ਵਿਵਾਦ ਨੂੰ ਸੁਲਝਾਉਣ ਲਈ ਮੰਗੀ ਸੀ ਰਿਸ਼ਵਤ, ਆਬਕਾਰੀ ਵਿਭਾਗ ਦਾ ਸੇਵਾਦਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

Wednesday, Oct 30, 2024 - 02:50 AM (IST)

ਵਿਵਾਦ ਨੂੰ ਸੁਲਝਾਉਣ ਲਈ ਮੰਗੀ ਸੀ ਰਿਸ਼ਵਤ, ਆਬਕਾਰੀ ਵਿਭਾਗ ਦਾ ਸੇਵਾਦਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਕਪੂਰਥਲਾ (ਮਹਾਜਨ)- ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਕੇਸ ’ਚ ਆਬਕਾਰੀ ਤੇ ਕਰ ਵਿਭਾਗ ਦੇ ਇੰਸਪੈਕਟਰ ਜਤਿੰਦਰਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਸੇ ਕੇਸ ’ਚ ਆਬਕਾਰੀ ਤੇ ਕਰ ਵਿਭਾਗ ਕਪੂਰਥਲਾ ਵਿਖੇ ਸੇਵਾਦਾਰ (ਹੁਣ ਕਲਰਕ) ਵਜੋਂ ਤਾਇਨਾਤ ਸਹਿ ਮੁਲਜ਼ਮ ਸੰਜੀਵ ਮਲਹੋਤਰਾ ਨੂੰ 10,000 ਰੁਪਏ ਰਿਸ਼ਵਤ ਲੈਣ ਅਤੇ ਹੋਰ 20,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ਼ ਇਹ ਕੇਸ ਮੁਹੱਲਾ ਕਿਆਮਪੁਰਾ, ਕਪੂਰਥਲਾ ਦੇ ਵਸਨੀਕ ਨੀਰਜ ਸ਼ਰਮਾ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਕਪੂਰਥਲਾ ਸ਼ਹਿਰ ਦੇ ਕਿਆਮਪੁਰਾ ਵਿਖੇ ਇਲੈਕਟ੍ਰਾਨਿਕ ਦੀ ਦੁਕਾਨ ਚਲਾ ਰਿਹਾ ਹੈ ਅਤੇ ਉਸਨੇ ਅਪ੍ਰੈਲ 2024 ਵਿਚ ਕਿਸੇ ਗ੍ਰਾਹਕ ਨੂੰ ਕੂਲਰ ਵੇਚਿਆ ਸੀ, ਜਿਸ ਸਬੰਧੀ ਗ੍ਰਾਹਕ ਨਾਲ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਉਕਤ ਦੋਵੇਂ ਮੁਲਜ਼ਮ ਇਸ ਮਾਮਲੇ ਵਿਚ ਦਖ਼ਲ ਦੇ ਰਹੇ ਸਨ।

ਇਹ ਵੀ ਪੜ੍ਹੋ- ਕਾਰ 'ਚ ਜਾ ਰਹੇ ਨੌਜਵਾਨਾਂ ਨਾਲ ਰਸਤੇ 'ਚ ਵਾਪਰ ਗਿਆ ਭਾਣਾ, ਦੋਵਾਂ ਦੀ ਹੋ ਗਈ ਦਰਦਨਾਕ ਮੌਤ

PunjabKesari

ਇਹ ਵੀ ਪੜ੍ਹੋ- ਟਰੈਕਟਰ 'ਤੇ ਲੱਗੇ ਗਾਣੇ ਪਿੱਛੇ ਹੋ ਗਈ ਖ਼ੂ.ਨੀ ਝੜ.ਪ, ਗੱਡੀ ਥੱਲੇ ਦੇ ਕੇ ਮਾ.ਰ'ਤਾ ਮਾਪਿਆਂ ਦਾ ਇਕਲੌਤਾ ਪੁੱਤ

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਨੇ ਉਸ ਨੂੰ ਫ਼ੋਨ ਕਰਕੇ ਆਪਣੇ ਲੇਖਾਕਾਰ ਨਾਲ ਉਨ੍ਹਾਂ ਦੇ ਦਫ਼ਤਰ ਆਉਣ ਲਈ ਕਿਹਾ, ਜਿੱਥੇ ਉਨ੍ਹਾਂ ਨੇ ਬਿੱਲ ਵਿੱਚ ਬੇਨਿਯਮੀਆਂ ਦੇ ਨਿਪਟਾਰੇ ਲਈ ਉਸ ਤੋਂ 45,000 ਰੁਪਏ ਰਿਸ਼ਵਤ ਮੰਗੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਕਲਰਕ ਸੰਜੀਵ ਮਲਹੋਤਰਾ ਨੇ ਵਟਸਐਪ ਕਾਲ ’ਤੇ ਇਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਸੌਦਾ 30 ਹਜ਼ਾਰ ਰੁਪਏ ’ਚ ਤੈਅ ਹੋ ਗਿਆ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਨੇ ਅਗਲੇ ਦਿਨ ਹੀ ਉਸ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 10,000 ਰੁਪਏ ਲੈ ਲਏ, ਜਿਸ ਤੋਂ ਬਾਅਦ ਉਹ ਬਾਕੀ ਰਹਿੰਦੀ 20,000 ਰੁਪਏ ਰਿਸ਼ਵਤ ਦੀ ਲਗਾਤਾਰ ਮੰਗ ਕਰ ਰਹੇ ਸਨ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਉਕਤ ਮੁਲਜ਼ਮ ਨਾਲ ਫੋਨ ’ਤੇ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ, ਜੋ ਉਸ ਨੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ’ਚ ਸ਼ਿਕਾਇਤਕਰਤਾ ਵੱਲੋਂ ਦਿੱਤੇ ਗਏ ਬਿਆਨ ਅਤੇ ਪੇਸ਼ ਕੀਤੀ ਗਈ ਕਾਲ ਰਿਕਾਰਡਿੰਗ ਤੋਂ ਬਾਅਦ ਸ਼ਿਕਾਇਤ ਦੀ ਪੜਤਾਲ ਦੌਰਾਨ ਸਾਰੇ ਦੋਸ਼ ਸਹੀ ਪਾਏ ਗਏ। ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਰਿਪੋਰਟ ਦੇ ਆਧਾਰ ’ਤੇ ਉਕਤ ਦੋਵੇਂ ਮੁਲਜ਼ਮਾਂ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ ਧਾਰਾ 384, 120-ਬੀ ਤਹਿਤ ਐੱਫ.ਆਈ.ਆਰ. ਨੰਬਰ 17 ਮਿਤੀ 14.8.2024 ਅਧੀਨ ਕੇਸ ਦਰਜ ਕੀਤਾ ਹੋਇਆ ਹੈ।

ਦੱਸਣਯੋਗ ਹੈ ਕਿ ਇਸ ਮੁਕੱਦਮੇ ’ਚ ਮੁੱਖ ਮੁਲਜ਼ਮ ਇੰਸਪੈਕਟਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਕੀਤਾ ਸੀ, ਜਿਸ ਦੀ ਜ਼ਮਾਨਤ ਹੋ ਚੁੱਕੀ ਹੈ, ਜਦਕਿ ਸਹਿ-ਮੁਲਜ਼ਮ ਕਲਰਕ ਸੰਜੀਵ ਮਲਹੋਤਰਾ ਪਿਛਲੇ ਦੋ ਮਹੀਨਿਆਂ ਤੋਂ ਆਪਣੀ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਸਮਰੱਥ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- AGTF ਤੇ UP ਪੁਲਸ ਦਾ ਸਾਂਝਾ ਆਪਰੇਸ਼ਨ, ਪੰਜਾਬ 'ਚ ਸਨਸਨੀਖੇਜ਼ ਕਤਲ ਮਾਮਲਿਆਂ 'ਚ Wanted ਸ਼ੂਟਰ ਕੀਤੇ ਕਾਬੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News