰਦਰੂਨੀ ਮਾਮਲਾ ਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਕਾਗਜ਼ ਅਸੀਂ ਕਿਸੇ ਨੂੰ ਦਿਖਾ ਨਹੀਂ ਸਕਦੇ। ਜਦੋਂ ਤੁਹਾਨੂੰ ਇਹ ਕਾਗਜ਼ ਵੇਖਣਾ ਹੋਵੇ ਤਾਂ ਡੀ.ਐੱਸ.ਪੀ ਸਾਹਿਬ ਦਾ ਇੰਤਜ਼ਾਰ ਕਰ ਲਵੋ, ਜਿਸ 'ਤੇ ਉਕਤ ਲਖਵਿੰਦਰ ਸਿੰਘ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਨਾਲ ਹੱਥੋ-ਪਾਈ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਵਰਦੀ ਤੱਕ ਪਾੜ ਦਿੱਤੀ।
ਇਸ ਸੰਬੰਧੀ ਜਸਵਿੰਦਰ ਸਿੰਘ ਵਲੋਂ ਸਿਟੀ ਪੁਲਸ ਸਟੇਸ਼ਨ ਨੂੰ ਸੂਚਿਤ ਕਰਨ 'ਤੇ ਉਹ ਮੌਕੇ 'ਤੇ ਪਹੁੰਚੇ ਅਤੇ ਉਕਤ ਦੋਸ਼ੀ ਨੂੰ ਫੜ ਲਿਆ। ਉਕਤ ਵਿਰੁੱਧ ਧਾਰਾ 353, 186 ਅਧੀਨ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੀ ਇਹ ਅਸਲ ਵਿਚ ਕਾਂਗਰਸ ਦਾ ਆਹੁਦੇਦਾਰ ਹੈ ਜਾਂ ਝੂਠ ਬੋਲ ਰਿਹਾ ਹੈ।


Related News